ਸੰਵਿਧਾਨ ਦੇ ਰਚਨਹਾਰੇ ਡਾ. ਅੰਬੇਦਕਰ ਸਦਕਾ ਹੀ ਅਸੀਂ ਮੌਲਿਕ ਅਧਿਕਾਰਾਂ ਦਾ ਹੱਕ ਮਾਣ ਰਹੇ ਹਾਂ-ਸੋਹਣ ਸਿੰਘ ਠੰਡਲ
ਪੰਜਾਬ ਖਾਸਕਰ ਦੋਆਬੇ ਦੀ ਧਰਤੀ ਤੋਂ ਉੱਠੀਆਂ ਲਹਿਰਾਂ ਸਦਕਾ ਹੀ ਮਿਲਿਆ ਅਜ਼ਾਦੀ ਦਾ ਨਿੱਘ
5 Dariya News
ਖਟਕੜ.ਕਲਾਂ/ਨਵਾਂਸ਼ਹਿਰ 26-Jan-2016
ਸੰਵਿਧਾਨ ਦੇ ਰਚਨਹਾਰੇ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਦਕਾ ਹੀ ਅੱਜ ਅਸੀਂ ਮੌਲਿਕ ਅਧਿਕਾਰਾਂ ਦਾ ਹੱਕ ਮਾਣ ਰਹੇ ਹਾਂ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸਰਕਾਰਾਂ ਚੁਣਨ ਦਾ ਅਧਿਕਾਰ ਰੱਖਦੇ ਹਾਂ।ਇਹ ਪ੍ਰਗਟਾਵਾ ਕੈਬਿਨਟ ਮੰਤਰੀ ਜੇਲ੍ਹਾਂ ਤੇ ਸੈਰ-ਸਪਾਟਾ ਸ. ਸੋਹਣ ਸਿੰਘ ਠੰਡਲ ਨੇ ਅੱਜ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਪ੍ਰਤਿਮਾ ਅੱਗੇ ਦੇਸ਼ ਦੇ 67ਵੇਂ ਗਣਤੰਤਰ ਦਿਵਸ ਮੌਕੇ ਨਤਮਸਤਕ ਹੋਣ ਬਾਅਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਮਾਰਕਫ਼ੈਡ ਦੇ ਚੇਅਰਮੈਨ ਜਰਨੈਲ ਸਿੰਘ ਵਾਹਦ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਿਧਾਇਕ ਬੰਗਾ ਮੋਹਣ ਲਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਵਦੀਪ ਸਿੰਘ ਅਨੋਖਰਵਾਲ, ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬੁੱਧ ਸਿੰਘ ਬਲਾਕੀਪੁਰ, ਸੁਖਦੀਪ ਸਿੰਘ ਸਕਾਰ, ਵੀ ਮੌਜੂਦ ਸਨ।ਠੰਡਲ ਨੇ ਅੱਗੇ ਆਖਿਆ ਕਿ ਜਿਸ ਅਜ਼ਾਦੀ ਅਤੇ ਲੋਕਰਾਜੀ ਮਾਹੌਲ ਦਾ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਉਸ ਵਿੱਚ ਪੰਜਾਬ ਖਾਸ ਕਰ ਦੋਆਬੇ ਦੀ ਦੀ ਧਰਤੀ ਤੋਂ ਉੱਠੀਆਂ ਲਹਿਰਾਂ ਗਦਰ ਲਹਿਰ, ਬੱਬਰ ਅਕਾਲੀ ਲਹਿਰ, ਪੱਗੜੀ ਸੰਭਾਲ ਜੱਟਾ ਆਦਿ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਅਜ਼ਾਦੀ ਵਾਸਤੇ ਹੱਸ ਕੇ ਫਾਂਸੀ ਦੇ ਤਖਤੇ 'ਤੇ ਝੂਲ ਜਾਣਾ, ਸ. ਕਰਤਾਰ ਸਿੰਘ ਸਰਾਭਾ ਜਿਹੇ ਨਿੱਕੀ ਉਮਰ ਦੇ ਜੰਗ-ਏ-ਅਜ਼ਾਦੀ ਦੇ ਸ਼ਹੀਦ ਅਤੇ ਪੰਜਾਬ ਨਾਲ ਸਬੰਧਤ ਜੰਗ-ਏ-ਅਜ਼ਾਦੀ ਦੇ ਬਾਕੀ ਨਾਇਕ ਅੱਜ ਵੀ ਸਾਡੀ ਮਾਣ-ਮੱਤੀ ਵਿਰਾਸਤ ਹੈ, ਜਿਸ ਨੂੰ ਨਵੀਂ ਪੀੜ੍ਹੀ ਤੱਕ ਪੁੱਜਦਾ ਕਰਨ ਲਈ ਕਰਤਾਰਪੁਰ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਜੰਗ-ਏ-ਅਜ਼ਾਦੀ ਯਾਦਗਾਰ ਤੇਜ਼ੀ ਨਾਲ ਉਸਾਰੀ ਜਾ ਰਹੀ ਹੈ ਅਤੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮਿਊਜ਼ੀਅਮ ਦਾ ਵਿਸਤਾਰ ਪ੍ਰਾਜੈਕਟ ਤੇਜ਼ੀ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਧਾਰਮਿਕ ਵਿਰਾਸਤ ਦੇ ਨਾਲ-ਨਾਲ ਪੰਜਾਬ ਦੀ ਵੀਰਤਾ ਵਿਰਾਸਤ ਨੂੰ ਵੀ ਵੱਖ-ਵੱਖ ਯਾਦਗਾਰਾਂ ਦੇ ਨਿਰਮਾਣ ਨਾਲ ਸਾਂਭਿਆ ਜਾ ਰਿਹਾ ਹੈ ਤਾਂ ਜੋ ਪੰਜਾਬ ਤੋਂ ਉੱਠੀਆਂ ਲਹਿਰਾਂ ਦੇ ਇਤਿਹਾਸ ਨੂੰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਸਮੁੱਚੇ ਵਿਸ਼ਵ ਅੱਗੇ ਸਜੀਵ ਤੇ ਸਥਾਈ ਰੂਪ ਵਿੱਚ ਪੇਸ਼ ਕੀਤਾ ਜਾ ਸਕੇ।ਇਸ ਮੌਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਰ ਪ੍ਰਤਾਪ ਸਿੰਘ ਵਿਰਕ, ਐਸ.ਐਸ.ਪੀ. ਸਨੇਹਦੀਪ ਸ਼ਰਮਾ ਅਤੇ ਐਸ.ਡੀ.ਐਮ. ਬੰਗਾ ਸੁਖਪ੍ਰੀਤ ਸਿੰਘ ਸਿੱਧੂ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਰਸ਼ਿਮ ਵਰਮਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।