5 Dariya News

ਲੋੜਵੰਦਾਂ ਦੀ ਮੱਦਦ ਕਰਨਾ ਮਨੂੱਖਤਾ ਦੀ ਸੇਵਾ ਦਾ ਵੱਡਾ ਕਾਰਜ : ਲਖਮੀਰ ਸਿੰਘ

ਸਵਰਗੀ ਐਚ.ਐਸ ਸੱਚਦੇਵਾ ਟਰੱਸਟ ਵੱਲੋਂ ਸਕੂਲੀ ਬੱਚਿਆਂ ਨੂੰ ਵੰਡਿਆ ਖਾਣ ਪੀਣ ਦਾ ਸਮਾਨ

5 Dariya News

ਐਸ.ਏ.ਐਸ. ਨਗਰ (ਮੁਹਾਲੀ) 01-Feb-2016

ਲੋੜਵੰਦਾਂ ਦੀ ਮੱਦਦ ਕਰਨਾ ਹੀ ਮਨੂੱਖਤਾ ਦੀ ਸੇਵਾ ਦਾ ਵੱਡਾ ਕਾਰਜ ਹੈ । ਸਾਨੂੰ ਸਾਰਿਆਂ ਨੂੰ ਰੱਲ ਮਿਲ ਕੇ ਨਵੇਂ ਅਤੇ ਨਿਰੋਏ ਸਮਾਜ ਦੀ ਸਿਰਜਨਾ ਲਈ ਆਪਣਾ-ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ  ਲਖਮੀਰ ਸਿੰਘ ਨੇ ਸਰਦਾਰ ਹਰੀ ਸਿੰਘ ਮੈਮੋਰੀਅਲ ਇੰਗਲਿਸ਼ ਸਕੂਲ ਇੰਡਸਟਰੀਅਲ ਏਰੀਆ ਫੇਜ਼-8 ਬੀ ਵਿਖੇ ਸਵ: ਐਚ.ਐਸ.ਸੱਚਦੇਵਾ ਟਰੱਸਟ ਵੱਲੋਂ ਸਕੂਲੀ ਬੱਚਿਆਂ ਨੂੰ ਖਾਣ ਪੀਣ ਦਾ ਮੁਫ਼ਤ ਸਮਾਨ ਵੰਡਣ ਉਪਰੰਤ ਆਪਣੇ ਸੰਬੋਧਨ ਵਿੱਚ ਕੀਤਾ। 

ਐਸ.ਡੀ.ਐਮ ਨੇ ਸਰਦਾਰ ਹਰੀ ਸਿੰਘ ਮੈਮੋਰੀਅਲ ਇੰਗਲਿਸ਼ ਸਕੂਲ ਦੀ ਚੇਅਰਪਰਸ਼ਨ ਸ੍ਰੀਮਤੀ ਜਗਜੀਤ ਕੌਰ ਕਾਹਲੋ ਵੱਲੋਂ ਉਦਯੋਗਿਕ ਖੇਤਰ ਵਿੱਚ ਚਲਾਏ ਜਾ ਰਹੇ ਸਕੂਲ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਸ ਸਕੂਲ ਵਿੱਚ ਝੁੰਗੀ ਝੋਪੜੀਆਂ 'ਚ ਰਹਿਣ ਵਾਲੇ ਗਰੀਬ ਬੱਚਿਆਂ ਨੂੰ ਸਿੱਖਿਆ ਦੇਣ ਦਾ ਕੀਤਾ ਜਾ ਰਿਹਾ ਉਪਰਾਲਾ ਬਹੁਤ ਹੀ ਸਲਾਘਾਯੋਗ ਹੈ ਜਿਥੇ ਕਿ  ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਵਰਦੀਆਂ ਆਦਿ ਵੀ ਮੁਫ਼ਤ ਮੁਹੱਈਆ ਕਰਵਾਈਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਵੀ ਇਸ ਸਕੂਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਮਹਿੰਦਰ ਪਾਲ ਸਿੰਘ ਪਾਲੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਸਕੂਲ ਦੇ ਬੱਚਿਆਂ ਨੂੰ ਲੋੜੀਦੀਆਂ ਵਸਤਾਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਚੇਅਰਪਰਸ਼ਨ ਨੇ ਦੱਸਿਆ ਕਿ ਇਸ ਸਕੂਲ ਵਿੱਚ ਉਦਯੋਗਿਕ ਖੇਤਰ ਦੇ ਨੇੜਲੇ ਇਲਾਕੇ ਦੇ ਝੂੰਗੀ ਝੋਪੜੀਆਂ ਵਾਲਿਆਂ ਦੇ 120 ਬੱਚੇ ਸਿੱਖਿਆ ਹਾਸ਼ਲ ਕਰ ਰਹੇ ਹਨ। ਇਸ ਮੌਕੇ ਸੀਨੀਅਰ ਪੱਤਰਕਾਰ ਸ੍ਰੀ ਕੇਵਲ ਸਿੰਘ ਰਾਣਾ, ਯੂਥ ਅਕਾਲੀ ਆਗੂ ਰਾਜਾ ਕੰਵਰ ਜੋਤ ਸਿੰਘ ਮੋਹਾਲੀ  ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।