5 Dariya News

ਕਿਸਾਨ ਖੁਦਕੁਸ਼ੀਆਂ ਲਈ ਬਾਦਲ ਸਰਕਾਰ ਜ਼ਿੰਮੇਵਾਰ : ਪ੍ਰੋ ਸਾਧੂ ਸਿੰਘ

5 Dariya News

ਚੰਡੀਗੜ੍ਹ 19-Jan-2016

ਆਮ ਆਦਮੀ ਪਾਰਟੀ ਦੇ ਫ਼ਰੀਦਕੋਟ ਐਮ ਪੀ ਪ੍ਰੋ ਸਾਧੂ ਸਿੰਘ ਨੇ ਕਿਸਾਨਾਂ ਦੁਆਰਾ ਕੀਤੀਆਂ ਜਾ ਰਹੀਆਂ ਲਗਾਤਾਰ ਖੁਦਕੁਸ਼ੀਆਂ ਲਈ ਪੰਜਾਬ ਵਿਚਲੀ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਜ਼ਿਮੇਵਾਰ ਦੱਸਿਆ ਹੈ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਵੱਡੀ ਗਿਣਤੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਬਾਦਲ ਸਰਕਾਰ ਸਹਾਈ ਹੋਣ ਵਿਚ ਬੁਰੀ ਤਰ੍ਹਾਂ ਫੇਲ੍ਹ ਸਿੱਧ ਹੋ ਰਹੀ ਹੈ। ਇਹ ਕਿੱਡੀ ਚਿੰਤਾ ਵਾਲੀ ਗੱਲ ਹੈ ਕਿ ਹਰ ਰੋਜ਼ ਹੀ ਕਿਸਾਨਾਂ ਵੱਲੋਂ ਖੁਦਕੁਸ਼ੀ ਕਰ ਜਾਣ ਦੀਆਂ ਖਬਰਾਂ ਆ ਰਹੀਆਂ ਹਨ।ਬੀਤੇ ਦਿਨੀ ਮਾਨਸਾ ਜਿਲ੍ਹਾ ਦੇ ਕਰਜ਼ੇ ਹੇਠ ਦੱਬੇ ਦੋ ਨੌਜਵਾਨ ਕਿਸਾਨਾਂ ਨੇ ਇਸ ਕਰ ਕੇ ਖੁਦਕੁਸ਼ੀ ਕਰ ਲਈ ਕਿਉਂ ਕਿ ਉਨ੍ਹਾਂ ਦੀ ਕਪਾਹ ਨੂੰ ਚਿੱਟੇ ਮੱਛਰ ਨੇ ਨਿਗਲ ਲਿਆ। ਜਿਲ੍ਹਾ ਦੇ ਪਿੰਡ ਮਾਖੇ ਵਾਲ ਦਾ ਖੁਦਕੁਸ਼ੀ ਕਰਨ ਵਾਲਾ ਕਿਸਾਨ ਅਮਨ ਦੀਪ  ਮਸੀਂ 23 ਵਰ੍ਹਿਆਂ ਦਾ ਸੀ, ਉਹ ਐਤਵਾਰ ਆਪਣੇ ਘਰ ਵਿਚ ਰੱਸੀ ਨਾਲ ਲਟਕਿਆ ਮਿਲਿਆ ਜਦ ਕਿ ਦੂਸਰਾ ਕਿਸਾਨ 35 ਵਰ੍ਹਿਆਂ ਦਾ ਪਿੰਡ ਰੱਲਾ ਦਾ ਰਹਿਣ ਵਾਲਾ ਸੀ, ਇਸ ਕਿਸਾਨ ਕੋਲ ਸਿਰਫ ਸੱਤ ਕਨਾਲ ਜ਼ਮੀਨ ਸੀ ਅਤੇ ਉਹ ਭੱਠਾ ਮਜ਼ਦੂਰ ਸੀ।

ਇਸ ਤਰ੍ਹਾਂ ਇਕ ਹੋਰ ਇਸ ਜ਼ਿਲ੍ਹਾ ਦੇ ਪਿੰਡ ਬੋਡਾ ਦੇ 45 ਵਰ੍ਹਿਆਂ ਦੇ ਕਿਸਾਨ ਨੇ ਵੀ ਖੁਦਕੁਸ਼ੀ ਕਰ ਲਈ। ਦਸ ਏਕੜ ਦੇ ਮਾਲਕ ਖੁਦਕੁਸ਼ੀ ਕਰਨ ਵਾਲੇ ਗੁਰਮੇਲ ਸਿੰਘ 'ਤੇ 16 ਲੱਖ ਦਾ ਕਰਜ਼ਾ ਸੀ ਅਤੇ ਉਸ ਦੀ ਕਪਾਹ ਚਿੱਟਾ ਮੱਛਰ ਖਾ ਗਿਆ।ਪ੍ਰੋ ਸਾਧੂ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਕਪਾਹ ਪੱਟੀ ਵਿਚ ਚਿੱਟੇ ਮੱਛਰ 'ਤੇ ਦਵਾਈਆਂ ਅਸਰ ਨਹੀਂ ਕਰ ਰਹੀਆਂ ਅਤੇ ਚਿੱਟੇ ਮੱਛਰ ਨੇ ਤਬਾਹੀ ਮਚਾਈ ਹੋਈ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਸੂਬੇ ਵਿਚ ਸਰਕਾਰ ਦਾ ਸਹਾਰਾ ਪ੍ਰਾਪਤ ਵਪਾਰੀਆਂ ਦੁਆਰਾ ਨਕਲੀ ਕੀਟਨਾਸ਼ਕ ਦਵਾਈਆਂ ਧੜੱਲੇ ਨਾਲ ਵੇਚੀਆਂ ਜਾ ਰਹੀਆਂ ਹਨ, ਜਿੰਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਰੋਕ ਟੋਕ ਨਹੀਂ ਹੈ। ਇਸ ਬਾਰੇ ਸਮੇਂ ਸਮੇਂ ਤੇ ਕਿਸਾਨ ਜਥੇਬੰਦੀਆਂ ਵੀ ਆਵਾਜ਼ ਉਠਾਉਂਦੀਆਂ ਰਹੀਆਂ ਹਨ ਪਰ ਸਰਕਾਰ ਖਾਮੋਸ਼ ਹੈ।  ਉਨ੍ਹਾਂ ਸਰਕਾਰ ਤੋਂ ਕਿਸਾਨਾਂ ਦੇ ਨੁਕਸਾਨ ਦੀ ਤੁਰੰਤ ਹੀ ਪੂਰਤੀ ਕਰਨ ਦੀ ਮੰਗ ਕੀਤੀ ਹੈ।