ਕੇਂਦਰੀ ਜੇਲ੍ਹ ਲੁਧਿਆਣਾ ਵਿਖੇ 61 ਲੱਖ ਰੁਪਏ ਦੀ ਲਾਗਤ ਨਾਲ ਸੂਬੇ ਦਾ ਪਹਿਲਾਂ ਆਟੋ-ਮੈਟਿਕ ਬੇਕਰੀ ਯੂਨਿਟ ਸਥਾਪਿਤ
ਸੂਬੇ 'ਚ ਜਲਦੀ ਹੀ 5 ਅਤਿ-ਆਧੁਨਿਕ ਨਵੀਆਂ ਜੇਲ੍ਹਾਂ ਬਣਾਈਆਂ ਜਾਣਗੀਆਂ-ਸੋਹਣ ਸਿੰਘ ਠੰਡਲ
5 Dariya News
ਲੁਧਿਆਣਾ 18-Jan-2016
ਸੋਹਣ ਸਿੰਘ ਠੰਡਲ ਜੇਲ੍ਹਾਂ ਅਤੇ ਸਭਿਆਚਾਰਕ ਮਾਮਲੇ ਨੇ ਅੱਜ ਇੱਥੇ ਕੇਂਦਰੀ ਜੇਲ੍ਹ ਵਿਖੇ 61 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਗਏ ਸੂਬੇ ਦੇ ਪਹਿਲੇ ਅਤੇ ਨਿਵੇਕਲੀ ਕਿਸਮ ਦੇ ਪਹਿਲੇ ਆਟੋ-ਮੈਟਿਕ ਬੇਕਰੀ ਯੂਨਿਟ ਦਾ ਉਦਘਾਟਨ ਕੀਤਾ। ਇਹ ਬੇਕਰੀ ਯੂਨਿਟ ਰਾਜ ਭਰ ਵਿੱਚ ਵਧੀਆਂ ਕੁਆਲਟੀ ਦੇ ਬਿਸਕੁੱਟ ਅਤੇ ਨਮਕੀਨ ਆਦਿ ਸਪਲਾਈ ਕਰਨ ਦੇ ਸਮਰੱਥ ਹੈ ਅਤੇ ਲੁਧਿਆਣਾ ਜੇਲ੍ਹ ਲਈ ਬਿਸਕੁੱਟਾਂ ਦੀ ਸਪਲਾਈ ਲਗਾਏ ਗਏ ਟੈਂਡਰ ਵੀ ਰੱਦ ਕਰ ਦਿੱਤੇ ਗਏ ਹਨ। ਇਸ ਸਮੇਂ ਉਹਨਾਂ ਨਾਲ ਮਦਨ ਲਾਲ ਬੱਗਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਲੁਧਿਆਣਾ-1, ਸ੍ਰੀ ਹੀਰਾ ਸਿੰਘ ਗਾਬੜੀਆ ਪ੍ਰਧਾਨ ਜ਼ਿਲ੍ਹਾ ਯੋਜਨਾ ਬੋਰਡ ਅਤੇ ਸਾਬਕਾ ਮੰਤਰੀ, ਸ੍ਰੀ ਸੰਜੇ ਕੁਮਾਰ ਪ੍ਰਿੰਸੀਪਲ ਸੈਕਟਰੀ ਹੋਮ (ਜੇਲ੍ਹਾ) ਅਤੇ ਸ੍ਰੀ ਰਾਜਪਾਲ ਮੀਨਾ ਏ.ਡੀ.ਪੀ.ਜੀ. (ਜੇਲ੍ਹਾਂ) ਵੀ ਹਾਜ਼ਰ ਸਨ।ਸ੍ਰੀ ਠੰਡਲ ਨੇ ਦੱਸਿਆ ਕਿ ਸੂਬੇ ਵਿੱਚ ਜਲਦੀ ਹੀ 5 ਅਤੀ-ਆਧੁਨਿਕ ਜੇਲ੍ਹਾਂ ਉਸਾਰੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਹਨਾਂ ਜੇਲ੍ਹਾਂ ਦੀਆਂ ਬੈਰਕਾਂ ਵਿੱਚ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਅਤੇ ਸਪੋਰਟਸ ਅਤੇ ਯੋਗਾ ਦੀ ਸਹੂਲਤ ਦਿੱਤੀ ਜਾਵੇਗੀ ਤਾਂ ਜੋ ਕੈਦੀ ਦਿਮਾਗੀ ਅਤੇ ਸਰੀਰਕ ਤੌਰ 'ਤੇ ਤੰਦਰੁਸਤ ਰਹਿ ਸਕਣ। ਇਹਨਾਂ ਦੇ ਬਣਨ ਨਾਲ ਜੇਲ੍ਹਾਂ 'ਚ ਬੈਰਕਾਂ ਦੀ ਘਾਟ ਖਤਮ ਹੋ ਜਾਵੇਗੀ। ਉਹਨਾਂ ਦੱਸਿਆ ਕਿ ਜੇਲ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਅਸਲੀ ਸੁਧਾਰ ਘਰ ਬਣਾ ਦਿੱਤਾ ਜਾਵੇਗਾ।
ਸਮਾਗਮ ਨੂੰ ਸੰਬੋਧਨ ਕਰਦਿਆ ਸ੍ਰੀ ਠੰਡਲ ਨੇ ਦੱਸਿਆ ਕਿ ਪੰਜਾਬ ਸਰਕਾਰ ਕੈਦੀਆਂ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜੇਲ੍ਹਾਂ ਵਿੱਚ ਹੁਨਰਮੰਦ ਤੇ ਮਿਹਨਤੀ ਕੈਦੀਆਂ ਦੇ ਜੀਵਨ 'ਚ ਸੁਧਾਰ ਲਿਆਉਣ ਅਤੇ ਰੋਜ਼ਗਾਰ ਦੇ ਮੌਕੇ ਦੇਣ ਪ੍ਰਦਾਨ ਕਰਨ ਲਈ ਸਿਖਲਾਈ ਅਤੇ ਕੰਮ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਸੂਬੇ ਦੀਆਂ ਜੇਲ੍ਹਾਂ ਵਿੱਚ ਕੋਈ ਮੁਰੰਮਤ ਜਾ ਉਸਾਰੀ ਦਾ ਕੰਮ ਕਰਵਾਉਣਾ ਹੁੰਦਾ ਹੈ ਉੋਸ ਲਈ ਲੇਬਰ ਮਿਸਤਰੀ ਆਦਿ ਜੇਲ੍ਹ ਦੇ ਅੰਦਰੋਂ ਹੀ ਲਏ ਜਾਂਦੇ ਹਨ ਅਤੇ ਉਹਨਾਂ ਨੂੰ ਮਿਹਨਤਾਨਾਂ ਵੀ ਮਾਰਕੀਟ ਦੇ ਰੇਟਾਂ ਮੁਤਾਬਿਕ ਦਿੱਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਅਜਿਹਾ ਹੋਣ ਨਾਲ ਜਿੱਥੇ ਕੈਦੀਆਂ ਦੇ ਜੀਵਨ ਵਿੱਚ ਸੁਧਾਰ ਆਵੇਗਾ, ਉਥੇ ਪਰਿਵਾਰ ਦੇ ਪਾਲਣ-ਪੋਸ਼ਣ ਹਿੱਤ ਰੋਜ਼ਗਾਰ ਵੀ ਜੇਲ੍ਹ ਵਿੱਚ ਹੀ ਮਿਲ ਸਕੇਗਾ। ਉਹਨਾਂ ਦੱਸਿਆ ਕਿ ਸਿੱਖਣ ਦੇ ਚਾਹਵਾਨ ਕੈਦੀਆਂ ਦੇ ਲਈ ਜੇਲ੍ਹ ਦੇ ਅੰਦਰ ਹੀ ਕਿੱਤਾ-ਮੁੱਖੀ ਸਿਖਲਾਈ, ਕੰਪਿਊਟਰ, ਬੇਕਰੀ, ਫਰਨੀਚਰ, ਸਿਲਾਈ ਅਤੇ ਕੱਪੜੇ ਆਦਿ ਦੀ ਸਿਖਲਾਈ ਦਿੱਤੀ ਜਾਂਦੀ ਹੈ।ਸ੍ਰੀ ਠੰਡਲ ਨੇ ਜੇਲ੍ਹ ਵਿੱਚ ਬੇਕਰੀ ਯੂਨਿਟ, ਫਰਨੀਚਰ ਅਤੇ ਕੱਪੜੇ ਆਦਿ ਤੋਂ ਵਸਤੂਆਂ ਬਣਾਉਣ ਵਾਲੇ ਯੂਨਿਟ ਦਾ ਦੌਰਾ ਕੀਤਾ ਅਤੇ ਬੇਕਰੀ ਯੂਨਿਟ ਦੇ ਕਰਮਚਾਰੀਆਂ ਸਲੀਕੇ, ਹੱਥਾਂ ਵਿੱਚ ਦਸਤਾਨੇ ਤੇ ਯੋਗ ਪਹਿਰਾਵੇ ਤੋਂ ਬੇਹੱਦ ਪ੍ਰਭਾਵਿਤ ਹੋਏ। ਇਸ ਮੌਕੇ 'ਤੇ ਹਾਜ਼ਰ ਜੇਲ੍ਹ ਸੁਪਰਡੰਟ ਸ੍ਰੀ ਐਸ.ਪੀ.ਖੰਨਾ ਨੇ ਦੱਸਿਆ ਕਿ ਇਹ ਆਟੋ—-ਮੈਟਿਕ ਬੇਕਰੀ ਯੂਨਿਟ ਜਿੱਥੇ ਮਿਆਰੀ ਕਿਸਮ ਦੇ 15-20 ਕੁਇੰਟਲ ਬਿਸਕੁੱਟ ਅਤੇ ਨਮਕੀਨ ਰੋਜ਼ਾਨਾ ਬਣਾਉਣ ਦੇ ਸਮਰੱਥ ਹੈ, ਉਥੇ ਹੀ 100 ਦੇ ਕਰੀਬ ਕੈਦੀਆਂ ਨੂੰ ਰੋਜ਼ਗਾਰ ਦੇਣ ਦੇ ਵੀ ਸਮਰੱਥ ਹੈ।ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਡੀ.ਆਈ.ਜੀ. ਜੇਲ੍ਹਾਂ ਸ੍ਰੀ ਲਖਮਿੰਦਰ ਸਿੰਘ ਅਤੇ ਹੋਰ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਸਨ।