5 Dariya News

ਨੌਜਵਾਨੀ ਅਤੇ ਖੇਡਾਂ ਨੂੰ ਨਸ਼ਾ ਰਹਿਤ ਕਰਨ ਲਈ ਖ਼ਿਡਾਰੀ ਝੰਡਾ ਬਰਦਾਰ ਬਣਨ-ਤੋਤਾ ਸਿੰਘ

ਕਿਹਾ! ਪੰਜਾਬ ਸਰਕਾਰ ਸੂਬੇ ਨੂੰ ਖੇਡ ਨਕਸ਼ੇ 'ਤੇ ਮੋਹਰੀ ਬਣਾਉਣ ਲਈ ਦ੍ਰਿੜ ਯਤਨਸ਼ੀਲ ,ਲੁਧਿਆਣਾ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਖੇਡਾਂ ਦਾ ਉਦਘਾਟਨ

5 Dariya News (ਅਜੇ ਪਾਹਵਾ)

ਲੁਧਿਆਣਾ 14-Feb-2016

ਪੰਜਾਬ ਸਰਕਾਰ ਦੇ ਖੇਤੀਬਾੜੀ ਮੰਤਰੀ ਸ੍ਰ. ਤੋਤਾ ਸਿੰਘ ਨੇ ਖ਼ਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨੀ ਅਤੇ ਖੇਡਾਂ ਨੂੰ ਨਸ਼ਾ ਰਹਿਤ ਕਰਨ ਲਈ ਉਹ ਖੁਦ ਝੰਡਾ ਬਰਦਾਰ ਬਣਨ, ਜਿਸ ਲਈ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਅੱਜ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਖੇਡਾਂ ਦਾ ਉਦਘਾਟਨ ਕਰਨ ਉਪਰੰਤ ਵੱਡੀ ਗਿਣਤੀ ਵਿੱਚ ਇਕੱਤਰ ਖ਼ਿਡਾਰੀਆਂ ਅਤੇ ਖੇਡ ਪ੍ਰਸੰਸ਼ਕਾਂ ਨੂੰ ਸੰਬੋਧਨ ਕਰਦਿਆਂ ਸ੍ਰ. ਤੋਤਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਖੇਡ ਨਕਸ਼ੇ 'ਤੇ ਮੋਹਰੀ ਬਣਾਉਣ ਲਈ ਦ੍ਰਿੜ ਯਤਨਸ਼ੀਲ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਖਿਡਾਰੀ ਕੌਮੀ ਪੱਧਰ 'ਤੇ ਹੀ ਨਹੀਂ ਸਗੋਂ ਕੌਮਾਂਤਰੀ ਪੱਧਰ 'ਤੇ ਵੀ ਪੰਜਾਬ ਦਾ ਨਾਮ ਰੌਸ਼ਨ ਕਰਿਆ ਕਰਨਗੇ।ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਦੇ ਮਿਆਰ ਨੂੰ ਉਪਰ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜ਼ਿਕਰ ਕਰਦਿਆਂ ਸ੍ਰ. ਤੋਤਾ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਪਹਿਲੀ ਸਰਕਾਰ ਹੈ, ਜਿਸਨੇ ਪਿਛਲੇ ਸਾਲਾਨਾ ਬਜਟ ਵਿੱਚ ਖੇਡਾਂ ਲਈ ਵਿਸ਼ੇਸ਼ ਤੌਰ 'ਤੇ 200 ਕਰੋੜ ਰੁਪਏ ਦਾ ਫੰਡ ਰੱਖਿਆ ਸੀ। ਖੇਡਾਂ ਲਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਜਿੱਥੇ ਥਾਂ-ਥਾਂ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ, ਉਥੇ ਹੋਣਹਾਰ ਖਿਡਾਰੀਆਂ ਨੂੰ ਨੌਕਰੀਆਂ ਨਾਲ ਨਿਵਾਜ਼ਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਦੇ ਕੋਨੇ-ਕੋਨੇ ਵਿੱਚ ਪਹੁੰਚਾ ਦਿੱਤਾ ਹੈ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਤੱਕ 5 ਵਿਸ਼ਵ ਕਬੱਡੀ ਕੱਪ ਸਫ਼ਲਤਾਪੂਰਵਕ ਕਰਵਾਏ ਜਾ ਚੁੱਕੇ ਹਨ। ਕਬੱਡੀ ਦਾ ਪ੍ਰਚਾਰ ਕਰਨ ਹਿੱਤ ਪੰਜਾਬ ਸਰਕਾਰ ਵੱਲੋਂ 14 ਦੇਸ਼ਾਂ ਵਿੱਚ ਕਬੱਡੀ ਕੋਚ ਭੇਜੇ ਗਏ ਸਨ। ਤੋਤਾ ਸਿੰਘ ਨੇ ਖ਼ਿਡਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੌਜਵਾਨੀ ਅਤੇ ਖੇਡਾਂ ਨੂੰ ਨਸ਼ਾ ਰਹਿਤ ਕਰਨ ਲਈ ਖ਼ਿਡਾਰੀਆਂ ਨੂੰ ਹਰ ਸੰਭਵ ਸਹਿਯੋਗ ਦੇਵੇਗੀ। 

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 14 ਤੋਂ 19 ਫਰਵਰੀ ਤੱਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਖੇਡਾਂ ਤਹਿਤ ਚਾਰ ਖੇਡਾਂ ਦੇ ਮੁਕਾਬਲੇ ਸ਼ਹਿਰ ਲੁਧਿਆਣਾ ਵਿਖੇ ਵੀ ਕਰਵਾਏ ਜਾ ਰਹੇ ਹਨ। ਜਿਸ ਵਿੱਚ 1850 ਤੋਂ ਵਧੇਰੇ ਖ਼ਿਡਾਰੀ ਅਤੇ ਖ਼ਿਡਾਰਨਾਂ ਭਾਗ ਲੈਣਗੇ। ਬਾਕੀ ਖੇਡਾਂ ਦਾ ਆਯੋਜਨ ਲੁਧਿਆਣਾ ਤੋਂ ਇਲਾਵਾ ਸ਼ਹਿਰ ਪਟਿਆਲਾ, ਜਲੰਧਰ, ਬਠਿੰਡਾ, ਸ੍ਰੀ ਆਨੰਦਪੁਰ ਸਾਹਿਬ, ਅਜੀਤਗੜ੍ਹ ਅਤੇ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਰਹਿਣ, ਖਾਣ-ਪੀਣ ਅਤੇ ਟਰਾਂਸਪੋਰਟੇਸ਼ਨ ਦੇ ਸਾਰੇ ਪ੍ਰਬੰਧ ਪੁਖ਼ਤਾ ਹਨ। ਲੁਧਿਆਣਾ ਵਿਖੇ ਹੈਂਡਬਾਲ, ਬਾਸਕਿਟਬਾਲ, ਸਾਈਕਲਿੰਗ ਅਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਲੁਧਿਆਣਾ ਵਿਖੇ 19 ਫਰਵਰੀ ਨੂੰ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸਿੰਚਾਈ ਮੰਤਰੀ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਅਤੇ ਵਿਸ਼ੇਸ਼ ਮਹਿਮਾਨ ਲੁਧਿਆਣਾ (ਪੂਰਬੀ) ਹਲਕੇ ਦੇ ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ ਹੋਣਗੇ।ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ 3 ਕਰੋੜ ਰੁਪਏ ਦੀ ਰਾਸ਼ੀ ਨਕਦ ਇਨਾਮ ਵਜੋਂ ਦਿੱਤੀ ਜਾਵੇਗੀ, ਜਦਕਿ ਇਨ੍ਹਾਂ ਖੇਡਾਂ ਦਾ ਕੁੱਲ ਬਜਟ 7.5 ਕਰੋੜ ਰੁਪਏ ਹੈ। 

ਉਨ੍ਹਾਂ ਦੱਸਿਆ ਕਿ ਸਾਰੇ ਖੇਡ ਮੁਕਾਬਲਿਆਂ ਦੌਰਾਨ ਸੋਨਾ, ਚਾਂਦੀ ਅਤੇ ਕਾਂਸੀ ਦੇ 600-600 ਤਮਗੇ ਜੇਤੂ ਖ਼ਿਡਾਰੀਆਂ ਨੂੰ ਦਿੱਤੇ ਜਾਣਗੇ। ਜਦਕਿ ਸੋਨੇ ਦਾ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ 25000 ਰੁਪਏ, ਚਾਂਦੀ ਦਾ ਤਮਗਾ ਜਿੱਤਣ ਵਾਲੇ ਨੂੰ 17000 ਰੁਪਏ ਅਤੇ ਕਾਂਸੀ ਦਾ ਤਮਗਾ ਜਿੱਤਣ ਵਾਲੇ ਖਿਡਾਰੀ ਨੂੰ 12000 ਰੁਪਏ ਇਨਾਮੀ ਰਾਸ਼ੀ ਨਾਲ ਨਿਵਾਜ਼ਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਡਾਂ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਵੇਂ ਟੀਮ ਜੇਤੂ ਰਹੇ ਜਾਂ ਵਿਅਕਤੀਗਤ ਖ਼ਿਡਾਰੀ, ਸਾਰੇ ਖ਼ਿਡਾਰੀਆਂ ਨੂੰ ਬਰਾਬਰ ਇਨਾਮੀ ਰਾਸ਼ੀ ਨਾਲ ਨਿਵਾਜ਼ਿਆ ਜਾਵੇਗਾ। ਉਨ੍ਹਾਂ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਖੇਡਾਂ ਵਿੱਚ ਬਿਨਾ ਕਿਸੇ ਸ਼ਕਤੀਵਰਧਕ ਦਵਾਈ ਦੇ ਇਸਤੇਮਾਲ ਕੀਤਿਆਂ ਭਾਗ ਲੈਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜੇ. ਕੇ. ਜੈਨ, ਸੀਨੀਅਰ ਅਕਾਲੀ ਆਗੂ ਸ੍ਰ. ਮਾਨ ਸਿੰਘ ਗਰਚਾ, ਜ਼ਿਲ੍ਹਾ ਖੇਡ ਅਫ਼ਸਰ ਸ੍ਰ. ਸਤਪਾਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਸ੍ਰ. ਸੁਖਚੈਨ ਸਿੰਘ ਢੀਂਡਸਾ, ਖੇਡ ਵਿਭਾਗ ਦੇ ਕਈ ਅਧਿਕਾਰੀ ਅਤੇ ਕੋਚ ਵੀ ਹਾਜ਼ਰ ਸਨ।