5 Dariya News

ਕਾਂਗਰਸ ਨੂੰ ਜ਼ੋਰਦਾਰ ਝਟਕਾ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਪਾਰਟੀ ਉਮੀਦਵਾਰ ਅਕਾਲੀ ਦਲ 'ਚ ਸ਼ਾਮਲ

5 ਦਰਿਆ ਨਿਊਜ਼

ਰੂਪਨਗਰ 09-May-2013

ਕਾਂਗਰਸ ਪਾਰਟੀ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਉਸ ਸਮੇਂ ਜ਼ੋਰਦਾਰ ਝਟਕਾ ਲੱਗਾ ਜਦੋਂ ਰੂਪਨਗਰ ਜ਼ਿਲ੍ਹੇ ਵਿਚ ਇਸਦੀ ਉਮੀਦਵਾਰ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿਚ ਕਾਗਜ਼ ਵਾਪਸ ਲੈਣ ਮਗਰੋਂ ਆਪਣੇ ਸੈਂਕੜੇ ਸਮਰਥਕਾਂ ਨਾਲ ਅਕਾਲੀ ਦਲ ਵਿਚ ਸ਼ਾਮਲ ਹੋ ਗਈ। ਰੂਪਨਗਰ ਦੇ ਭਰਤਗੜ੍ਹ ਹਲਕੇ ਤੋਂ ਕਾਂਗਰਸ ਪਾਰਟੀ ਉਮੀਦਵਾਰ ਸ੍ਰੀਮਤੀ ਦਵਿੰਦਰ ਕੌਰ ਨੇ ਅੱਜ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਵਿਚ ਆਪਣੇ ਕਾਗਜ਼ ਵਾਪਸ ਲੈਣ ਮਗਰੋਂ ਆਪਣੇ ਤੇ ਇਲਾਕੇ ਦੇ ਸੀਨੀਅਰ ਕਾਂਗਰਸੀ ਨੇਤਾ ਗੁਰਮੀਤ ਸਿੰਘ ਮੀਤਾ ਤੇ ਸੈਂਕੜੇ ਸਮਰਥਕਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।

ਪਾਰਟੀ ਵਿਚ ਸ਼ਾਮਲ ਹੋਣ 'ਤੇ ਉਹਨਾਂ ਦਾ ਸਵਾਗਤ ਕਰਦਿਆਂ ਅਕਾਲੀ ਦਲ ਦੇ ਸਕੱਤਰ ਅਤੇ ਬੁਲਾਰੇ ਤੇ ਰੂਪਨਗਰ ਹਲਕੇ ਤੋਂ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਸ੍ਰੀਮਤੀ ਦਵਿੰਦਰ ਕੌਰ ਦੇ ਫੈਸਲੇ ਤੋਂ ਕਾਂਗਰਸ ਪਾਰਟੀ ਦੇ ਕੇਡਰ ਦੇ ਰੌਂਅ ਦਾ ਪਤਾ ਚਲਦਾ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਵਰਕਰਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਲਈ ਮਜਬੂਰ ਕਰ ਰਹੀ ਹੈ ਤਾਂ ਕਿ ਚੋਣਾਂ ਲੜਨ ਲਈ ਆਪਣੀ ਹਊਮੈ ਨੂੰ ਸੰਤੁਸ਼ਟ ਕਰ ਸਕੇ। ਉਹਨਾਂ ਕਿਹਾ ਕਿ ਕਾਂਗਰਸ ਦੇ ਵਰਕਰ ਪਾਰਟੀ ਦੇ ਕੰਮਕਾਜ ਤੋਂ ਦੁਖੀ ਹਨ ਕਿਉਂਕਿ ਇਹ ਪਾਰਟੀ ਪੰਜਾਬ ਵਿਰੋਧੀ ਤੇ ਲੋਕ ਵਿਰੋਧੀ ਸਾਬਤ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਉਮੀਦਵਾਰ ਬੀਬੀ ਪ੍ਰੀਤਮ ਕੌਰ ਭਿਓਰਾ ਤੇ ਕੌਂਸਲਰ ਪਰਮਜੀਤ ਸਿੰਘ ਮਕੜ ਵੀ ਹਾਜ਼ਰ ਸਨ।