5 Dariya News

ਸ਼ਹਿਰੀਆਂ ਨੂੰ ਇਕ ਛੱਤ ਹੇਠ ਸੇਵਾਵਾਂ ਦੇਣ ਦਾ ਸੁਫਨਾ ਹੋਇਆ ਸਾਕਾਰ; ਮਿਉਂਸਪਲ ਭਵਨ ਹੋਇਆ ਤਿਆਰ

ਮੁੱਖ ਮੰਤਰੀ ਬਾਦਲ 24 ਫਰਵਰੀ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕਰਨਗੇ ਭਵਨ: ਅਨਿਲ ਜੋਸ਼ੀ

5 Dariya News

ਚੰਡੀਗੜ੍ਹ 19-Feb-2016

ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਬਿਹਤਰ ਸੇਵਾਵਾਂ ਦੇਣ ਦੀ ਲੜੀ ਤਹਿਤ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰੀਆਂ ਨੂੰ ਇਕ ਛੱਤ ਹੇਠ ਸਭ ਸੇਵਾਵਾਂ ਦੇਣ ਦਾ ਸੁਫਨਾ ਸਾਕਾਰ ਕੀਤਾ ਗਿਆ ਹੈ। ਵਿਭਾਗ ਵੱਲੋਂ ਬਣਾਇਆ ਜਾ ਰਿਹਾ ਮਿਉਂਸਪਲ ਭਵਨ ਹੁਣ ਮੁਕੰਮਲ ਬਣ ਕੇ ਤਿਆਰ ਹੋ ਗਿਆ ਹੈ। ਇਹ ਖੁਲਾਸਾ ਅੱਜ ਇਥੇ ਪ੍ਰੈਸ ਬਿਆਨ ਰਾਹੀਂ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ 24 ਫਰਵਰੀ 2016 ਨੂੰ ਮਿਉਂਸਪਲ ਭਵਨ ਨੂੰ ਸੂਬਾ ਵਾਸੀਆਂ ਨੂੰ ਸਮਰਪਿਤ ਕਰਨਗੇ।

ਸ੍ਰੀ ਜੋਸ਼ੀ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਭਵਨ ਦਾ ਉਦਘਾਟਨ ਕਰਨ ਉਪਰੰਤ ਵਿਭਾਗ ਦੇ ਸਮੂਹ ਵਿੰਗ ਇਸ ਭਵਨ ਵਿੱਚ ਤਬਦੀਲ ਹੋ ਜਾਣਗੇ ਜਿਸ ਨਾਲ ਸੂਬੇ ਦੀ ਕਰੀਬ 40 ਫੀਸਦੀ ਸ਼ਹਿਰੀ ਵਸੋਂ ਸਭ ਸੇਵਾਵਾਂ ਇਸ ਭਵਨ ਵਿੱਚ ਇਕੋ ਛੱਤ ਹੇਠਾਂ ਦੇਣ ਦਾ ਸੁਫਨਾ ਸਾਕਾਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸੈਕਟਰ 35 ਵਿਖੇ ਮੁੱਖ ਮਾਰਗ ਉਪਰ ਇਹ ਮਿਉਂਸਪਲ ਭਵਨ 38 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਦੇ ਵੱਖ-ਵੱਖ ਵਿੰਗ ਚੰਡੀਗੜ੍ਹ ਵਿਖੇ ਵੱਖ-ਵੱਖ ਸੈਕਟਰਾਂ ਵਿੱਚ ਵੱਖੋ-ਵੱਖਰੇ ਦਫਤਰਾਂ ਵਿੱਚ ਚੱਲਦੇ ਸਨ ਪਰ ਹੁਣ ਸਾਰੇ ਵਿੰਗ ਇਕੋ ਥਾਂ ਇਕੱਠੇ ਹੋ ਜਾਣਗੇ ਜਿਸ ਨਾਲ ਵਿਭਾਗ ਦੀ ਕਾਰਜ ਕੁਸ਼ਲਤਾ ਵਿੱਚ ਵੀ ਵਾਧਾ ਹੋਵੇਗਾ ਅਤੇ ਸ਼ਹਿਰੀ ਨਾਗਰਿਕਾਂ ਦੀ ਖੱਜਲ ਖੁਆਰੀ ਵੀ ਖਤਮ ਹੋਵੇਗੀ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਮਿਉਂਸਪਲ ਭਵਨ ਦੀ ਆਲੀਸ਼ਾਨ ਇਮਾਰਤ ਜੋ ਹੁਣ ਮੁਕੰਮਲ ਤਿਆਰ ਹੈ ਵਿੱਚ ਵਿਭਾਗ ਦੀਆਂ ਸਾਰੀਆਂ ਬਰਾਂਚਾਂ ਡਾਇਰੈਕਟੋਰੇਟ, ਪੀ.ਐਮ.ਆਈ.ਡੀ.ਸੀ., ਟਾਊਨ ਪਲਾਨਿੰਗ, ਸੂਡਾ ਦੇ ਅਧਿਕਾਰੀ ਤੇ ਕਰਮਚਾਰੀਆਂ ਤੋਂ ਇਲਾਵਾ ਡਾਇਰੈਕਟਰ, ਸਕੱਤਰ, ਮੁੱਖ ਸੰਸਦੀ ਸਕੱਤਰ ਤੇ ਖੁਦ ਉਨ੍ਹਾਂ ਦਾ ਦਫਤਰ ਹੋਵੇਗਾ। ਉਨ੍ਹਾਂ ਦੱਸਿਆ ਕਿ ਪੂਰਾ ਭਵਨ ਵਾਤਾਨਕੂਲ (ਏ.ਸੀ.) ਹੋਵੇਗਾ ਅਤੇ ਵਿਭਾਗ ਦੇ ਈ-ਗਵਰਨੈਂਸ ਪ੍ਰਾਜੈਕਟ ਨੂੰ ਸਫਲਤਾ ਨਾਲ ਲਾਗੂ ਕਰਨ ਲਈ ਪੂਰਾ ਭਵਨ ਵਾਈ-ਫਾਈ ਸੁਵਿਧਾ ਨਾਲ ਜੁੜਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਭਵਨ ਵਿੱਚ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ 350 ਸੀਟਾਂ ਵਾਲਾ ਆਡੀਟੋਰੀਅਮ ਵੀ ਹੋਵੇਗਾ।ਸ੍ਰੀ ਜੋਸ਼ੀ ਨੇ ਦੱਸਿਆ ਕਿ ਭਵਨ ਦੇ ਹੋਂਦ ਵਿੱਚ ਆਉਣ ਦੇ ਨਾਲ ਸੂਬੇ ਦੇ ਸਮੂਹ ਸ਼ਹਿਰੀਆਂ ਦੇ ਨਾਲ ਨਗਰ ਨਿਗਮਾਂ, ਕੌਂਸਲਾਂ, ਪੰਚਾਇਤਾਂ ਅਤੇ ਨਗਰ ਸੁਧਾਰ ਟਰੱਸਟਾਂ ਦੇ ਅਧਿਕਾਰੀਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਕੰਮ ਵੀ ਹੁਣ ਇਕੋ ਥਾਂ ਹੋ ਜਾਇਆ ਕਰਨਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਿਭਾਗ ਦੇ ਕੰਮ ਕਾਜ ਵਿੱਚ ਤੇਜ਼ੀ ਅਤੇ ਆਪਸੀ ਤਾਲਮੇਲ ਵਧਾਉਣ ਲਈ ਮਿਉਂਸਪਲ ਭਵਨ ਬਣਾਇਆ ਜਾ ਰਿਹਾ ਹੈ।