ਸਰਕਾਰ 2016 ਦਾ ਵਰ੍ਹਾ ਸੂਬੇ 'ਚ ਵਿਕਾਸ ਵਰ੍ਹੇ ਵਜੋਂ ਮਨਾਏਗੀ: ਸਿਕੰਦਰ ਸਿੰਘ ਮਲੂਕਾ
ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਲੋਹੜੀ ਦਾ ਤਿਉਹਾਰ ਮਨਾਇਆ
5 Dariya News
ਚੰਡੀਗੜ੍ਹ 12-Jan-2016
ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਪੰਜਾਬ ਵੱਲੋਂ ਅੱਜ ਮੋਹਾਲੀ ਵਿਖੇ ਵਿਕਾਸ ਭਵਨ ਵਿੱਚ ਸੂਬਾ ਪੱਧਰੀ ਲੋਹੜੀ ਮੇਲਾ ਅਤੇ ਸ਼ਾਨਦਾਰ ਸੱਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ। ਲੋਹੜੀ ਦੇ ਪਵਿੱਤਰ ਤਿਉਹਾਰ 'ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਭਾਗ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ 2016 ਦਾ ਵਰ੍ਹਾ ਸੂਬੇ 'ਚ ਵਿਕਾਸ ਵਰ੍ਹੇ ਵਜੋਂ ਮਨਾਇਆ ਜਾਵੇਗਾ। ਇਸ ਸਾਲ ਪਿੰਡਾਂ ਦੇ ਵਿਕਾਸ ਲਈ 1977 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮੰਤਵ ਦੀ ਪੂਰਤੀ ਲਈ ਪੰਚਾਇਤਾਂ ਬਹੁਤ ਵੱਡੀ ਭੂਮਿਕਾ ਨਿਭਾਉਣਗੀਆਂ। ਮਲੂਕਾ ਨੇ ਕਿਹਾ ਕਿ ਬੇਸ਼ੱਕ ਅਜੇ ਵੀ ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ, ਪਰ ਪੰਜਾਬ ਦੇ ਪਿੰਡਾਂ ਦੇ ਬਹੁ-ਪੱਖੀ ਵਿਕਾਸ ਦੇ ਮੁਕਾਬਲੇ ਵਿੱਚ ਦੇਸ਼ ਦੇ ਦੂਜੇ ਰਾਜਾਂ ਦੇ ਪਿੰਡਾਂ ਨਾਲ ਕੋਈ ਮੁਕਾਬਲਾ ਨਹੀਂ ਹੈ, ਕਿਉਂਕਿ ਜੋ ਪੰਜਾਬ ਦੇ ਪਿੰਡ ਵਿਕਾਸ ਦੇ ਪੱਖੋਂ ਬਹੁਤ ਅੱਗੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਰ੍ਹੇ ਵਿਕਾਸ ਲਈ ਮਿਲਣ ਵਾਲੇ ਫੰਡਾਂ ਦੀ ਬਾਕਾਇਦਾ ਜਾਂਚ ਹੋਵੇਗੀ ਅਤੇ ਸਾਰੇ ਕੰਮ ਪਾਰਦਰਸ਼ਤਾ ਨਾਲ ਕਰਨ ਦੀਆਂ ਸਖ਼ਤ ਹਦਾਇਤਾਂ ਹਨ।
ਮਲੂਕਾ ਨੇ ਕਿਹਾ ਕਿ ਵਿਕਾਸ ਦੇ ਕੰਮ ਸਾਰਿਆਂ ਦੇ ਸਹਿਯੋਗ ਨਾਲ ਸੰਭਵ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਫਰਵਰੀ ਅਤੇ ਮਾਰਚ ਮਹੀਨਿਆਂ ਵਿੱਚ ਪਿੰਡਾਂ ਦੇ ਬਲਾਕ ਅਤੇ ਜ਼ਿਲ੍ਹਾ ਪੱਧਰ ਦੇ ਮੁਕਾਬਲੇ ਕਰਾਏ ਜਾਣਗੇ ਅਤੇ ਇਸ ਤੋਂ ਬਾਅਦ ਸੂਬਾ ਪੱਧਰੀ ਮੁਕਾਬਲੇ ਕਰਾਏ ਜਾਣਗੇ।ਸ. ਮਲੂਕਾ ਨੇ ਸਮੁੱਚੇ ਪੰਜਾਬੀਆਂ ਨੂੰ ਲੋਹੜੀ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਪੰਜਾਬ ਤਿਉਹਾਰਾਂ ਦਾ ਸੂਬਾ ਹੈ ਅਤੇ ਪੰਜਾਬੀ ਸਦਾ ਸਦਭਾਵਨਾ ਅਤੇ ਭਾਈਚਾਰਕ ਸਾਂਝ ਨਾਲ ਸਾਰੇ ਤਿਉਹਾਰ ਰਲ਼ ਮਿਲ਼ ਕੇ ਮਨਾਉਂਦੇ ਹਨ। ਉਨ੍ਹਾਂ ਨੇ ਇਸ ਮੌਕੇ 'ਤੇ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਕਰਾਏ ਇਸ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵੱਖ-ਵੱਖ ਸਮਾਗਮ ਕਰਾਏ ਜਾਣਗੇ ਤਾਂ ਕਿ ਨੌਜਵਾਨ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੁੜੇ ਰਹਿਣ।ਇਸ ਮੌਕੇ 'ਤੇ ਵਿੱਤੀ ਕਮਿਸ਼ਨਰ ਵਿਕਾਸ ਡਾ. ਰੌਸ਼ਨ ਸੁੰਕਾਰੀਆ ਆਈ.ਏ.ਐਸ. ਵੱਲੋਂ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਅਤੇ ਉਨ੍ਹਾਂ ਪੰਜਾਬ ਭਰ ਤੋਂ ਆਏ ਸਵੈ-ਸਹਾਇਤਾ ਸਮੂਹਾਂ ਵੱਲੋਂ ਲਾਈਆਂ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ। ਇਸ ਸਮੇਂ ਵਿਭਾਗ ਦੇ ਡਾਇਰੈਕਟਰ ਸ. ਸੁਖਜੀਤ ਸਿੰਘ ਬੈਂਸ ਆਈ.ਏ.ਐਸ. ਨੇ ਆਪਣੇ ਸੰਬੋਧਨ ਵਿੱਚ ਸ. ਸਿਕੰਦਰ ਸਿੰਘ ਮਲੂਕਾ ਅਤੇ ਦੂਰ-ਦੂਰ ਤੋਂ ਆਏ ਪੰਚਾਇਤੀ ਨੁਮਾਇੰਦਿਆਂ ਦਾ ਸਵਾਗਤ ਕੀਤਾ। ਲੋਹੜੀ ਦੇ ਇਸ ਸਮਾਗਮ ਵਿੱਚ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਗਿੱਧਾ, ਭੰਗੜਾ, ਬੋਲੀਆਂ ਅਤੇ ਹੋਰ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਲੋਹੜੀ ਬਾਲਣ ਦਾ ਰਸਮੀ ਉਦਘਾਟਨ ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਦਾ ਸੰਚਾਲਨ ਡਿਪਟੀ ਡਾਇਰੈਕਟਰ ਰਮਿੰਦਰ ਕੌਰ ਬੁੱਟਰ ਵੱਲੋਂ ਬਾਖੂਬੀ ਕੀਤਾ ਗਿਆ।