5 Dariya News

ਮੈਂ ਲਿਖਣਾ ਚਹੁੰਦਾ ਹਾਂ........................... ਦਰਦ ਗਰੀਬਾਂ ਦਾ।

5 Dariya News

22-Jan-2016

ਦੁਨੀਆ ਵਿੱਚ ਇਨਸਾਨ ਨੂੰ ਤਿੰਨ ਚੀਜਾਂ ਉਠੱਣ ਨਹੀਂ ਦਿੰਦੀਆਂ:-ਕਰਜਾ, ਬੀਮਾਰੀ ਤੇ ਗਰੀਬੀ। ਇਨ੍ਹਾਂ ਤਿੰਨਾਂ ਦਾ ਆਪਸ ਵਿੱਚ ਬੜਾ ਗੂੜ੍ਹਾ ਸਬੰਧ ਹੈ। ਪਰ ਜਦੋਂ ਇਨ੍ਹਾਂ ਵਿੱਚੋਂ ਦੋ ਚੀਜਾਂ ਇਨਸਾਨ ਤੇ ਹਾਵੀ ਹੋ ਜਾਣ ਤਾਂ ਫਿਰ ਇਨਸਾਨ ਦਾ ਕੀ ਬਣੇਗਾ? ਇਹੀ ਮੰਜਰ ਇੱਕ ਦਿਨ ਮੈਨੂੰ ਵੇਖਣ ਨੂੰ ਮਿਲਿਆ ਜਦੋਂ ਮੈਨੂੰ ਇਕ ਆਦਮੀ ਮਿਲਿਆ ਜਿਸ ਨੂੰ ਗਰੀਬੀ ਅਤੇ ਬੀਮਾਰੀ ਦੋਨਾਂ ਨੇ ਜਕੜਿਆ ਹੋਇਆ ਸੀ। ਇਸ ਆਦਮੀ ਆਪਣੇ ਸਹੁਰਿਆਂ ਦੇ ਘਰ ਵਿੱਚ ਕਾਫੀ ਦਿਨਾਂ ਤੋਂ ਬੀਮਾਰ ਪਿਆ ਹੋਇਆ ਸੀ। ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ। ਜਦੋਂ ਮੈਂ ਉਨ੍ਹਾਂ ਦੇ ਘਰ ਦੀ ਦਹਿਲੀਜ ਤੇ ਗਿਆ ਤਾਂ ਕੀ ਵੇਖਦਾਂ ਹਾਂ ਕਿ ਇੱਕ ਬੇਵੱਸ ਇਨਸਾਨ ਘਰ ਦੇ ਬਾਹਰਲੇ ਦਰਵਾਜੇ ਦੇ ਨੇੜੇ ਹੀ ਮੰਜੇ ਉਪਰ ਪਿਆ ਹਇਆ ਸੀ। ਸਰਦੀਆਂ ਦੇ ਦਿਨ ਸਨ, ਜਿਸ ਕਰਕੇ ਉਸ ਨੇ ਆਪਣੇ ਉਪਰ ਇੱਕ ਪੁਰਾਣਾ ਜਿਹਾ ਕੰਬਲ ਲਿਆ ਹੋਇਆ ਸੀ। ਮੈਂ ਥੋੜਾ ਜਿਹਾ ਉਸ ਦੇ ਮੰਜੇ ਦੇ ਕੋਲ ਗਿਆ ਤਾਂ ਮੈਂ ਦੇਖਿਆ ਕਿ ਉਸ ਦੀ ਇੱਕ ਸੱਜੀ ਅੱਖ ਦਾ ਅੰਦਰਲਾ ਸਾਰਾ ਹਿੱਸਾ (ਡੇਲਾ) ਬਾਹਰ ਨੂੰ ਆਇਆ ਹੋਇਆ ਸੀ। ਇਹ ਸਭ ਕੁਝ ਵੇਖ ਕੇ ਮੇਰਾ ਹਿਰਦਾ ਪਸੀਝ ਗਿਆ। ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ। ਮੈਂ ਰੋਏ ਬਿਨਾਂ ਨਾ ਰਹਿ ਸਕਿਆ। 

ਮੈਂ ਆਪਣੇ ਹੱਥ ਨਾਲ ਆਪਣੀਆਂ ਅੱਖਾਂ ਨੂੰ ਸਾਫ ਕੀਤਾ। ਇਨੇ ਚਿਰ ਨੂੰ ਇੱਕ ਲਗਭਗ ੨੪-੨੫ ਸਾਲ ਦੀ ਕੁੜੀ ਕੁਰਸੀ ਨੂੰ ਮੇਰੇ ਕੋਲ ਰੱਖਦਿਆਂ ਹੋਇਆਂ ਬੋਲੀ, "ਵੀਰ ਜੀ, ਬੈਠ ਜਾਉ"। ਇਹ ਕੁੜੀ ਹੋਰ ਕਈ ਨਹੀਂ, ਇਸ ਆਦਮੀ ਦੀ ਪਤਨੀ ਸੀ। ਮੈਂ ਕੁਰਸੀ ਤੇ ਬੈਠ ਗਿਆ। ਸਹੁਰੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਲਗਭਗ ਪੰਜ-ਛੇ ਮਹੀਨੇ ਪਹਿਲਾਂ ਇਸ ਦੇ (ਬੀਮਾਰ ਆਦਮੀ) ਸਿਰ ਦਾ ਐਕਸਰਾ ਕਰਵਾਇਆ ਸੀ ਜਿਸ ਦੀ ਰੀਪੋਰਟ ਵੇਖ ਕੇ ਡਾਕਟਰਾਂ ਨੇ ਦੱਸਿਆ ਕਿ ਇਸ ਦੇ ਸਿਰ ਵਿੱਚ ਅੱਖ ਦੇ ਨੇੜੇ ਰਸੌਲੀ ਹੈ। ਅਪਰੇਸ਼ਨ ਹਵੇਗਾ ਤੇ ਖਰਚਾ ਵੀ ਬਹੁਤ ਆਵੇਗਾ। ਅਸੀਂ ਵੀ ਗਰੀਬ ਹਾਂ ਪਰ ਇਸ ਦੀਆਂ ਛੋਟੀਆਂ-ਛੋਟੀਆਂ ਦੋ ਲੜਕੀਆਂ, ਇਨ੍ਹਾਂ ਤੋਂ ਛੋਟਾ ਇਕ ਮੁੰਡਾ ਵੀ ਹੈ। ਘਰ ਵਿੱਚ ਕਮਾਈ ਕਰਨ ਵਾਲਾ ਵੀ ਹੋਰ ਕੋਈ ਨਹੀਂ ਹੈ। ਇਸ ਦੀ ਜਿੰਦਗੀ ਬਚਾਉਣ ਲਈ ਅਸੀਂ ਪੈਸੇ ਕਿਸੇ ਕੋਲੋਂ ਫੜ ਕੇ ਇਸ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਉਪਰੇਸ਼ਨ ਕਰਕੇ ਡਾਕਟਰਾਂ ਨੇ ਰਸੌਲੀ ਕੱਢ ਦਿੱਤੀ। ਉਪਰੇਸ਼ਨ ਦੇ ਪੈਸੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਦੇ ਦਿੱਤੇ, ਪਰ ਹੋਰ ਇਲਾਜ ਲਈ ਸਾਡੇ ਕੋਲ ਪੈਸੇ ਨਹੀਂ ਸਨ। ਅਸੀਂ ਉਪਰੇਸ਼ਨ ਤੋਂ ਬਾਅਦ ਇਸ ਨੂੰ ਹਸਪਤਾਲ ਤੋਂ ਛੁੱਟੀ ਦਿਵਾ ਕੇ ਘਰ ਲੈ ਆਏ। ਪੈਸੇ ਨਾ ਹੋਣ ਕਾਰਨ ਅਸੀਂ ਇਸ ਟਾਂਕੇ ਨਹੀਂ ਕਢਵਾ ਸਕੇ। ਇਸ ਦਾ ਜਖਮ ਦਿਨੋਂ-ਦਿਨ ਵਧਦਾ ਗਿਆ ਤੇ ਅੱਜ ਇਹ ਹਾਲਤ ਬਣ ਗਈ ਹੈ ਇਸ ਦੀ। ਮੇਰੇ ਕੰਨ ਇਹ ਸਭ ਕੁਝ ਸੁਣ ਰਹੇ ਸਨ, ਮੇਰੀਆਂ ਅੱਖਾਂ ਉਸ ਇਨਸਾਨ ਵੱਲ ਵੇਖੀ ਜਾ ਰਹੀਆਂ ਸਨ। 

ਮੈਂ ਸੋਚ ਰਿਹਾ ਸੀ ਇਸ ਹਾਲਤ ਵਿੱਚ ਇਸ ਇਨਸਾਨ ਦੀ ਜਿੰਦਗੀ ਕਿੰਨੀ ਕੁ ਹੋਵੇਗੀ। ਇਸ ਦੁਨੀਆ ਤੇ ਇਹ ਕਿੰਨੇ ਕੁ ਦਿਨ ਦਾ ਮਹਿਮਾਨ ਸੀ, ਇਸ ਦਾ ਅੰਦਾਜਾ ਉਸ ਆਦਮੀ ਦੀ ਹਾਲ ਵੇਖ ਕੇ ਹੀ ਲਾਇਆ ਜਾ ਸਕਦਾ ਸੀ। ਇਹ ਸੋਚਣ ਵਾਲੀ ਗੱਲ ਹੈ ਕਿ ਉਸ ਦੀ ਹਾਲਤ ਦੇ ਕਾਰਨ ਪਰਿਵਾਰ ਵਾਲੇ ਬਹੁਤ ਦੁਖੀ ਸਨ, ਪਰ ਉਹ ਆਦਮੀ ਕਿੰਨਾ ਕੁ ਦੁਖੀ ਹੋਵੇਗਾ ਜਿਹੜਾ ਬੀਮਾਰੀ ਨਾਲ ਜੂਝ ਰਿਹਾ ਹੈ, ਜਿਹੜਾ ਬੋਲ ਕੇ ਆਪਣਾ ਦੁੱਖ ਕਿਸੇ ਨੂੰ ਨਹੀਂ ਦਸ ਸਕਦਾ। ਉਹ ਕਿੰਨਾ ਮਜਬੂਰ ਹੋਵੇਗਾ। ਉਸ ਦੇ ਮਨ ਅੰਦਰ ਕੀ ਕੁਝ ਚਲ ਰਿਹਾ ਹੈ ਇਹ ਤਾਂ ਜਾਂ ਉਹ ਇਨਸਾਨ ਜਾਣਦਾ ਸੀ ਜਾਂ ਫਿਰ ਪਰਮਾਤਮਾ। ਜਿੰਦਗੀ ਵਿੱਚ ਇਹ ਦੁੱਖ-ਸੁੱਖ ਨਾਲ-ਨਾਲ ਚਲਦੇ ਹਨ। ਪਰ ਇਹ ਕਦੋਂ, ਕਿਸ ਤੇ ਆਉਣੇ ਹਨ ਇਹ ਕੋਈ ਨਹੀਂ ਜਾਣਦਾ। ਇਸ ਦਿਨ ਤੋਂ ਲਗਭਗ ਪੰਜ-ਛੇ ਦਿਨਾਂ ਬਾਅਦ ਮੈਨੂੰ ਪਤਾ ਚਲਿਆ ਕਿ ਉਹ ਆਦਮੀ ਇਸ ਦੁਨੀਆ ਵਿੱਚ ਨਹੀਂ ਰਿਹਾ। ਸੁਣ ਕੇ ਬੜਾ ਦੁੱਖ ਹੋਇਆ। ਮੈਂ ਕੇਵਲ ਪਰਿਵਾਰ ਨਾਲ ਦੁੱਖ ਵੰਡਾਉਣ ਤੋਂ ਇਲਾਵਾ ਕੋਈ ਸਹਾਇਤਾ ਨਹੀਂ ਕਰ ਸਕਿਆ।     

(ਗੁਰਪ੍ਰੀਤ ਸਿੰਘ)

ਪਿੰਡ ਤੇ ਡਾਕ: ਮਾਹਣੇਕੇ,

ਤਹਿ: ਪੱਟੀ, (ਤਰਰਨਤਾਰਨ)

ਮੋ: ਨੰ:84374-60540