5 Dariya News

ਪੰਜਾਬ ਵਿੱਚ ਡੇਂਗੂ ਤੇ ਕਾਬੂ ਪਾਉਣ ਲਈ ਹਰ ਸ਼ੁਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇਗਾ :ਸੁਰਜੀਤ ਕੁਮਾਰ ਜਿਆਣੀ

5 Dariya News

ਚੰਡੀਗੜ੍ਹ 04-Mar-2016

ਪੰਜਾਬ ਵਿੱਚ ਡੇਂਗੂ ਤੇ ਕਾਬੂ ਪਾਉਣ ਲਈ ਹਰ ਸ਼ੁਕਰਵਾਰ ਨੂੰ ਡਰਾਈ ਡੇ ਮਨਾਇਆ ਜਾਵੇਗਾ ਅਤੇ ਕੂਲਰਾਂ ਤੇ ਵਾਟਰ ਕੰਟੇਨਰਾਂ ਦੀ ਸਫਾਈ ਕੀਤੀ ਜਾਵੇਗੀ। ਇਹ ਫੈਸਲਾ ਸਟੇਟ ਟਾਸਕ ਫੋਰਸ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕੀਤੀ। ਜਦੋਂ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਵਿਨੀ ਮਹਾਜਨ ਅਤੇ ਸਕੱਤਰ ਸਿਹਤ ਕਮ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਹੁਸਨ ਲਾਲ ਕੋ-ਚੇਅਰਪਰਸਨ ਰਹੇ। ਇਸ ਵਿੱਚ ਲੋਕਲ ਬਾਡੀ ਵਿਭਾਗ, ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਐਨੀਮਲ ਹਸਬੈਂਡਰੀ ਐਂਡ ਫਿਸਰੀਸ, ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਵਿਭਾਗ ਦੇ ਅਧਿਕਾਰੀ ਮੌਜੂਦ ਰਹੇ।ਸਿਹਤ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਉਪਰੋਕਤ ਸਾਰੇ ਵਿਭਾਗ ਮਿਲਕੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਇੱਕਜੁੱਟ ਹੋ ਕੇ ਕੰਮ ਕਰਨਗੇ। ਉਨ੍ਹਾਂ ਨੇ ਲੋਕਲ ਗਵਰਨਮੈਂਟ ਅਤੇ ਰੂਰਲ ਡਿਵੈਲਪਮੈਂਟ ਅਤੇ ਪੰਚਾਇਤ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਟਰਾਂਸਮਿਸ਼ਨ ਸੀਜ਼ਨ ਦੌਰਾਨ ਘਰਾਂ ਅਤੇ ਦਫ਼ਤਰਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਡੇਂਗੂ ਪੈਦਾ ਕਰਨ ਵਾਲੀ ਜਗ੍ਹਾਂ ਮਿਲਦੀ ਹੈ ਤਾਂ ਉਕਤ ਘਰ ਅਤੇ ਦਫ਼ਤਰ ਦੇ ਹੈੱਡ ਦਾ ਚਲਾਨ ਕੱਟਿਆ ਜਾਵੇ। ਸਿਹਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਭਾਵੇਂ ਡੇਂਗੂ ਦੇ ਮਰੀਜਾਂ ਦੀ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ, ਪਰੰਤੂ ਡੇਂਗੂ ਦੇ ਨਾਲ ਮੌਤ ਦਰ ਬਹੁਤ ਘੱਟ ਰਹੀ। ਇਸ ਦਾ ਮਤਲਬ ਸਿਹਤ ਵਿਭਾਗ ਬਹੁਤ ਲੋਕਾਂ ਦੀ ਜ਼ਿੰਦਗੀ ਬਚਾਉਣ ਵਿੱਚ ਸਫ਼ਲ ਰਿਹਾ ਹੈ। ਸਿਹਤ ਵਿਭਾਗ ਵੱਲੋਂ ਮਰੀਜਾਂ ਨੂੰ ਜਲਦੀ ਤੇ ਪੂਰੀ ਸੰਭਾਲ ਦੇਣ ਦੇ ਪੂਰੇ ਉਪਰਾਲੇ ਕੀਤੇ ਗਏ ਹਨ।

ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਅਤੇ ਲੋਕਲ ਗਵਰਨਮੈਂਟ ਯਕੀਨੀ ਬਣਾਉਣ ਕਿ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਸਪਲਾਈ ਕੀਤਾ ਜਾਵੇ ਅਤੇ ਪਾਣੀ ਦੀਆਂ ਪਾਈਪਾਂ ਦੀ ਰਿਪੇਅਰ ਕੀਤੀ ਜਾਵੇ ਅਤੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੇ ਕਾਬੂ ਪਾਇਆ ਜਾਵੇ। ਇਸੇ ਤਰ੍ਹਾਂ ਜਿਸ ਖੇਤਰ ਵਿੱਚ ਡੇਂਗੂ ਦੇ ਕੇਸ ਸਾਹਮਣੇ ਆਉਂਦੇ ਹਨ, ਉਥੇ ਵੈਕਲਪਿਕ ਪਾਣੀ ਦੀ ਸਪਲਾਈ ਅਤੇ ਕਲੋਰੀਨੇਸ਼ਨ ਦਾ ਇੰਤਜ਼ਾਮ ਸੰਬੰਧਿਤ ਵਿਭਾਗਾਂ ਵੱਲੋਂ ਕੀਤਾ ਜਾਵੇ। ਇਸ ਤਰ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜ਼ਰੂਰੀ ਲਾਰਵੀਸਾਈਡਸ ਅਤੇ ਇੰਸੈਕਟੀਸਾਈਡ ਦੀ ਖਰੀਦ ਕਰੇ ਅਤੇ ਡੇਂਗੂ ਤੇ ਮਲੇਰੀਆ ਤੋਂ ਬਚਣ ਲਈ ਗਤੀਵਿਧੀਆਂ ਸ਼ੁਰੂ ਕੀਤੀਆਂ ਜਾਣ।ਇਸ ਦੌਰਾਨ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਵਾਤਾਵਰਣ ਤਾਪਮਾਨ ਦੇ ਵੱਧਣ ਦੇ ਨਾਲ ਮੱਛਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਦੇ ਨਾਲ ਹੀ ਦੱਖਣੀ ਭਾਰਤ ਦੇ ਰਾਜਾਂ ਵਿੱਚ ਡੇਂਗੂ ਦੇ ਕੇਸ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਨੇ ਮੌਜੂਦਾ ਸੀਜ਼ਨ ਵਿੱਚ ਡੇਂਗੂ ਦੇ ਖਤਰੇ ਤੋਂ ਸੁਰੱਖਿਆ ਵਾਲੀਆਂ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। 

ਉਨ੍ਹਾਂ ਨੇ ਇਹ ਵੀ ਦੱਸਿਆ ਕਿ 2015 ਵਿੱਚ ਡੇਂਗੂ ਦੇ ਕੇਸਾਂ ਦੇ ਵਾਧੇ ਦਾ ਕਾਰਣ ਬਰਸਾਤ ਦੇ ਮੌਸਮ ਦਾ ਜਲਦੀ ਆਉਣਾ ਸੀ, ਜਿਸ ਕਰਕੇ ਮੱਛਰਾਂ ਦੀ ਗਿਣਤੀ ਵੱਧ ਗਈ। ਇਸ ਦੇ ਨਾਲ ਹੀ ਸਿਹਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਅਧੀਨ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੀ ਡੇਂਗੂ ਕੇਸਾਂ ਬਾਰੇ ਸਿਹਤ ਵਿਭਾਗ ਨੂੰ ਰਿਪੋਰਟ ਦਿੱਤੀ ਸੀ।ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਡੇਂਗੂ ਦੇ ਟੈਸਟ ਦੀ ਸੁਵਿਧਾ ਰਾਜ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੌਜੂਦ ਹੈ। ਡੇਂਗੂ ਦਾ ਟੈਸਟ ਤੇ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗੰਮਬੂਜਿਆ ਮੱਛੀਆਂ ਨੂੰ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇ ਤਾਂ ਜੋ ਡੇਂਗੂ ਅਤੇ ਮਲੇਰੀਆਂ ਦੇ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ। ਸ੍ਰੀਮਤੀ ਵਿਨੀ ਮਹਾਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਉਪਰਾਲੇ ਕਰਨ ਅਤੇ ਕੂਲਰਾਂ ਅਤੇ ਕੰਟੇਨਰਾਂ ਵਿੱਚ ਪਾਣੀ ਨੂੰ ਜਮ੍ਹਾਂ ਨਾ ਹੋਣ ਦਿਓ ਤੇ ਹਫਤੇ ਵਿੱਚ ਇੱਕ ਵਾਰ ਸੁਕਾਓ। ਇਥੇ ਸਿਹਤ ਮੰਤਰੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਹਰੇਕ ਡੇਂਗੂ ਦੇ ਮਰੀਜ ਨੂੰ ਗੁਲੂਕੋਜ਼ ਤੇ ਪਲੇਟਲੈਟ ਦੀ ਲੋੜ ਨਹੀਂ ਹੁੰਦੀ। ਜਦੋਂਕਿ ਲੋੜ ਨਾਲੋਂ ਵੱਧ ਖੂਨ ਅਤੇ ਪਲੇਟਲੈਟ ਚੜਾਉਣਾ ਹਾਨੀਕਾਰਕ ਹੋ ਸਕਦਾ ਹੈ। ਇਸ ਮੀਟਿੰਗ ਦੌਰਾਨ ਡੇਂਗੂ ਅਤੇ ਮਲੇਰੀਆ ਦੇ ਸਬੰਧ ਵਿੱਚ ਇਸ਼ਤਿਹਾਰ ਤੇ ਪੋਸਟਰ ਰਿਲੀਜ ਕੀਤਾ ਗਿਆ। ਇਸ ਮੌਕੇ ਤੇ ਡੀਐਚਐਸ ਡਾ. ਐਚਐਸ ਬਾਲੀ, ਡੀਐਫਡਬਲਿਉ ਡਾ. ਉਸ਼ਾ ਬਾਂਸਲ ਅਤੇ ਡੀਐਚਐਸ (ਐਸਆਈ) ਡਾ. ਗੁਲਸ਼ਨ ਰਾਏ ਮੌਜੂਦ ਸਨ।