5 Dariya News

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਕੌਮੀ ਸਾਹਿਤਕ ਸੰਮੇਲਨ 'ਅਭਿਵਿਅਕਤੀ-2016' ਦੂਜੇ ਦਿਨ ਹਾਸ ਵਿਅੰਗ ਅਭਿਨੈ ਰਾਹੀਂ ਰੌਣਕਾਂ ਬਿਖੇਰਦਾ ਹੋਇਆ ਸਮਾਪਤ

ਦੇਸ਼ ਭਰ 'ਚੋਂ ਆਏ ਵਿਦਿਆਰਥੀਆਂ ਨੇ ਵੱਖ-ਵੱਖ ਸਾਹਿਤਕ ਮੁਕਾਬਲਿਆਂ 'ਚ ਵਿਖਾਏ ਆਪਣੀ ਸਾਹਿਤਕ ਪ੍ਰਤਿਭਾ ਦੇ ਜੌਹਰ

5 Dariya News

ਘੜੂੰਆਂ 02-Feb-2016

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦਾ ਕੌਮੀ ਸਾਹਿਤਕ ਸੰਮੇਲਨ 'ਅਭਿਵਿਅਕਤੀ-2016' ਅੱਜ ਇੱਥੇ ਉੱਘੇ ਹਾਸ ਵਿਅੰਗ ਅਭਿਨੇਤਾ ਸੁਰੇਸ਼ ਅਲਬੇਲਾ ਦੀ ਕਾਮੇਡੀ ਰਾਹੀਂ ਰੌਣਕਾਂ ਬਿਖੇਰਦਾ ਹੋਇਆ ਸਮਾਪਤ ਹੋ ਗਿਆ। ਇਸ ਦੋ ਰੋਜ਼ਾ ਸਾਹਿਤ ਮੇਲੇ 'ਚ ਦੇਸ਼ ਭਰ ਦੇ ਪ੍ਰਸਿੱਧ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ 500 ਤੋਂ ਵੱਧ ਵਿਦਿਆਰਥੀਆਂ ਨੇ ਕਾਵਿ-ਉਚਾਰਣ, ਵਾਦ-ਵਿਵਾਦ, ਕਹਾਣੀ, ਕੁਇਜ਼ ਅਤੇ ਯੂਥ ਪਾਰਲੀਮੈਂਟ ਆਦਿ 15 ਵੱਖ-ਵੱਖ ਸਾਹਿਤਕ ਮੁਕਾਬਲਿਆਂ 'ਚ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਏ। ਰਾਸ਼ਟਰੀ ਪੱਧਰ 'ਤੇ  ਵਿਲੱਖਣ ਪਹਿਚਾਣ ਬਣਾ ਚੁੱਕੇ ਇਸ ਸਾਹਿਤਕ ਸਮਾਗਮ 'ਅਭਿਵਿਅਕਤੀ-2016' ਦੇ ਦੂਜੇ ਦਿਨ ਡਾ. ਸੁਰਜੀਤ ਪਾਤਰ, ਡਾ. ਬਲਦੇਵ ਧਾਲੀਵਾਲ, ਡਾ. ਸੁਰਜੀਤ ਸਿੰਘ, ਡਾ. ਗਗਨਦੀਪ ਸ਼ਰਮਾ, ਡਾ. ਆਨੰਦ ਰਾਠੀ ਅਤੇ ਪਰਵੇਸ਼ ਚੰਦੇਲਾ ਜਿਹੇ ਕਵਿਤਾ, ਹਾਸ ਵਿਅੰਗ ਅਭਿਨੈ, ਸਾਹਿਤ, ਭਾਸ਼ਾ ਅਤੇ ਸੱਿਭਆਚਾਰ ਨਾਲ ਜੁੜੇ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਉੱਘੇ ਵਿਦਵਾਨਾਂ ਨੇ ਮਨੁੱਖੀ ਸੋਚ ਉੱਤੇ ਭਾਰੂ ਪੈਂਦੇ ਜਾ ਰਹੇ ਵਪਾਰਕ ਮਾਹੌਲ ਤੋਂ ਬਚਾਅ ਅਤੇ ਇਸ ਪੱਖੋਂ ਭਾਰਤੀ ਸਾਹਿਤਕਾਰਾਂ ਦੀ ਜ਼ਿੰਮੇਵਾਰੀ ਆਦਿ ਵਿਭਿੰਨ ਪਹਿਲੂਆਂ 'ਤੇ ਵਿਦਿਆਰਥੀਆਂ ਨੂੰ ਨਵੀਂ ਸੇਧ ਪ੍ਰਦਾਨ ਕੀਤੀ।

ਇਸ ਦੋ ਦਿਨਾਂ ਸੰਮੇਲਨ ਦੌਰਾਨ ਨਵੀਂ ਦਿੱਲੀ ਇੰਸਟੀਚਿਊਟ ਆਫ ਮੈਨੇਜਮੈਂਟ ਦੀ ਟੀਮ ਨੇ ਕਹਾਣੀ ਬਿਆਨ ਕਰਨ ਦੇ ਅਹਿਮ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਪੰਜਾਬ ਯੂਨੀਵਰਸਿਟੀ ਦੀ ਟੀਮ ਦੂਜੇ ਸਥਾਨ 'ਤੇ ਰਹੀ। ਕਵਿਤਾ ਨਾਲ ਜੁੜੇ ਸਮੁੱਚੇ ਮੁਕਾਬਲਿਆਂ 'ਚ ਐੱਲ. ਪੀ. ਯੂ. ਫਗਵਾੜਾ ਦੀ ਵਿਜੇਤਾ ਬਣੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਟੀਮ ਇਸ ਮੁਕਾਬਲੇ ਦੌਰਾਨ ਪਹਿਲੀ ਰੱਨਰ ਅੱਪ ਟੀਮ ਬਣਨ 'ਚ ਕਾਮਯਾਬ ਰਹੀ। ਪੰਜਾਬੀ ਕਵਿਤਾ ਦਾ ਮਹੱਤਵਪੂਰਨ ਮੁਕਾਬਲੇ 'ਚ ਪਹਿਲੀ ਪੁਜ਼ੀਸ਼ਨ ਪੰਜਾਬ ਯੂਨੀਵਰਸਿਟੀ ਨੂੰ ਅਤੇ ਦੂਜੀ  ਪੁਜ਼ੀਸ਼ਨ ਦੇਸ਼ ਭਗਤ ਯੂਨੀਵਰਸਿਟੀ ਨੂੰ ਪ੍ਰਾਪਤ ਹੋਈ। ਇਸੇ ਤਰ੍ਹਾਂ ਵਾਦ ਵਿਵਾਦ ਚੈਂਪੀਅਨਸ਼ਿਪ 'ਚ ਵੀ ਐੱਲ. ਪੀ. ਯੂ. ਦੀ ਟੀਮ ਜੇਤੂ ਰਹੀ ਅਤੇ ਐੱਸ. ਡੀ. ਕਾਲਜ ਚੰਡੀਗੜ੍ਹ ਦੀ ਟੀਮ ਨੂੰ ਦੂਜਾ ਸਥਾਨ ਮਿਲਿਆ। ਇਸ ਤੋਂ ਇਲਾਵਾ ਭਾਰਤੀ ਸੰਸਦ ਦੀ ਹੂਬਹੂ ਤਸਵੀਰ ਪੇਸ਼ ਕਰਦੇ 'ਨੌਜਵਾਨ ਸੰਸਦ' ਦੇ ਰੂਪ 'ਚ ਆਯੋਜਿਤ ਕੀਤੇ ਗਏ ਸਮਾਗਮ ਦੇ ਸਭ ਤੋਂ ਮਹੱਤਵਪੂਰਨ ਮੁਕਾਬਲੇ ਨੂੰ ਐੱਸ. ਡੀ. ਕਾਲਜ ਚੰਡੀਗੜ੍ਹ ਦੀ ਟੀਮ ਨੇ 16 ਵੱਖ-ਵੱਖ ਅਦਾਰਿਆਂ ਦੀਆਂ ਟੀਮਾਂ ਨੂੰ ਮਾਤ ਪਾਉਂਦੇ ਹੋਏ ਆਪਣੇ ਨਾਂਅ ਕੀਤਾ।

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਸਾਹਿਤਕ ਸੰਮੇਲਨ 'ਅਭਿਵਿਅਕਤੀ-2016' ਦੇ ਇਨਾਮ ਵੰਡ ਸਮਾਰੋਹ ਦੌਰਾਨ ਵੱਖ-ਵੱਖ ਸਾਹਿਤਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਦੇ ਰੂਪ 'ਚ ਇਨਾਮ ਤਕਸੀਮ ਕੀਤੇ। ਉਨ੍ਹਾਂ ਇਸ ਮੌਕੇ ਆਖਿਆ ਕਿ ਸਾਹਿਤ ਵਿਦਿਆਰਥੀਆਂ ਨੂੰ ਨੈਤਿਕ ਕਦਰਾਂ ਕੀਮਤਾਂ ਪੱਖੋਂ ਸਮਰੱਥ ਬਨਾਉਣ 'ਚ ਅਹਿਮ ਰੋਲ ਅਦਾ ਕਰਦਾ ਹੈ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਰੁਜ਼ਗਾਰ ਲਈ ਜ਼ਰੂਰੀ ਪ੍ਰੋਫੈਸ਼ਨਲ ਅਤੇ ਵਿਵਹਾਰਕ ਤਕਨੀਕੀ ਗਿਆਨ ਦੇ ਨਾਲ-ਨਾਲ ਆਪਣੀ ਸਖ਼ਸ਼ੀਅਤ ਦੇ ਸਰਬਪੱਖੀ ਵਿਕਾਸ ਲਈ ਸਾਹਿਤ ਅਤੇ ਲਲਿਤ ਕਲਾਵਾਂ ਨਾਲ ਜੁੜਨ ਦਾ ਸੁਨੇਹਾ ਦਿੰਦੇ ਹੋਏ ਆਖਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਅਗਲੇ ਵਿੱਦਿਅਕ ਵਰ੍ਹੇ ਤੋਂ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਤਕਨੀਕੀ ਸਿੱਖਿਆ ਦੇ ਨਾਲ ਸਾਹਿਤ ਆਦਿ ਵਿਭਿੰਨ ਖੇਤਰਾਂ 'ਚ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।