5 Dariya News

ਪੰਜਾਬ ਸਰਕਾਰ ਬਜ਼ੁਰਗਾਂ ਅਤੇ ਬੇਸਹਾਰਿਆਂ ਨੂੰ ਸਮਾਜਿਕ ਸੁਰੱਖਿਆ ਮੁਹੱਈਆ ਕਰਾਉਣ ਲਈ ਵਚਨਬੱਧ-ਪਰਮਿੰਦਰ ਸਿੰਘ ਢੀਂਡਸਾ

ਲੁਧਿਆਣਾ ਵਿਖੇ ਬੁਢਾਪਾ ਪੈਨਸ਼ਨਾਂ ਦੀ ਵੰਡ ਬਾਰੇ ਜ਼ਿਲ੍ਹਾ ਪੱਧਰੀ ਸਮਾਗਮ

5 Dariya News (ਅਜੇ ਪਾਹਵਾ)

ਲੁਧਿਆਣਾ 18-Feb-2016

ਵਿੱਤ ਅਤੇ ਯੋਜਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਦੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੂੰ ਲੋਕਾਂ ਦੀ ਸਰਕਾਰ ਕਰਾਰ ਦਿੰਦਿਆਂ ਵਚਨਬੱਧਤਾ ਦੁਹਰਾਈ ਹੈ ਕਿ ਸਰਕਾਰ ਬਜ਼ੁਰਗਾਂ ਅਤੇ ਬੇਸਹਾਰਿਆਂ ਨੂੰ ਸਮਾਜਿਕ ਸੁਰੱਖਿਆ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਏਗੀ। ਪੰਜਾਬ ਸਰਕਾਰ ਵੱਲੋਂ ਵਧਾਈ ਗਈ ਬੁਢਾਪਾ ਪੈਨਸ਼ਨ ਨੂੰ ਵੰਡਣ ਸੰਬੰਧੀ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਆਯੋਜਿਤ ਕੀਤੇ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਢੀਂਡਸਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਜਨਵਰੀ 2016 ਤੋਂ ਬਜ਼ੁਰਗਾਂ ਦੀ ਪੈਨਸ਼ਨ ਰਾਸ਼ੀ ਦੁੱਗਣੀ ਕਰ ਦਿੱਤੀ ਹੈ। ਹੁਣ ਇਹ 250 ਰੁਪਏ ਪ੍ਰਤੀ ਮਹੀਨਾ ਦੀ ਥਾਂ 500 ਰੁਪਏ ਪ੍ਰਤੀ ਮਹੀਨਾ ਮਿਲੇਗੀ। ਬੁਢਾਪਾ ਪੈਨਸ਼ਨ ਦੁੱਗਣੀ ਕਰਨ ਨਾਲ ਸੂਬੇ ਭਰ ਵਿੱਚ 11 ਲੱਖ 56 ਹਜ਼ਾਰ ਬਜ਼ੁਰਗਾਂ ਨੂੰ ਲਾਭ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਦਾ ਉਦੇਸ਼ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਉਣਾ ਹੁੰਦਾ ਹੈ ਤਾਂ ਕਿ ਸੰਬੰਧਤ ਵਿਅਕਤੀ ਆਪਣਾ ਜੀਵਨ ਬਸਰ ਕਰ ਸਕੇ।ਉਨ੍ਹਾਂ ਕਿਹਾ ਕਿ ਇਕ ਜਮਹੂਰੀ ਅਤੇ ਕਲਿਆਣਕਾਰੀ ਰਾਜ ਵਿਚ ਪੈਨਸ਼ਨ ਦੇਣਾ ਸਰਕਾਰਾਂ ਦਾ ਫਰਜ਼ ਹੁੰਦਾ ਹੈ। ਇਕ ਸਹੀ ਕਲਿਆਣਕਾਰੀ ਰਾਜ ਦੀ ਤਰ੍ਹਾਂ ਅਸੀਂ ਲੋਕ ਭਲਾਈ ਲਈ ਵੱਖ-ਵੱਖ ਕਦਮ ਚੁੱਕੇ ਹਨ ਤਾਂ ਜੋ ਸੂਬੇ ਦੇ ਲੋਕਾਂ ਨੂੰ ਵਿਭਿੰਨ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਲਾਭਪਾਤਰੀਆਂ ਲਈ ਸਿਰਫ ਪੈਨਸ਼ਨ ਦੀ ਰਾਸ਼ੀ ਹੀ ਦੁੱਗਣੀ ਨਹੀਂ ਕੀਤੀ ਸਗੋਂ ਪੈਨਸ਼ਨ ਵੰਡਣ ਦਾ ਅਧਿਕਾਰ ਵੀ ਪੰਚਾਇਤਾਂ ਨੂੰ ਦੇ ਦਿੱਤਾ ਹੈ। ਪੰਚਾਇਤਾਂ ਨੂੰ ਇਹ ਅਧਿਕਾਰ ਦੇਣ ਨਾਲ ਨਾ ਕੇਵਲ ਹੇਠਲੇ ਪੱਧਰ ਉਤੇ ਜ਼ਮਹੂਰੀਅਤ ਮਜ਼ਬੂਤ ਹੋਵੇਗੀ, ਸਗੋਂ ਇਸ ਨਾਲ ਲਾਭਪਾਤਰੀਆਂ ਨੂੰ ਵੀ ਆਪਣੀ ਪੈਨਸ਼ਨ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹੂਲਤ ਮਿਲੇਗੀ।

ਇਸ ਤੋਂ ਇਲਾਵਾ ਪੈਨਸ਼ਨ ਲਈ ਅਰਜ਼ੀ ਦੇਣ ਦੀ ਪ੍ਰਕ੍ਰਿਆ 'ਸੇਵਾ ਦਾ ਅਧਿਕਾਰ ਕਾਨੂੰਨ' ਅਧੀਨ ਲਿਆ ਕੇ ਸਮਾਂ ਬੱਧ ਕੀਤਾ ਗਿਆ ਹੈ ਤਾਂ ਜੋ ਨਿਰਧਾਰਤ ਸਮੇਂ ਵਿਚ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਮੇਤ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ 17 ਲੱਖ 29 ਹਜ਼ਾਰ ਲਾਭਪਾਤਰੀਆਂ ਨੂੰ ਸਾਲ 2007 ਤੋਂ 4676 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਸਾਲ 2012 ਤੋਂ ਦਸੰਬਰ 2015 ਤੱਕ ਵੱਖ-ਵੱਖ ਯੋਜਨਾਵਾਂ ਤਹਿਤ ਲੱਖਾਂ ਲਾਭਪਾਤਰੀਆਂ ਨੂੰ 156 ਕਰੋੜ, 32 ਲੱਖ, 38 ਹਜ਼ਾਰ, 750 ਰੁਪਏ ਰਾਸ਼ੀ ਪੈਨਸ਼ਨ ਵਜੋਂ ਵੰਡੀ ਜਾ ਚੁੱਕੀ ਹੈ। ਸਰਕਾਰ ਵੱਲੋਂ ਦਸੰਬਰ 2015 ਤੱਕ ਸਾਰੇ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿਚ ਭੇਜੀ ਜਾ ਚੁੱਕੀ ਹੈ। ਇਸੇ ਤਰ੍ਹਾਂ ਜਨਵਰੀ 2016 ਦੀ ਪੈਨਸ਼ਨ ਰਾਸ਼ੀ ਪੰਚਾਇਤਾਂ ਦੇ ਖਾਤਿਆਂ ਵਿੱਚ ਭੇਜੀ ਜਾ ਚੁੱਕੀ ਹੈ ਜਿਸ ਨੂੰ ਹੁਣ ਸਰਪੰਚਾਂ ਵੱਲੋਂ ਵੰਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਮਾਗਮ ਨੂੰ ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਮੰਤਰੀ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰ. ਹੀਰਾ ਸਿੰਘ ਗਾਬੜੀਆ, ਪੰਜਾਬ ਯੋਜਨਾ ਬੋਰਡ ਦੇ ਉੱਪ ਚੇਅਰਮੈਨ ਸ੍ਰੀ ਰਾਜਿੰਦਰ ਭੰਡਾਰੀ, ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਹਰਚਰਨ ਸਿੰਘ ਗੋਹਲਵੜੀਆ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਪ੍ਰਵੀਨ ਬਾਂਸਲ ਨੇ ਵੀ ਸੰਬੋਧਨ ਕੀਤਾ। 

ਇਸ ਮੌਕੇ ਕੁਝ ਲਾਭਪਾਤਰੀਆਂ ਨੂੰ ਨਕਦ ਪੈਨਸ਼ਨ ਰਾਸ਼ੀ ਵੀ ਵੰਡੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਸ੍ਰ. ਭਾਗ ਸਿੰਘ ਮਾਨਗੜ੍ਹ, ਸ਼੍ਰੋਮਣੀ ਅਕਾਲੀ ਦਲ (ਸ਼ਹਿਰੀ) ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਮਦਨ ਲਾਲ ਬੱਗਾ, ਅਧੀਨ ਸੇਵਾਵਾਂ ਬੋਰਡ ਦੀ ਮੈਂਬਰ ਬੀਬੀ ਸੁਰਿੰਦਰ ਕੌਰ ਦਿਆਲ, ਵਧੀਕ ਡਿਪਟੀ ਕਮਿਸ਼ਨਰ (ਵ) ਮਿਸ ਅਪਨੀਤ ਰਿਆਤ, ਵਧੀਕ ਡਿਪਟੀ ਕਮਿਸ਼ਨਰ (ਖੰਨਾ) ਸ੍ਰੀ ਜੇ. ਕੇ. ਜੈਨ, ਐੱਸ. ਡੀ. ਐੱਮ. ਲੁਧਿਆਣਾ ਪੂਰਬੀ ਸ੍ਰ. ਪਰਮਜੀਤ ਸਿੰਘ, ਸ੍ਰੀ ਅਨਿਲ ਸਰੀਨ, ਸ੍ਰੀ ਜੀਵਨ ਗੁਪਤਾ, ਸ੍ਰੀ ਰਾਜ ਕੁਮਾਰ ਅਤਿਕਾਏ, ਭਾਵਾਧਸ ਆਗੂ ਸ੍ਰੀ ਨਰੇਸ਼ ਧੀਂਗਾਨ, ਯੂਥ ਅਕਾਲੀ ਆਗੂ ਸ੍ਰ. ਕਮਲਜੀਤ ਸਿੰਘ ਕੜਵਲ, ਬੀਬੀ ਅਵਨੀਤ ਕੌਰ ਖਾਲਸਾ, ਬੀਬੀ ਪਵਨਦੀਪ ਕੌਰ ਗਿੱਲ, ਬੀਬੀ ਦਲਜੀਤ ਕੌਰ ਪਵਾਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਹਾਜ਼ਰ ਸਨ।