5 Dariya News

ਆਰਥਿਕ, ਸਮਾਜਿਕ ਬਰਾਬਰੀ ਲਈ ਡਾ ਅੰਬੇਦਕਰ ਦੀਆਂ ਸਿਖਿਆਵਾਂ ਸਮਝਣ ਅਤੇ ਉਨਾਂਹ ਤੇ ਅਮਲ ਕਰਨ ਦੀ ਲੋੜ: ਚਰਨਜੀਤ ਸਿੰਘ ਅਟਵਾਲ

ਸਪੀਕਰ ਵਿਧਾਨ ਸਭਾ ਪੰਜਾਬ ਨੇ ਡਾ. ਬੀ.ਆਰ ਅੰਬੇਦਕਰ ਜੀ ਦੇ 123ਵੇਂ ਜਨਮ ਦਿਵਸ ਨੂੰ ਸਮਰਪਿਤ ਗੁਰੂ ਰਵੀਦਾਸ ਭਵਨ ਵਿਖੇ ਕਰਵਾਏ ਗਏ ਸਮਾਗਮ ਵਿਚ ਕੀਤੀ ਸ਼ਿਰਕਤ

5 ਦਰਿਆ ਨਿਊਜ਼

ਐਸ.ਏ.ਐਸ ਨਗਰ 21-Apr-2013

ਆਰÎਥਿਕ, ਸਮਾਜਿਕ ਬਰਾਬਰੀ ਲਈ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ ਅੰਬੇਦਕਰ ਜੀ ਦੀ ਸਿਖਿਆ ਨੂੰ ਸਮਝਣ ਅਤੇ ਉਸ ਤੇ ਚਲਣ ਦੀ ਲੋੜ ਹੈ। ਸਿੱਖਿਆ ਪ੍ਰਾਪਤੀ , ਇਕਜੁਟਤਾ ਅਤੇ ਨਸ਼ਾ ਮੁਕਤੀ ਨਾਲ ਹੀ ਡਾ. ਅੰਬੇਦਕਰ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਬਰਾਬਰੀ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ । ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਚਰਨਜੀਤ ਸਿੰਘ ਅਟਵਾਲ ਨੇ ਅੱਜ ਇਥੇ ਗੁਰੂ ਰਵੀਦਾਸ ਭਵਨ ਵਿਖੇ ਡਾ. ਬੀ.ਆਰ ਅੰਬੇਦਕਰ ਮਿਸ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ  ਡਾ. ਬੀ.ਆਰ ਅੰਬੇਦਕਰ ਜੀ ਦੇ 123ਵੇਂ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਸਮਾਗਮ  ਨੂੰ ਸੰਬੋਧਨ ਕਰਦਿਆਂ ਕੀਤਾ। ਸਰਦਾਰ ਅਟਵਾਲ ਨੇ ਕਿਹਾ ਕਿ ਜੇ ਅਸੀ ਡਾ. ਅੰਬੇਦਕਰ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ ਤਾਂ ਉਨ੍ਹਾਂ ਦੇ ਪਾਏ ਪੂਰਨਿਆਂ 'ਤੇ ਜੀਅ ਜਾਨ ਨਾਲ ਚਲਣਾ ਪਵੇਗਾ। ਉਨ੍ਹਾਂ ਕਿਹਾ ਕਿ ਸਿੱਖਿਆ ਅਜੋਕੇ ਮੁਕਾਬਲੇ ਦੇ ਯੁੱਗ ਨਾਲ ਲੜਨ ਦਾ ਅਹਿਮ ਹਥਿਆਰ ਹੈ ਅਤੇ ਸਿੱਖਿਆ ਪ੍ਰਾਪਤ ਕਰ ਕੇ ਹੀ ਆਰਥਕ ਤੌਰ 'ਤੇ ਤਕੜੇ ਹੋਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਪਿੱਛੋਂ ਹੱਕਾਂ ਦੀ ਤੀਜੀ ਜੰਗ ਸ਼ੁਰੂ ਕਰਨ ਵਾਲੇ ਡਾ. ਅੰਬੇਦਕਰ ਨੇ ਜੋ ਬਰਾਬਰਤਾ ਦੇ ਸਮਾਜ ਦਾ ਸੰਕਲਪ ਸਿਰਜਿਆ ਸੀ, ਅਸੀ ਉਸ ਸੰਕਲਪ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹੇ ਹਾਂ। ਇਸ ਸੰਕਲਪ ਨੂੰ ਸਰ ਕਰਨ ਵਾਸਤੇ ਸਾਨੂੰ ਸਖ਼ਤ ਮਿਹਨਤ ਕਰਨ, ਸਿੱਖਿਆ ਪ੍ਰਾਪਤ ਕਰਨ ਅਤੇ ਇਕਜੁਟ ਹੋਣ ਦੀ ਲੋੜ ਹੈ ਤਾਂ ਹੀ ਅਸੀਂ ਬਰਾਬਰਤਾ ਦੇ  ਮਿੱਥੇ ਟੀਚੇ 'ਤੇ ਪੁੱਜ ਸਕਦੇ ਹਾਂ। 

ਉਨਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਰਤਨ ਬਾਬਾ ਸਾਹਿਬ ਨੇ ਭਾਰਤੀ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਆਪਣਾ ਸਮੁਚਾ ਜੀਵਨ ਲਗਾਇਆ। ਉਹ ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਤਾਂ ਸਨ ਹੀ ਸਗੋਂ ਉਹ ਸਮੁਚੇ ਦੇਸ ਵਾਸੀਆਂ ਲਈ ਇੱਕ ਚਾਨਣ ਮੁਨਾਰਾ ਵੀ ਸਨ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਕੇ ਉਨ੍ਹਾਂ ਦੇ ਸੰਦੇਸ਼ ਪੜ੍ਹੋ, ਜੁੜ੍ਹੋ, ਸੰਘਰਸ਼ ਕਰੋ ਅਤੇ ਅਮਲ ਕਰੀਏ। ਅਟਵਾਲ ਨੇ ਸਿੱਖਿਆ ਦੇ ਖੇਤਰ ਤੇ ਜੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਇਕ ਸੋਚੀ ਸਮਝੀ ਨੀਤੀ ਤਹਿਤ ਸਕੂਲਾਂ ਵਿਚ ਪੜ੍ਹਾਈ ਦਾ ਖਾਤਮਾ ਕਰਨ ਤੇ ਤੁਲੀ ਹੋਈ ਹੈ। ਉਨਾਂ੍ਹ ਕਿਹਾ ਕਿ ਕੇਂਦਰ ਸਰਕਾਰ ਨੇ  ਪਹਿਲਾਂ ਪੰਜਵੀਂ ਜਮਾਤ ਤੱਕ ਬੱਚਿਆਂ ਦੇ ਇਮਤਿਹਾਨ ਨਾ ਲੈਣ ਦਾ ਫੈਸਲਾ ਕੀਤਾ ਅਤੇ ਹੁਣ ਨੌਵੀਂ ਜਮਾਤ ਤੱਕ ਕੋਈ ਵੀ ਬੱਚਾ ਫੇਲ੍ਹ ਨਾ ਕਰਨ ਦਾ ਜੋ ਫੈਸਲਾ ਲਿਆ ਗਿਆ ਹੈ ਉਹ ਮੁੱਢਲੀ ਸਿੱਖਿਆ ਨੂੰ ਅਸਲ ਚ ਕਮਜ਼ੋਰ ਕਰ ਦੇਵੇਗਾ। ਜਿਸ ਨਾਲ ਪੜਾ੍ਹਈ ਦਾ ਗਰਾਫ ਬਹੁਤ ਹੇਠਾਂ ਆਵੇਗਾ। ਜਿਸ ਦੇਸ ਦੀ ਪ੍ਰਾਇਮਰੀ ਸਿੱਖਿਆ ਮਜ਼ਬੂਤ ਨਹੀ ਉਥੇ ਉੱਚ ਵਿਦਿਆ ਮਜ਼ਬੂਤ ਨਹੀ ਹੋ ਸਕਦੀ ਅਤੇ ਉਹ ਦੇਸ ਤਰੱਕੀ ਨਹੀ ਕਰ ਸਕਦਾ । ਜਿਸ ਦੇਸ ਵਿਚ ਪੜ੍ਹਾਈ ਲਈ ਵੱਖਰੇ ਵੱਖਰੇ ਬੋਰਡ ਅਤੇ ਸਿਲੇਬਸ ਹੋਣ । 

ਉਨਾਂਹ ਐਨ.ਆਰ.ਆਈਜ਼ ਨੂੰ ਅਪੀਲ ਕੀਤੀ ਕਿ ਜਿਨਾਂ੍ਹ ਪਿੰਡ ਵਿਚੋਂ ਉਹ ਗਏ ਹਨ ਉਸ ਪਿੰਡਾਂ ਦੇ ਸਕੂਲ ਨੂੰ ਅਡੋਪਟ ਕਰਕੇ ਪ੍ਰਾਇਮਰੀ ਪੱਧਰ ਦੀ ਪੜ੍ਹਾਈ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਉਣ। ਉਨਾਂਹ ਦੱਸਿਆ ਕਿ ਸੰਤਾਂ ਮਹਾਂ ਪੁਰਖਾਂ ਵਲੋਂ ਵੀ 65 ਸਕੂਲ ਅਡੋਪਟ ਕੀਤੇ ਗਏ ਹਨ ਉਨਾਂਹ ਸਕੂਲਾਂ ਨੂੰ ਉਹ (ਸ.ਅਟਵਾਲ) ਹਰ ਸਾਲ ਆਪਣੇ ਅਖਿਤਿਆਰੀ ਫੰਡ ਵਿਚੋਂ 20 ਹਜ਼ਾਰ ਰੁਪਏ ਹਰੇਕ ਸਕੂਲ ਨੂੰ ਫੰਡ ਦੇਣਗੇ। ਉਨਾਂ੍ਹ ਹਾਜ਼ਰ ਪਤਵੰਤਿਆਂ ਨੂੰ ਵੀ ਅਪੀਲ ਕੀਤੀ ਕਿ ਗਰੁੱਪ ਬਣਾਕੇ ਘੱਟੋ ਘੱਟ ਇਕ ਇਕ ਸਕੂਲ ਅਡੋਪਟ ਕੀਤਾ ਜਾਵੇ ਤਾਂ ਜੋ  ਗਰੀਬ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕਿਆ ਜਾ ਸਕੇ । ਉਨਾਂ੍ਹ ਇਸ ਮੌਕੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਨੂੰ ਸਰਧਾਂਜਲੀ ਵੀ ਭੇਂਟ ਕੀਤੀ। ਇਸ ਮੌਕੇ ਮਿਸ਼ਨ ਵਲੋਂ ਸਕੂਲੀ ਬੱਚਿਆਂ ਨੂੰ ਸਕੂਲੀ ਦੀ ਇਕ ਸਾਲ ਦੀ ਪੂਰੀ ਫੀਸ ਦੇ ਚੈਕ ਤਕਸੀਮ ਕੀਤੇ ਅਤੇ ਮੁਫਤ ਕਿਤਾਬ ਵੀ ਵੰਡੀਆਂ । ਸ. ਅਟਵਾਲ ਨੇ ਆਪਣੇ ਅਖਿਤਿਆਰੀ ਫੰਡ ਵਿਚੋਂ ਮਿਸ਼ਨ ਨੂੰ ਇਕ ਲੱਖ ਰੁਪਏ ਗਰਾਂਟ ਵਜੋਂ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਪਹਿਲਾਂ ਡਾ. ਬੀ.ਆਰ ਅੰਬੇਦਕਰ ਮਿਸ਼ਨ ਵੈਲਫੇਅਰ ਐਸੋਸੀਏਸ਼ਨ ਐਸ.ਏ.ਐਸ ਨਗਰ ਦੇ ਪ੍ਰਧਾਨ ਸ੍ਰੀ ਬੀ.ਕੇ ਸੂਮ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਨੂੰ ਆਖਿਆ। ਮਿਸ਼ਨ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਦਾ ਵੀ ਚਾਨਣਾ ਪਾਇਆ। ਇਸ ਮੌਕੇ ਐਸ.ਡੀ.ਐਮ. ਲਖਮੀਰ ਸਿੰਘ,  ਵਾਇਸ ਪ੍ਰਧਾਨ ਸ੍ਰੀ ਅਨਿਲ ਕੁਮਾਰ, ਜਨਰਲ ਸਕੱਤਰ ਸ੍ਰੀ ਰਵਿੰਦਰ ਸਿੰਘ , ਸ਼ਾਮ ਲਾਲ ਅਤੇ ਅਹੁਦੇਦਾਰ ਤੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰੀ ਪਤਵੰਤ ਮੌਜੂਦ ਸਨ ।