ਸਕਿੱਲ ਇੰਡੀਆ ਘੁਟਾਲੇ ਦੀ ਉੱਚ ਪੱਧਰੀ ਜਾਂਚ ਲਈ ਬਸਪਾ ਆਗੂਆਂ ਨੇ ਡੀ ਸੀ ਨੂੰ ਦਿੱਤਾ ਮੰਗ ਪੱਤਰ
ਭ੍ਰਿਸਟਾਚਾਰ ਦੇ ਚੱਲਦਿਆਂ ਹਜਾਰਾਂ ਦਲਿਤ ਨੌਜਵਾਨ ਹੁਨਰਮੰਦ ਬਣਨ ਤੋਂ ਹੋਏ ਵਾਂਝੇ : ਬਿੱਟਾ
5 Dariya News (ਅਜੇ ਪਾਹਵਾ)
ਲੁਧਿਆਣਾ 03-Mar-2016
ਸਦੀਆਂ ਤੋਂ ਸਮਾਜਿਕ, ਧਾਰਮਿਕ, ਰਾਜਨੀਤਿਕ ਅਤੇ ਆਰਥਿਕ ਤੌਰ ਦੇ ਦੱਬੇ ਕੁੱਚਲੇ ਅਤੇ ਅਨਿਆ ਦਾ ਸ਼ਿਕਾਰ ਰਹੇ ਅਨੁਸੂਚਿਤ ਜਾਤੀ ਅਤੇ ਜਨ ਜਾਤੀ ਦੇ ਲੋਕ ਅੱਜ ਵੀ ਭ੍ਰਿਸਟਾਚਾਰ ਦੀ ਬਲੀ ਚੜ੍ਹ ਰਹੇ ਹਨ ਜਿਸ ਨੂੰ ਬਸਪਾ ਹੋਰ ਬਰਦਾਸਤ ਨਹੀ ਕਰੇਗੀ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਜੋਨ ਕੋਆਡੀਨੇਟਰ ਬਲਵਿੰਦਰ ਬਿੱਟਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ੍ਰੀ ਬਿੱਟਾ ਜੋ ਕੇਂਦਰ ਸਰਕਾਰ ਅਧੀਨ ਫੇਜ 5 'ਚ ਚੱਲਦੀ ਵਿੱਦਿਅਕ ਸੰਸਥਾ ਸੈਂਟਰਲ ਟੂਲ ਰੂਮ ਵਿੱਚ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਲਈ ਚਲਾਈ ਯੋਜਨਾ 'ਚ ਦਲਿਤ ਸਿੱਖਿਆਰਥੀਆਂ ਦੇ ਨਾਮ ਤੇ ਹੋਏ ਬਹੁ ਕਰੋੜੀ ਘੁਟਾਲੇ ਦੀ ਉੱਚ ਪੱਧਰੀ ਜਾਂਚ ਲਈ ਡਿਪਟੀ ਕਮਿਸ਼ਨਰ ਰਵੀ ਭਗਤ ਨੂੰ ਮਿਲੇ ਸਨ ਨੇ ਅੱਗੇ ਦੱਸਿਆ ਕਿ ਬਸਪਾ ਇਸ ਘੁਟਾਲੇ ਦੀ ਤਹਿ ਤੱਕ ਜਾ ਕੇ ਭ੍ਰਿਸਟਾਚਾਰ ਅਧਿਕਾਰੀਆਂ ਨੂੰ ਬੇਨਕਾਬ ਕਰੇਗੀ। ਉਨ੍ਹਾਂ ਦੱਸਿਆ ਕਿ ਪ੍ਰਾਪਤ ਹੋਏ ਡਾਕੂਮੈਂਟਾਂ, ਮੀਡੀਆ ਵਿੱਚ ਆਈਆਂ ਖਬਰਾਂ ਅਤੇ ਦਫਤਰ ਵਿੱਚੋਂ ਪ੍ਰਾਪਤ ਹੋਈ ਸਿੱਖਿਆਰਥੀਆਂ ਦੀ ਲਿਸਟ ਨਾਲ ਸਪਰੰਕ ਕਰਨ ਤੇ ਸਾਨੂੰ ਹੈਰਾਨ ਕਰਨ ਵਾਲੀ ਜਾਣਕਾਰੀ ਮਿਲੀ ਕਿ ਬਿਨ੍ਹਾਂ ਕੋਈ ਪ੍ਰੈਕਟੀਕਲ ਕਰਵਾਏ ਹੀ 1399 ਦਲਿਤ ਸਿੱਖਿਆਰਥੀਆਂ ਤੇ ਮਨੇਜਮੈਂਟ ਨੇ ਹੁਨਰਮੰਦ ਹੋਣ ਦਾ ਕਾਗਜੀ ਠੱਪਾ ਲਗਾ ਦਿੱਤਾ ਗਿਆ ਅਤੇ 9 ਮਹੀਨਿਆਂ 'ਚ ਪ੍ਰਤੀ ਵਿਦਿਆਰਥੀ 25000 ਰੁਪਏ ਦੀ ਆਈ ਗਰਾਂਟ ਦੀ ਪੌਣੇ ਚਾਰ ਕਰੋੜ ਦੀ ਰਾਸ਼ੀ ਨੂੰ ਡੱਕਾਰ ਲਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਇਸ ਨੂੰ ਕੁੱਲ 43 ਕੋਰਸਾਂ ਦੇ ਹਿਸਾਬ ਨਾਲ ਪਿਛਲੇ ਸਮੇਂ ਤੋਂ ਜੋੜ ਕੇ ਲਿਆ ਜਾਵੇ ਤਾਂ ਏਹ 60 ਕਰੋੜ ਤੋਂ ਜਿਆਦਾ ਬਣਦੀ ਹੈ।
ਬਿੱਟਾ ਨੇ ਦੱਸਿਆ ਕਿ ਅਧਿਕਾਰੀਆਂ ਨੇ ਜਿਸ ਪ੍ਰਕਾਰ ਮੀਡੀਆ ਨੂੰ 'ਨੋ ਕੁਮੈਂਟਸ' ਦਾ ਜਵਾਬ ਦਿੱਤਾ ਉਸ ਚੋਂ ਭ੍ਰਿਸਟਾਚਾਰ ਦੀ ਬੋਅ ਸਾਫ ਆ ਰਹੀ ਸੀ। ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਨੂੰ ਬੇਨਕਾਬ ਕਰਨ ਲਈ ਅੱਜ ਸਾਡੇ ਵੱਲੋਂ ਡੀ ਸੀ ਰਾਹੀਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸੀ ਬੀ ਆਈ, ਐਮ ਐਸ ਐਮ ਈ ਵਿਭਾਗ ਤੇ ਇਸਦੇ ਕੇਂਦਰੀ ਮੰਤਰੀ, ਐਸ ਸੀ ਐਸ ਟੀ ਕਮਿਸ਼ਨ ਭਾਰਤ ਸਰਕਾਰ ਤੇ ਐਸ ਕਮਿਸ਼ਨ ਪੰਜਾਬ ਅਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਸੂਬੇ ਦੇ ਵਿਜੀਲੈਂਸ ਬਿਊਰੋ ਤੋਂ ਇਲਾਵਾ ਹੋਰ ਸਬੰਧਿਤ ਵਿਭਾਗਾਂ ਨੂੰ ਕਾਰਵਾਈ ਹਿੱਤ ਲਿਖਤੀ ਸਿਕਾਇਤਾਂ ਭੇਜੀਆਂ ਗਈਆਂ ਹਨ। ਇਸ ਮੌਕੇ ਬਸਪਾ ਵਰਕਰਾਂ ਵੱਲੋਂ ਕੇਂਦਰ ਸਰਕਾਰ ਅਤੇ ਸੀ ਟੀ ਆਰ ਦੀ ਮਨੇਜਮੈਂਟ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਉਧਰ ਡੀ ਸੀ ਰਵੀ ਭਗਤ ਨੇ ਮਾਮਲੇ ਦੀ ਜਾਂਚ ਕਰਨ ਲਈ ਐਸ ਡੀ ਓ ਪੂਰਬੀ ਨੂੰ ਹਿਦਾਇਤਾਂ ਦੇ ਦਿੱਤੀਆਂ ਹਨ। ਇਸ ਮੌਕੇ ਕੋਆਡੀਨੇਟਰ ਸ਼ਿਵ ਚੰਦ ਗੋਗੀ, ਜਨਰਲ ਸਕੱਤਰ ਪ੍ਰਗਣ ਬਿਲਗਾ, ਸਕੱਤਰ ਰਾਮਾਨੰਦ, ਰਵੀ ਕਾਂਤ ਜੱਖੂ, ਸੋਨੂੰ ਅੰਬੇਡਕਰ, ਖਵਾਜਾ ਪ੍ਰਸਾਦ, ਰਜਿੰਦਰ ਨਿੱਕਾ, ਡਾ: ਰਾਮ ਨਰੈਣ, ਸੰਜੀਵ ਵਿਸ਼ਵਕਰਮਾ, ਪ੍ਰਵੀਨ ਕੁਮਾਰ, ਸ਼ਿਵ ਚੰਦ, ਵਿੰਸਬਰ ਸਿੰਘ, ਮਾਘੀ ਸਿੰਘ ਕੂੰਮ, ਕੇਵਲ ਜਮਾਲਪੁਰ, ਗਿਆਨ ਚੰਦ ਗੰਗੜ, ਜਸਪਾਲ ਸਿੰਘ ਭੋਰਾ, ਨਿਰਪਿੰਦਰ ਸਿੰਘ, ਇੰਦਰੇਸ਼ ਕੁਮਾਰ, ਹਰਪ੍ਰੀਤ ਜਮਾਲਪੁਰ, ਨਿਰਮਲ ਸਿੰਘ ਸੌਖੀ, ਬਲਜਿੰਦਰ ਸਿੰਘ, ਜੋਹਨ ਗੰਗੜ ਅਤੇ ਤੀਰਥ ਰਾਮ ਤੋਂ ਇਲਾਵਾ ਹੋਰ ਹਾਜਰ ਸਨ।