5 Dariya News

ਮਾਘੀ ਮੌਕੇ ਹੋਣ ਵਾਲੀ ਕਾਨਫਰੰਸ ਵਿੱਚ ਇਸਤਰੀ ਅਕਾਲੀ ਦਲ ਵਧ ਚੜ੍ਹ ਕੇ ਹਿੱਸਾ ਲਵੇਗੀ

ਹਰਿਆਣਾ ਅਤੇ ਦਿੱਲੀ ਵਿੱਚ 2 ਵੱਡੀਆਂ ਰੈਲੀਆਂ ਕਰਨ ਦਾ ਫੈਸਲਾ

5 Dariya News

ਚੰਡੀਗੜ੍ਹ 08-Jan-2016

ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਇੱਕ ਅਹਿਮ ਮੀਟਿੰਗ ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਪਿਛਲੀ ਦਿਨੀ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਗਈਆਂ ਸਦਭਾਵਨਾ ਰੈਲੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਇਹਨਾਂ ਰੈਲੀਆਂ ਦੀਆਂ ਸਫਲਤਾ ਲਈ ਵਧਾਈ ਪੇਸ਼ ਕੀਤੀ ਅਤੇ ਇਹਨਾਂ ਰੈਲੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਅਤੇ ਪੰਜਾਬ ਵਾਸੀਆਂ  ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸਵ: ਬੀਬੀ ਸੁਰਿੰਦਰ ਕੌਰ ਬਾਦਲ ਵਲੋਂ ਜੋ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਸੀ, ਉਹਨਾਂ ਦੇ ਸਵਰਗਵਾਸ ਤੋਂ ਬਾਅਦ ਇਹ ਲੰਗਰ ਦੀ ਸੇਵਾ ਬੰਦ ਹੋ ਗਈ ਸੀ ਇਸ ਨੂੰ ਸ਼ੁਰੂ ਕਰਨ ਲਈ ਜਲਦੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕੀਤੀ ਜਾਵੇਗੀ। 

ਆਪਣੇ ਸੰਬੋਧਨ ਵਿੱਚ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਪੰਜਾਬ ਦੀ ਤਰਜ ਤੇ ਹਰਿਆਣਾ ਅਤੇ ਦਿੱਲੀ ਵਿੱਚ ਵੀ ਇਸਤਰੀ ਅਕਾਲੀ ਦਲ 2 ਵੱਡੀਆਂ ਰੈਲੀਆਂ ਕਰੇਗਾ ਅਤੇ ਇਹਨਾਂ ਦੋਹਾਂ ਰਾਜਾਂ ਵਿਚੋਂ ਵੱਧ ਤੋਂ ਵੱਧ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੋੜੇਗਾ।  ਉਹਨਾਂ ਦੱਸਿਆ ਕਿ ਇਸਤਰੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾਵਾਰ ਗੁਰਮਿਤ ਸਮਾਗਮ ਵੀ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਵਿੱਚ ਹਰ ਹਲਕੇ ਤੋਂ ਵੱਧ ਤੋਂ ਵੱਧ ਸੰਗਤ ਸ਼ਮੂਲੀਅਤ ਕਰਿਆ ਕਰੇਗੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ 14 ਜਨਵਰੀ ਨੂੰ ਮਾਘੀ ਮੌਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਕਾਨਫਰੰਸ ਵਿੱਚ ਪੰਜਾਬ ਭਰ ਤੋਂ ਵੱਧ ਤੋਂ ਵੱਧ ਬੀਬੀਆਂ ਭਾਗ ਲੈਣਗੀਆਂ। ਉਹਨਾਂ ਸਮੂਹ ਜਿਲਾ ਪ੍ਰਧਾਨ ਨੂੰ ਹਦਾਇਤ ਕੀਤੀ ਕਿ ਉਹ 31 ਜਨਵਰੀ ਤੱਕ ਆਪਣੀ ਜਿਲਾ ਜਥੇਬੰਦੀ ਪੂਰੀ ਕਰਕੇ ਪਾਰਟੀ ਦੇ ਮੁੱਖ ਦਫਤਰ ਵਿੱਚ ਜਮਾ ਕਰਵਾਉਣ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੱਸਿਆ ਕਿ ਜਲਦੀ ਹੀ ਇਸਤਰੀ ਅਕਾਲੀ ਦਲ ਦੇ ਆਈ.ਟੀ. ਵਿੰਗ ਦਾ ਗਠਨ ਵੀ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਵਿੰਗ ਦੇ ਗਠਨ ਨਾਲ ਵੱਧ ਤੋਂ ਵੱਧ ਬੀਬੀਆਂ ਨੂੰ ਇਸਤਰੀ ਅਕਾਲੀ ਦਲ ਨਾਲ ਜੋੜਿਆ ਜਾਵੇਗਾ ਅਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਜਾਣੂੰ ਕਰਵਾਇਆ ਜਾਵੇਗਾ। 

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਦੱਸਿਆ ਕਿ ਫਰਵਰੀ ਮਹੀਨੇ ਵਿੱਚ ਇਸਤਰੀ ਅਕਾਲੀ ਦਲ ਦਾ ਟਰੇਨਿੰਗ ਕੈਂਪ ਪਾਉਂਟਾਂ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਵੱਖ-ਵੱਖ ਵਿਸ਼ਿਆਂ ਤੇ ਪੇਪਰ ਪੜੇ ਜਾਣਗੇ ਅਤੇ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਅਤੇ ਵਰਕਰਾਂ  ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੁਰਬਾਨੀ ਭਰੇ ਇਤਿਹਾਸ ਬਾਰੇ ਵੀ ਜਾਣੂੰ ਕਰਵਾਇਆ ਜਾਵੇਗਾ। ਮੀਟਿੰਗ ਵਿੱਚ ਤਿਨ ਮਤੇ ਵੀ ਪੇਸ਼ ਕੀਤੇ ਗਏ ਜਿਹਨਾਂ ਨੂੰ ਸਰਵਸੰਮਤੀ ਨਾਲ ਪਾਸ ਕੀਤਾ ਗਿਆ। ਮੀਟਿੰਗ ਵਿੱਚ ਪਿਛਲੇ ਦਿਨੀ ਪਠਾਨਕੋਟ ਵਿੱਚ ਹੋਏ ਅੱਤਵਾਦੀ ਹਮਲੇ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ਨੇ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਜਲੀ ਦਿੱਤੀ ਗਈ। ਇੱਕ ਅਹਿਮ ਮਤੇ ਰਾਹੀਂ ਇਸਤਰੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਉਪ ਮੰਤਰੀ ਨੂੰ ਪੰਜਾਬ ਸਰਕਾਰ ਵਲੋਂ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਤੇ ਵਧਾਈ ਪੇਸ਼ ਕੀਤੀ ਅਤੇ ਮੰਗ ਕੀਤੀ ਕਿ ਸ਼੍ਰੀ ਹਜੂਰ ਸਾਹਿਬ ਵਾਸਤੇ ਬੀਬੀਆਂ ਲਈ ਇੱਕ ਵੱਖਰੀ ਟਰੇਨ ਦਾ ਪ੍ਰਬੰਧ ਕੀਤਾ ਜਾਵੇ ਜਿਸ ਵਿੱਚ ਸਿਰਫ ਬੀਬੀਆਂ ਹੀ ਯਾਤਰਾ ਤੇ ਜਾ ਸਕਣ। 

ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬੀਬੀ ਐਫ ਨਿਸਾਰਾ ਖਾਤੂਨ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਬੀਬੀ ਵਨਿੰਦਰ ਕੌਰ ਲੂੰਬਾ ਤਿਨੋ ਵਿਧਾਇਕ, ਬੀਬੀ ਸਤਵੰਤ ਕੌਰ ਸੰਧੂ ਸਾਬਕਾ ਮੰਤਰੀ, ਬੀਬੀ ਗੁਰਦੇਵ ਕੌਰ ਸੰਘਾ, ਬੀਬੀ ਅਮਰਜੀਤ ਕੌਰ ਸੇਖਵਾਂ, ਬੀਬੀ ਸ਼ਿਵਦੇਵ ਕੌਰ ਨਾਭਾ, ਬੀਬੀ ਪਰਮਜੀਤ ਕੌਰ ਲਾਂਡਰਾ, ਬੀਬੀ ਰਾਜਵਿੰਦਰ ਕੌਰ ਰਾਜੂ, ਬੀਬੀ ਮੰਜੂ ਕੁਰੈਸ਼ੀ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਕਰਤਾਰ ਕੌਰ ਸ਼ਾਹਬਾਦ, ਬੀਬੀ ਰਵਿੰਦਰ ਕੌਰ ਅਜਰਾਣਾ, ਬੀਬੀ ਮਨਦੀਪ ਕੌਰ ਬਖਸ਼ੀ ਦਿੱਲੀ, ਬੀਬੀ ਅਨੂਪਇੰਦਰ ਕੌਰ ਸੰਧੂ, ਬੀਬੀ ਪੂਨਮ ਅਰੋੜਾ, ਬੀਬੀ ਮਨਵਿੰਦਰ ਕੌਰ ਮੀਨੂੰ, ਬੀਬੀ ਗੀਤਾ ਸ਼ਰਮਾ, ਬੀਬੀ ਕਿਰਨ ਸ਼ਰਮਾ, ਬੀਬੀ ਸ਼ਰਨਜੀਤ ਕੌਰ ਜੀਂਦੜ, ਬੀਬੀ ਪ੍ਰੀਤਮ ਕੌਰ ਭਿਉਰਾ ਅਤੇ ਹੋਰ ਬੀਬੀਆਂ ਨੇ ਭਾਗ ਲਿਆ।