ਪੋਸਟ ਮੈਟਰਿਕ ਸਕਾਲਰਸ਼ਿਪ ਦੀ ਵਿਜੀਲੈਂਸ ਜਾਣ: ਪੁੱਕਾ ਨੇ ਦੱਸਿਆ ਪੈਸਾ ਜਾਰੀ ਨਾ ਕਰਨ ਦਾ ਬਹਾਨਾ
5 Dariya News
ਐਸ.ਏ.ਐਸ. ਨਗਰ (ਮੁਹਾਲੀ) 16-Mar-2016
ਪੰਜਾਬ ਸਰਕਾਰ ਵਲੋਂ ਐਸਸੀ ਐਸਟੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟਰਿਕ ਸਕਾਲਰਸ਼ਿਪ ਵਿਚ ਧਾਂਦਲੀ ਦੇ ਸ਼ੱਕ ਹੇਠ ਬਿਠਾਈ ਗਈ ਵਿਜੀਲੈਂਸ ਜਾਂਚ ਦੀ ਟਾਇਮਿੰਗ ਤੇ ਸਵਾਲ ਚੁੱਕਦਿਆਂ ਪੰਜਾਬ ਅਨਏਡਿਡ ਕਾਲਜਿਸ ਐਸੋਸੀਏਸ਼ਨ ਪੁੱਕਾ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸਕਾਲਰਸ਼ਿਪ ਲਈ ਜਾਰੀ ਹੋਣ ਵਾਲੀ ਰਾਸ਼ੀ ਨੂੰ ਹੋਰ ਲਟਕਾਇਆ ਜਾ ਸਕੇ।ਪੁੱਕਾ ਦੇ ਪ੍ਰਧਾਨ ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਇਸ ਸਬੰਧੀ ਚਾਰ ਅਲੱਗ ਅਲੱਗ ਤਰੀਕੇ ਨਾਲ ਜਾਂਚ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਪੁੱਕਾ ਕਿਸੇ ਵੀ ਕਾਲਜ ਦੀ ਜਾਂਚ ਲਈ ਤਿਆਰ ਹੈ। ਪ੍ਰੰਤੂ ਜੇਕਰ ਕਿਸੇ ਕਾਲਜ ਵਿਚ ਕੋਈ ਗੜਬੜੀ ਨਹੀ ਪਾਈ ਜਾਂਦੀ ਤਾਂ ਉਸਦੀ ਸਕਾਲਰਸ਼ਿਪ ਰਾਸ਼ੀ ਜਾਰੀ ਕਰ ਦਿੱਤੀ ਜਾਵੇ।ਪੁੱਕਾ ਦੇ ਵਿੱਤ ਸਕੱਤਰ ਮਨਮੋਹਨ ਗਰਗ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸ਼ੱਕ ਦੇ ਘੇਰੇ ਵਿਚ ਆਏ ਕਾਲਜਾਂ ਦੀ ਸੰਖਿਆ ਗਿਣਤੀ ਦੀ ਹੀ ਹੈ ਜਦਕਿ ਇਸ ਦਾ ਖਾਮਿਆਜਾ ਪੰਜਾਬ ਦੇ ਬਾਕੀ ਕਾਲਜਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਮਹਿਜ਼ 30-50 ਕਰੋੜ ਰੁਪਏ ਲਈ ਸਕਾਲਰਸ਼ਿਪ ਦਾ 500 ਤੋਂ 550 ਕਰੋੜ ਰੁਪਇਆ ਜਾਰੀ ਨਾ ਕਰਨਾ ਨਾਇਨਸਾਫੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕਈ ਕਾਲਜ 'ਨਾਨ ਪਰਫਾਮਿੰਗ ਅਸੈਟ' (ਐਨਪੀਏ )ਬੈਕਾਂ ਦੁਆਰਾ ਘੋਸ਼ਿਤ ਕੀਤੇ ਜਾ ਚੁੱਕੇ ਹਨ ਕਿਉਂਜੋ ਸਰਕਾਰ ਨੇ ਸਾਲ 2015-16 ਲਈ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਹੀ ਕੀਤੀ। ਜੇਕਰ ਇੱਦਾ ਹੀ ਚਲਦਾ ਰਿਹਾ ਤਾਂ ਹੋਰ ਵੀ ਕਈ ਜਲਦੀ ਹੈ ਕਾਲਜ 'ਐਨਪੀਏ' ਘੋਸ਼ਿਤ ਹੋ ਜਾਣਗੇ।
ਡਾ: ਅੰਸ਼ੂ ਕਟਾਰੀਆ ਨੇ ਕਿਹਾ ਕਿ ਇਕ ਪਾਸੇ ਸਰਕਾਰ ਨੇ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਹੀ ਕਰ ਰਹੀ ਅਤੇ ਦੂਜੇ ਪਾਸੇ ਰਾਜ ਵਿਚਲੀਆਂ ਯੂਨਿਵਰਸਿਟੀਆਂ ਜਿਨ੍ਹਾਂ ਵਿਚ ਆਈਕੇਜੀ –ਪੀਟੀਊ ਜਲੰਧਰ ਅਤੇ ਐਮ ਆਰ ਐਸ ਬਠਿੰਡਾ ਕਾਲਜਾਂ ਤੇ ਪੈਸਾ ਜਮ੍ਹਾਂ ਕਰਵਾਉਂਣ ਲਈ ਦਬਾਅ ਪਾ ਰਹੇ ਹਨ।ਮਨਮੋਹਨ ਗਰਗ ਨੇ ਕਿਹਾ ਕਿ ਜੇਕਰ ਸਰਕਾਰ ਜਲਦੀ ਤੋਂ ਜਲਦੀ ਸ਼ਕਾਲਰਸ਼ਿਪ ਦੀ ਰਾਸ਼ੀ ਜਾਰੀ ਨਹੀ ਕਰਦੀ ਤਾਂ ਮਜਬੂਰਨ ਆਉਂਣ ਵਾਲੀਆਂ ਨਵੀਆਂ ਐਡਮੀਸ਼ਨਾਂ ਵਿਚ ਕਾਲਜਾਂ ਨੂੰ ਵਿਦਿਆਰਥੀਆਂ ਤੋਂ ਅਗਾਂਊ ਫੀਸਾਂ ਲੈਣ ਜਾਂ ਦਾਖਲੇ ਤਾ ਨਾਹ ਕਰਨ ਤੋ ਇਲਾਵਾ ਹੋਰ ਕੋਈ ਚਾਰਾ ਨਹੀ ਰਹਿ ਜਾਵੇਗਾ।ਜਿਕਰਯੋਗ ਹੈ ਕਿ ਹਾਲ ਹੀ ਵਿਚ ਪੋਸਟ ਮੈਟਰਿਕ ਸਕਾਲਰਸ਼ਿਪ ਵਿਚ ਧਾਂਦਲੀਆਂ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿਚ ਉਠਾਇਆ ਗਿਆ ਸੀ ਜਿਸ ਤੋਂ ਮਗਰੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸਦੀ ਵਿਜੀਲੈਸ ਜਾਂਚ ਦੇ ਆਦੇਸ਼ ਦਿੱਤੇ ਸਨ। ਉਧਰ ਪੰਜਾਬ ਵਿਚ ਐਸਸੀ ਐਸਟੀ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਪੋਸਟ ਮੈਟਰਿਕ ਸਕਾਲਰਸ਼ਿਪ ਦੀ ਰਾਸ਼ੀ ਜਾਰੀ ਨਾਂ ਹੋਣ ਕਾਰਨ ਇਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਤੇ ਸਵਾਲੀਆ ਚਿੰਨ ਲੱਗ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਵਿਚਲੇ ਟੈਕਨਿਕਲ ਐਜੂਕੇਸ਼ਨ ਕਾਲਜਾਂ ਲਈ ਵੀ ਵੱਡਾ ਵਿੱਤੀ ਸੰਕਟ ਖੜਾ ਹੋ ਗਿਆ ਹੈ।