ਕਿਰਤ ਮੰਤਰੀ ਵੱਲੋਂ ਰਜਿਸਰਟਡ ਉਸਾਰੀ ਕਾਮਿਆਂ ਦੇ ਸਿਹਤ ਬੀਮਾ ਯੋਜਨਾ ਅਧੀਨ ਸਮਾਰਟ ਕਾਰਡ ਬਨਾਉਣ ਦੀ ਕਾਰਵਾਈ ਨੂੰ ਜਲਦ ਨੇਪਰੇ ਚਾੜ੍ਹਨ ਦੇ ਨਿਰਦੇਸ਼
ਬੋਰਡ ਦੇ ਸਾਰੇ ਰਜਿਸਟਰਡ ਲਾਭਪਾਤਰੀ ਨੂੰ ਮੁਫਤ ਨਵੇਂ ਸਾਈਕਲ ਮੁਹਈਆ ਕਰਵਾਉਣ ਦਾ ਫੈਸਲਾ
5 Dariya News
ਚੰਡੀਗੜ੍ਹ 16-Feb-2016
ਕਿਰਤ ਮੰਤਰੀ ਪੰਜਾਬ ਚੁਨੀ ਲਾਲ ਭਗਤ ਨੇ ਅੱਜ ਕਿਰਤ ਵਿਭਾਗ ਅਤੇ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਅਧਿਕਾਰੀਆਂ ਨੂੰ ਨਿਰਦੇਸ਼ ਕੀਤੇ ਕਿ ਉਹ ਬੋਰਡ ਕੋਲ ਉਸਾਰੀ ਖੇਤਰ ਦੇ ਰਜਿਸਰਟਡ ਕਾਮਿਆਂ ਨੂੰ ਜਲਦ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਅਧੀਨ ਸਹੂਲਤਾਂ ਦੇਣ ਹਿੱਤ ਉਨ੍ਹਾਂ ਦੇ ਸਮਾਰਟ ਕਾਰਡ ਬਨਾਉਣ ਦੀ ਕਾਰਵਾਈ ਨੂੰ ਜਲਦ ਤੋਂ ਜਲਦ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।ਇਸ ਸਬੰਧੀ ਅੱਜ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਹੋਈ ਉਚ ਪੱਧਰੀ ਮਿਟੰਗ ਦੀ ਪ੍ਰਧਾਨਗੀ ਕਰਦਿਆਂ ਕਿਰਤ ਮੰਤਰੀ ਪੰਜਾਬ ਸ਼੍ਰੀ ਚੁਨੀ ਲਾਲ ਭਗਤ ਨੇ ਕਿਹਾ ਕਿ ਇਸ ਸਕੀਮ ਅਧੀਨ ਰਜਿਸਟਰਡ ਲਾਭਪਾਤਰੀ ਅਤੇ ਉਸ ਦੇ ਪ੍ਰੀਵਾਰ ਦੇ ਮੈਂਬਰ ਸਾਲ ਦੋਰਾਨ 50 ਹਜਾਰ ਰੁਪਏ ਦਾ ਮੁਫਤ ਇਲਾਜ ਕਰਵਾ ਸਕਣਗੇ ਅਤੇ ਜੇਕਰ ਉਸਾਰੀ ਕਿਰਤੀ ਦੀ ਦੁਰਘਟਨਾ ਕਰਕੇ ਮੋਤ ਹੋ ਜਾਂਦੀ ਹੈ ਜਾਂ ਕਿਰਤੀ ਪੂਰਣ ਅਪੰਗ ਹੋ ਜਾਂਦਾ ਹੈ ਤਾਂ ਉਸ ਦੀ 5 ਲੱਖ ਦੀ ਬੀਮੇ ਦੀ ਰਾਸ਼ੀ ਉਸਦੇ ਪ੍ਰੀਵਾਰ ਨੂੰ ਦਿਤੀ ਜਾਵੇਗੀ। ਉਨ੍ਹਾਂ ਇਹ ਵੀ ਨਿਰਦੇਸ਼ ਦਿੱਤਾ ਕਿ ਉਸਾਰੀ ਕਿਰਤੀ ਦੀ ਇੰਨਰੋਲਮੈਂਟ ਫੀਸ ਦਾ 30/- ਰੁਪਏ ਦਾ ਖਰਚਾ ਲਾਭਪਾਤਰੀ ਪਾਸੋਂ ਨਹੀਂ ਲਿਆ ਜਾਵੇਗਾ ਅਤੇ ਬੋਰਡ ਵਲੋਂ ਦਿਤਾ ਜਾਵੇਗਾ। ਇਸ ਤੋਂ ਇਲਾਵਾ ਮੀਟਿੰਗ ਦੋਰਾਨ ਇਹ ਫੈਸਲਾ ਵੀ ਲਿਆ ਗਿਆ ਕਿ ਜਿਹੜਾ ਕਿਰਤੀ ਆਪਣੀ ਡਿਊਟੀ ਸਮੇਂ ਜਾਂ ਆਪਣੀ ਡਿਊਟੀ ਤੋਂ ਬਾਅਦ ਉਚੇਰੇ ਹੁਨਰ ਲਈ ਟ੍ਰੇਨਿੰਗ ਲੈਂਦਾ ਹੈ ਤਾਂ ਉਸ ਨੂੰ 35/- ਰੁਪਏ ਪ੍ਰਤੀ ਘੰਟਾ ਟ੍ਰੇਨਿੰਗ ਭੱਤਾ ਦਿਤਾ ਜਾਵੇਗਾ।
ਬੋਰਡ ਵਲੋਂ ਇਕ ਹੋਰ ਅਹਿਮ ਫੈਸਲਾ ਲੈਂਦਿਆਂ ਬੋਰਡ ਦੇ ਸਾਰੇ ਰਜਿਸਟਰਡ ਲਾਭਪਾਤਰੀ ਜਿਨ੍ਹਾਂ ਦੀ ਇਕ ਸਾਲ ਤੋਂ ਉਪਰ ਮੈਂਬਰਸ਼ਿਪ ਹੋਵੇ ਉਨ੍ਹਾਂ ਨੂੰ ਬੋਰਡ ਵਲੋਂ ਮੁਫਤ ਨਵੇਂ ਸਾਈਕਲ ਮੁਹਈਆ ਕਰਵਾਉਣ ਦਾ ਫੈਸਲਾ ਕੀਤਾ।ਉਨ੍ਹਾਂ ਤਸੱਲੀ ਪ੍ਰਗਟਾਈ ਕਿ ਬੋਰਡ ਵੱਲੋਂ ਉਸਾਰੀ ਕਿਰਤੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਕਾਫੀ ਤੇਜੀ ਨਾਲ ਕੀਤਾ ਜਾ ਰਿਹਾ ਹੈ ਜਿਸਦੇ ਸਿੱਟੇ ਵਜੋ ਬੋਰਡ ਵਲੋਂ ਹੁਣ ਤੱਕ ਤਕਰੀਬਨ 3.96 ਲੱਖ ਕਿਰਤੀ ਰਜਿਸਟਰਡ ਕੀਤੇ ਜਾ ਚੁੱਕੇ ਹਨ ਤੇ ਕੁੱਲ 260 ਕਰੋੜ ਦੀ ਰਾਸ਼ੀ ਭਲਾਈ ਸਕੀਮਾਂ ਤੇ ਖਰਚ ਕੀਤੀ ਜਾ ਚੁੱਕੀ ਹੈ।ਮੀਟਿੰਗ ਦੋਰਾਨ ਬੋਰਡ ਵਲੋਂ ਇਹ ਵੀ ਫੈਸਲਾ ਲਿਆ ਗਿਆ ਕਿ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਮੁਹਾਲੀ ਵਿਖੇ ਬਣ ਰਹੇ ਸਕਿਲ ਡਿਵੈਲਪਮੈਂਟ ਸੈਂਟਰਾਂ ਦੀਆਂ ਉਪਰੀਲੀਆਂ 2 ਮੰਜਿਲਾਂ ਤੇ ਬੋਰਡ ਦੇ ਰਜਿਸਟਰਡ ਲਾਭਪਾਤਰੀਆਂ ਦੇ ਰਹਿਣ ਲਈ ਨਾਈਟ ਸ਼ੈਲਟਰ ਉਸਾਰੇ ਜਾਣ ਤਾਂ ਜੋ ਬੇਘਰ ਉਸਾਰੀ ਕਿਰਤੀ ਇਸ ਜਗ੍ਹਾਂ ਤੇ ਰਾਤ ਗੁਜਾਰ ਸਕਣ।ਸ਼੍ਰੀ ਸੋਢੀਮਲ ਕਿਰਤ ਕਮਿਸ਼ਨਰ-ਕਮ-ਸਕੱਤਰ ਬੋਰਡ ਨੇ ਮੰਤਰੀ ਜੀ ਨੂੰ ਦੱਸਿਆ ਕਿ ਬੋਰਡ ਦੀ ਪੂਰੀ ਕੋਸ਼ਿਸ਼ ਹੈ ਕਿ ਉਸਾਰੀ ਕਿਰਤੀਆਂ ਨੂੰ ਰਜਿਸਟਰਡ ਕਰਦੇ ਹੋਏ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਚੋਖੇ ਵਜੀਫੇ ਦਿਤੇ ਜਾਣ ਅਤੇ ਇਸ ਵਿੱਤੀ ਸਾਲ ਦੋਰਾਨ ਬੋਰਡ ਵਲੋਂ ਤਕਰੀਬਨ 23 ਕਰੋੜ ਰੁਪਏ ਦੀ ਰਾਸ਼ੀ ਕੇਵਲ ਉਸਾਰੀ ਕਿਰਤੀਆਂ ਨੂੰ ਵਜੀਫਾ ਸਕੀਮ ਅਧੀਨ ਵੰਡੀ ਜਾ ਚੁੱਕੀ ਹੈ।
ਭਗਤ ਨੇ ਬੋਰਡ ਦੇ ਮੈਂਬਰਾਂ ਅਤੇ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਦੇ ਸਾਰੇ ਰਾਜਾਂ ਦੇ ਕੰਸਟਰਕਸ਼ਨ ਬੋਰਡਾਂ ਦੀ ਕਾਰਗੁਜਾਰੀ ਸਮਿਖਿਆ ਕਰਨ ਦੇ ਸਬੰਧ ਵਿਚ ਬੀਤੇ ਦਿਨੀ ਨਵੀਂ ਦਿੱਲੀ ਵਿਖੇ ਭਾਰਤ ਸਰਕਾਰ ਵੱਲੋਂ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਅਤੇ ਦੂਜੇ ਰਾਜਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਪ੍ਰੇਖਣ ਕੀਤਾ ਗਿਆ ਅਤੇ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ ਚਲਾਈਆਂ ਸਕੀਮਾਂ ਦੀ ਭਰਭੂਰ ਪ੍ਰਸ਼ੰਸ਼ਾ ਕੀਤੀ ਗਈ ਅਤੇ ਦੇਸ਼ ਦੇ ਦੂਜੇ ਰਾਜਾਂ ਨੂੰ ਨਮੂਨੇ ਵੱਜੋਂ ਪੰਜਾਬ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀਆਂ ਭਲਾਈ ਸਕੀਮਾਂ ਨੂੰ ਵਿਚਾਰਨ ਅਤੇ ਅਪਨਾਉਣ ਲਈ ਕਿਹਾ ਗਿਆ ।