5 Dariya News

ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੇ ਨਸਲ ਸੁਧਾਰ ਅਤੇ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਸਦਕਾ ਰਾਜ ਦੁੱਧ ਉਤਪਾਦਨ ਵਿਚ ਦੇਸ਼ ਦਾ ਮੋਹਰੀ ਸੂਬਾ ਬਣਿਆ : ਜਥੇਦਾਰ ਤੋਤਾ ਸਿੰਘ

ਪੰਜਾਬ ਸਰਕਾਰ ਵੱਲੋਂ ਦੇਸ਼ੀ ਨਸਲ ਦੀਆਂ ਗਾਵਾਂ, ਮੁਰ੍ਹਾ ਅਤੇ ਨੀਲੀ ਰਾਵੀ ਨਸਲ ਦੀਆਂ ਮੱਝਾਂ ਦੀ ਨਸਲ ਸੁਧਾਰ ਲਈ ਵਿਸ਼ੇਸ਼ ਉਪਰਾਲੇ

5 Dariya News

ਸ਼੍ਰੀ ਮੁਕਤਸਰ ਸਾਹਿਬ 10-Jan-2016

ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀ ਨਸਲ ਸੁਧਾਰ ਅਤੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਇਲਾਜ ਸਮੇਤ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਸਦਕਾ ਰਾਜ ਅੰਦਰ ਦੁੱਧ ਉਤਪਾਦਨ ਵਿਚ ਵੱਡਾ ਵਾਧਾ ਹੋਇਆ ਹੈ ਅਤੇ ਪੰਜਾਬ ਅੰਦਰ ਦੁੱਧ ਦੀ ਪ੍ਰਤੀ ਵਿਅਕਤੀ ਉਪਲਬੱਧਤਾ 923 ਗ੍ਰਾਮ ਹੈ। ਜਿਸ ਸਦਕਾ ਦੁੱਧ ਉਤਪਾਦਨ ਦੇ ਖੇਤਰ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਇਹ ਪ੍ਰਗਟਾਵਾ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਚੱਲ ਰਹੀ 8ਵੀਂ ਕੌਮੀ ਪਸ਼ੂਧਨ ਚੈਪੀਅਨਸ਼ਿਪ ਅਤੇ ਐਕਸਪੋ 2016 ਦੇ ਤੀਜੇ ਦਿਨ ਸਮਾਗਮ ਵਿਚ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕਰਨ ਉਪਰੰਤ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ।ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ  ਸ. ਸੁਖਬੀਰ ਸਿੰਘ ਬਾਦਲ ਦੀ ਦੂਰ-ਅੰਦੇਸ਼ੀ ਦਾ ਸਿੱਟਾ ਹੈ ਕਿ ਪੰਜਾਬ ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਪਸ਼ੂਆਂ ਦੇ ਨਸਲ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਦੁੱਧ ਉਤਪਾਦਨ ਵਿਚ ਵੱਧ ਤੋਂ ਵੱਧ ਵਾਧਾ ਕਰਕੇ ਪਸ਼ੂ ਪਾਲਕਾਂ ਨੂੰ ਵੱਧ ਤੋਂ ਵੱਧ ਆਰਥਿਕ ਲਾਭ ਦਿੱਤਾ ਜਾ ਸਕੇ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੋਕਲ ਮਿਸ਼ਨ ਤਹਿਤ ਦੇਸੀ ਨਸਲ ਦੀਆਂ ਗਾਵਾਂ ਪਾਲਣ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮ ਸਥਾਪਿਤ ਕਰਨ ਤੇ 50 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਸ਼ੂ ਪਾਲਕਾਂ ਦੀ ਮਿਹਨਤ ਦਾ ਹੀ ਸਿੱਟਾ ਹੈ ਕਿ ਪੰਜਾਬ ਦੇਸ਼ ਦੇ ਦੁੱਧ ਉਤਪਾਦਨ ਵਿਚ ਆਪਣਾ 8 ਫੀਸਦੀ ਹਿੱਸਾ ਪਾ ਰਿਹਾ ਹੈ। ਇਸ ਕੌਮੀ ਪਸ਼ੂਧਨ ਚੈਪੀਅਨਸ਼ਿਪ ਵਿਚ ਭਾਗ ਲੈਣ ਵਾਲੇ ਪਸ਼ੂ ਪਾਲਕਾਂ, ਕਿਸਾਨਾਂ ਅਤੇ ਮੇਲਾ ਵੇਖਣ ਵਾਲੇ ਆਮ ਲੋਕਾਂ ਵਿਚ ਵਧੀਆ ਨਸਲ ਦੇ ਪਸ਼ੂ ਪਾਲਣ ਸਬੰਧੀ ਉਤਸ਼ਾਹ ਵਧੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਪਸ਼ੂਧਨ ਤੇ ਕਰੋੜਾਂ ਰੁਪਏ ਇਨਾਮ ਵੱਜੋਂ ਜੇਤੂ ਪਸ਼ੂ ਪਾਲਕਾਂ ਨੂੰ ਦਿੱਤੇ ਜਾ ਰਹੇ ਹਨ।ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਲੋਕ ਸਭਾ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੌਮੀ ਪਸ਼ੂਧਨ ਚੈਪੀਅਨਸ਼ਿਪ ਅਤੇ ਪ੍ਰਦਰਸ਼ਨੀਆਂ ਦਾ ਆਯੋਜਨ ਕਰਨ ਨਾਲ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਗਿਆਨ ਵਿਚ ਅਥਾਹ ਵਾਧਾ ਹੋਵੇਗਾ ਅਤੇ ਉਨ੍ਹਾਂ ਨੂੰ ਡੇਅਰੀ ਅਤੇ ਖੇਤੀਬਾੜੀ ਦੇ ਧੰਦੇ ਵਿਚ ਨਵੀਆਂ ਤਕਨੀਕਾਂ ਅਤੇ ਖੋਜਾਂ ਦੀ ਜਾਣਕਾਰੀ ਮਿਲੇਗੀ। ਉਨ੍ਹਾਂ ਕਿਸਾਨ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਸਹਾਇਕ ਧੰਦਿਆਂ ਦੀ ਪ੍ਰਫੁੱਲਤਾ ਲਈ ਆਪਣਾ ਯੋਗਦਾਨ ਦੇਣ। ਜਿਸ ਨਾਲ ਉਹ ਆਰਥਿਕ ਤੌਰ ਤੇ ਮਜ਼ਬੂਤ ਹੋਣਗੀਆਂ। 

ਪਸ਼ੂ ਪਾਲਣ ਵਿਭਗ ਦੇ ਡਾਇਰੈਕਟਰ ਡਾ. ਐਚ. ਐਸ. ਸੰਧਾ ਨੇ ਦੱਸਿਆ ਕਿ ਕੱਲ੍ਹ ਤੱਕ ਪਸ਼ੂ ਪਾਲਕਾਂ ਦੀ ਰਜ਼ਿਸਟ੍ਰੇਸ਼ਨ 10 ਹਜ਼ਾਰ ਤੱਕ ਪਹੁੰਚਣ ਦੀ ਉਮੀਦ ਹੈ ਅਤੇ ਰੋਜਾਨਾ ਹਜ਼ਾਰਾਂ ਲੋਕ ਮੇਲੇ ਵਿਚ ਲੱਗੀਆਂ ਪ੍ਰਦਰਸ਼ਨੀਆਂ ਅਤੇ ਵੱਖ ਵੱਖ ਨਸਲਾਂ ਦੇ ਪਸ਼ੂਆਂ ਨੂੰ ਵੇਖਣ ਵਿਚ ਭਾਰੀ ਰੁਚੀ ਦਿਖਾ ਰਹੇ ਹਨ। ਲੋਕਾਂ ਲਈ ਅੰਤਰ ਰਾਸ਼ਟਰੀ ਪੱਧਰ ਦੀ ਨੁਮਾਇਸ਼ ਜਿਸ ਵਿਚ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸਬੰਧਤ ਸਟਾਲ ਲੱਗੇ ਹਨ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਰੋਜ਼ਾਨਾ ਖੇਤੀਬਾੜੀ ਅਤੇ ਪਸ਼ੂ ਪਾਲਣ ਸਬੰਧੀ ਦੋ ਦੋ ਸੈਮੀਨਾਰ ਵੀ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਮੇਲੇ ਵਿਚ ਸ਼ਾਮਲ ਕੀਤੇ ਗਏ ਪੋਲੋ ਦੇ ਮੈਚਾਂ ਦਾ 20 ਹਜ਼ਾਰ ਤੋਂ ਵੱਧ ਲੋਕ ਆਨੰਦ ਮਾਣ ਚੁੱਕੇ ਹਨ।ਇਸ ਸਮਾਗਮ ਵਿਚ ਸ. ਜਸਕਿਰਨ ਸਿੰਘ ਡਿਪਟੀ ਕਮਿਸ਼ਨਰ, ਜਥੇਦਾਰ ਸ. ਹੀਰਾ ਸਿੰਘ ਚੜੇਵਾਨ, ਸੁਖਵਿੰਦਰ ਸਿੰਘ ਦਾਤੇਵਾਲ, ਸ. ਗੁਰਵਿੰਦਰ ਸਿੰਘ, ਹਰਜੀਤ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।