ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਤਹਿਤ ਰੁਪਏ ਡੈਬਿਟ ਕਾਰਡ ਬਣਾਉਣ ਦਾ 100ਫੀਸਦੀ ਟੀਚਾ ਮੁਕੰਮਲ ਕੀਤਾ ਜਾਵੇ : ਸਿੱਧੂ
ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਸਬੰਧੀ ਆਮ ਲੋਕਾਂ ਨੂੰ ਜਾਣਕਾਰੀ ਦੇਣ ਲਈ ਬੈਂਕਾਂ 'ਚ ਵਿਸ਼ੇਸ ਕਾਉਂਟਰ ਸਥਾਪਿਤ ਕਰਨ ਦੀਆਂ ਹਦਾਇਤਾਂ
5 Dariya News
ਐਸ.ਏ.ਐਸ.ਨਗਰ 08-Jan-2016
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਤਹਿਤ 31 ਜਨਵਰੀ ਤੱਕ ਸਮੂਹ ਬੈਂਕ ਰੁਪਏ ਡੈਬਿਟ ਕਾਰਡ ਬਣਾਉਣ ਦਾ ਕੰਮ 100ਫੀਸਦੀ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ।ਜੋ ਕਿ ਹੁਣ ਤੱਕ ਕੇਵਲ 32ਫੀਸਦੀ ਰੁਪੈ ਡੈਬਿਟ ਕਾਰਡ ਬਣਾਏ ਗਏ ਹਨ। ਇਹ ਹਦਾਇਤਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਦੀ ਸਮੀਖਿੱਆ ਲਈ ਸਮੂਹ ਬੈਂਕਾਂ ਦੇ ਜ਼ਿਲ੍ਹਾ ਕੁਆਰਡੀਨੇਟਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਦੀ ਭਲਾਈ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਪ੍ਰਤੀ ਲੋਕਾਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ। ਉਨ੍ਹਾਂ ਹਦਾਇਤਾਂ ਦਿੱਤੀਆਂ ਕਿ ਜ਼ਿਲ੍ਹੇ ਦੇ ਸਮੂਹ ਬੈਂਕ ਆਪੋ ਆਪਣੇ ਬੈਂਕਾਂ ਵਿੱਚ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ ਕਾਉਂਟਰ ਵੀ ਖੋਲ੍ਹਣ ਅਤੇ ਬੈਂਕਾਂ ਨੇੜੇ ਇਸ ਯੋਜਨਾ ਸਬੰਧੀ ਹੋਰਡਿੰਗ ਵੀ ਲਗਾਉਣ।
ਉਨ੍ਹਾਂ ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ ਨੂੰ ਆਖਿਆ ਕਿ ਸਮੂਹ ਬੀ.ਡੀ.ਪੀ.ਓਜ਼ ਅਤੇ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਉਹ ਇਸ ਯੋਜਨਾ ਦੀ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਾਉਣ ਲਈ ਆਪੋ ਆਪਣੇ ਦਫ਼ਤਰਾਂ ਅਤੇ ਢੁੱਕਵੀਆਂ ਤੇ ਹੋਰਡਿੰਗ ਲਗਾਉਣ। ਸ੍ਰੀ ਸਿੱਧੂ ਨੇ ਦੱਸਿਆ ਕਿ ਰੁਪਏ ਡੈਬਿਟ ਕਾਰਡ ਹੋਲਡਰ ਨੂੰ 01 ਲੱਖ ਰੁਪਏ ਦਾ ਐਕਸੀਡੈਂਟ ਬੀਮਾ ਅਤੇ 30 ਹਜ਼ਾਰ ਰੁਪਏ ਦਾ ਜੀਵਨ ਬੀਮਾ ਮੁਫ਼ਤ ਕੀਤਾ ਜਾਂਦਾ ਹੈ। ਪਰੰਤੂ ਡੈਬਿਟ ਕਾਰਡ ਹੋਲਡਰ ਨੂੰ 90 ਦਿਨਾਂ 'ਚ ਇੱਕ ਵਾਰੀ ਆਪਣਾ ਰੁਪਏ ਡੈਬਿਟ ਕਾਰਡ ਸਵੈਪ ਕਰਨਾ ਜਰੂਰੀ ਹੈ। ਭਾਵੇ ਉਸ ਦਾ ਬਕਾਇਆ ਸਿਫਰ ਹੋਵੇ। ਸਿੱਧੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਨ-ਧੰਨ ਯੋਜਨਾ ਅਧੀਨ ਪ੍ਰਧਾਨ ਮੰਤਰੀ ਸੁਰਕਸ਼ਾ ਬੀਮਾ ਯੋਜਨਾ ਸਕੀਮ ਵੀ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ 18 ਤੋਂ 70 ਸਾਲ ਦੀ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸਾਲ ਵਿੱਚ ਇੱਕ ਵਾਰ 12 ਰੁਪਏ ਦੇਣੇ ਪੈਂਦੇ ਹਨ। ਜਿਸ ਦੇ ਬਦਲੇ ਉਸ ਨੂੰ 02 ਲੱਖ ਰੁਪਏ ਦਾ ਐਕਸੀਡੈਂਟਲ ਕਲੇਮ ਮਿਲਦਾ ਹੈ ਅਤੇ ਪ੍ਰਧਾਨ ਮੰਤਰੀ ਜੀਵਨ ਬੀਮਾ ਯੋਜਨਾ ਜੋ ਕਿ 18 ਤੋਂ 50 ਸਾਲ ਤੱਕ ਦੀ ਉਮਰ 'ਚ ਕੋਈ ਵੀ ਵਿਅਕਤੀ ਸਾਲ ਦਾ ਕੇਵਲ 330 ਰੁਪਏ ਪ੍ਰੀਮੀਅਮ ਭਰ ਕੇ ਇਸ ਦਾ ਹੱਕਦਾਰ ਬਣ ਸਕਦਾ ਹੈ ਇਸ ਯੋਜਨਾ ਤਹਿਤ ਜੇਕਰ ਵਿਅਕਤੀ ਦੀ ਕਿਸੇ ਵੀ ਕਾਰਨ ਮੋਤ ਹੋ ਜਾਂਦੀ ਹੈ ਭਾਵੇ ਉਹ ਐਕਸੀਡੈਂਟ ਰਾਹੀਂ ਹੋਵੇ ਤਾਂ ਖੇਤਾਂ 'ਚ ਕੰਮ ਕਰਦੇ ਸਮੇਂ ਉਸ ਦੇ ਪਰਿਵਾਰ ਨੂੰ 02 ਲੱਖ ਰੁਪਏ ਦਾ ਕਲੇਮ ਦਿੱਤਾ ਜਾਂਦਾ ਹੈ। ਜੇਕਰ ਕੋਈ ਵਿਅਕਤੀ ਇਹ ਦੋਵੇ ਪਾਲਸੀਆਂ ਲੈਂਦਾ ਹੈ ਤਾਂ ਉਸ ਦੇ ਪਰਿਵਾਰ ਨੂੰ 04 ਲੱਖ ਰੁਪਏ ਦੀ ਬੀਮਾ ਰਾਸੀ ਮਿਲਦੀ ਹੈ।
ਉਨ੍ਹਾਂ ਅੱਗੋ ਦੱਸਿਆ ਕਿ 18 ਤੋਂ 40 ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਲਈ ਅਟਲ ਪੈਨਸ਼ਨ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਜਿਸ ਤਹਿਤ ਲਾਭਪਾਤਰੀ ਨੂੰ 60 ਸਾਲ ਦੀ ਉਮਰ ਤੋਂ ਬਾਅਦ ਇੱਕ ਹਜਾਰ ਰੁਪਏ ਤੋਂ ਲੈ ਕੇ ਪੰਜ ਹਜ਼ਾਰ ਰੁਪਏ ਤੱਕ ਦੀ ਮਾਸਿਕ ਪੈਨਸ਼ਨ ਦਿੱਤੀ ਜਾਂਦੀ ਹੈ। ਉਨ੍ਹਾਂ ਇਸ ਮੌਕੇ ਸਮੂਹ ਬੈਂਕਾਂ ਨੂੰ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਸਵੈ-ਰੋਜ਼ਗਾਰ ਧੰਦਿਆਂ ਲਈ ਦਿੱਤੇ ਜਾਣ ਵਾਲੇ ਘੱਟ ਵਿਆਜ ਤੇ ਕਰਜਿਆਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਮੁਹੱਈਆ ਕਰਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਆਰ.ਕੇ. ਸੈਣੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਖੇਤੀਬਾੜੀ ਨੂੰ ਛੱਡ ਕੇ ਹੋਰ ਸਵੈਰੋਜ਼ਗਾਰ ਧੰਦਿਆਂ ਲਈ ਘੱਟ ਵਿਆਜ ਤੇ ਕਰਜੇ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੀ ਸਿਸ਼ੂ ਕਰਜਾ ਯੋਜਨਾ ਤਹਿਤ 50 ਹਜ਼ਾਰ ਰੁਪਏ ਤੱਕ ਦਾ, ਕਿਸੋਰ ਕਰਜਾ ਯੋਜਨਾ ਤਹਿਤ 50 ਹਜ਼ਾਰ ਰੁਪਏ ਤੋਂ ਪੰਜ ਲੱਖ, ਤਰੁਨ ਕਰਜਾ ਯੋਜਨਾ ਤਹਿਤ ਪੰਜ ਲੱਖ ਤੋਂ ਦੱਸ ਲੱਖ ਰੁਪਏ ਦਾ ਕਰਜਾ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਕੁਆਰਡੀਨੇਟਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।