ਡਿਪਟੀ ਕਮਿਸ਼ਨਰ ਵੱਲੋਂ ਸਾਲ 2016-17 ਲਈ 5484 ਕਰੋੜ 32 ਲੱਖ 60 ਹਜ਼ਾਰ ਰੁਪਏ ਦੀ ਰਿਣ ਯੋਜਨਾ ਕੀਤੀ ਜਾਰੀ
ਸਿੱਖਿਆ ਲਈ ਘੱਟ ਵਿਆਜ ਦੀ ਦਰ ਤੇ 190 ਕਰੋੜ ਰੁਪਏ ਕਰਜੇ ਦਿੱਤੇ ਜਾਣਗੇ
5 Dariya News
ਐਸ.ਏ.ਐਸ.ਨਗਰ 05-Jan-2016
ਡਿਪਟੀ ਕਮਿਸ਼ਨਰ ਤੇਜਿੰਦਰ ਪਾਲ ਸਿੰਘ ਸਿੱਧੂ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਲਈ ਨੈਸ਼ਨਲ ਬੈਂਕ ਫਾਰ ਐਗਰੀਕਲਚਲਰ ਐਂਡ ਰੂਰਲ ਡਿਵੈਲਪਮੈਂਟ (ਨਾਬਾਰਡ) ਦੀ ਸਾਲ 2016-17 ਲਈ 5484 ਕਰੋੜ 32 ਲੱਖ 60 ਹਜ਼ਾਰ ਰੁਪਏ ਦੀ ਸਲਾਨਾ ਰਿਣ ਯੋਜਨਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਾਰੀ ਕਰਦਿਆਂ ਨਾਬਾਰਡ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਜ਼ਿਲ੍ਹੇ ਵਿੱਚ ਸਵੈ-ਰੋਜ਼ਗਾਰ ਧੰਦਿਆਂ ਲਈ ਘੱਟ ਵਿਆਜ ਦੀ ਦਰ ਤੇ ਅਸਾਨ ਕਿਸਤਾਂ ਤੇ ਕਰਜੇ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਤਾਂ ਜੋ ਨੌਜਵਾਨ ਹੂਨਰ ਸਿਖਲਾਈ ਕੇਂਦਰਾਂ ਵਿੱਚ ਸਿਖਲਾਈ ਪ੍ਰਾਪਤ ਕਰਕੇ ਵੱਧ ਤੋਂ ਵੱਧ ਆਪੋ ਆਪਣੇ ਕਾਰੋਬਾਰ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਣ।
ਸਿੱਧੂ ਨੇ ਦੱਸਿਆ ਕਿ ਨਾਬਾਰਡ ਵੱਲੋਂ ਜ਼ਿਲ੍ਹੇ 'ਚ Àੁਚੇਰੀ ਸਿੱਖਿਆ ਪ੍ਰਾਪਤੀ ਲਈ ਘੱਟ ਵਿਆਜ ਦੀ ਦਰ ਤੇ 190 ਕਰੋੜ ਰੁਪਏ ਦੇ ਕਰਜੇ ਵੰਡੇ ਜਾਣਗੇ ਤਾਂ ਜੋ ਲੋੜਵੰਦ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਹਾਸ਼ਲ ਕਰਨ ਵਿੱਚ ਵਿੱਤੀ ਘਾਟ ਮਹਿਸੂਸ ਨਾ ਹੋਵੇ ਅਤੇ ਉਹ ਆਪਣੀ ਉਚੇਰੀ ਪੜਾਈ ਜਾਰੀ ਰੱਖ ਸਕਣ। ਉਨ੍ਹਾਂ ਨਾਬਾਰਡ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਚੇਰੀ ਸਿੱਖਿਆ ਲਈ ਦਿੱਤੇ ਜਾਣ ਵਾਲੇ ਕਰਜੇ ਬਿਨ੍ਹਾਂ ਕਿਸੇ ਦੇਰੀ ਤੋਂ ਦਿੱਤੇ ਜਾਣ ਤਾਂ ਜੋ ਕਰਜਾ ਲੈਣ ਵਾਲੇ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਵੀ ਘੱਟ ਵਿਆਜ ਤੇ ਕਰਜੇ ਮੁਹੱਈਆ ਕਰਾਉਣ ਲਈ ਆਖਿਆ ਅਤੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾਉਣ ਦੇ ਨਾਲ-ਨਾਲ ਅਧੁਨਿਕ ਖੇਤੀ ਮਸ਼ੀਨਰੀ ਲਈ ਵੀ ਘੱਟ ਵਿਆਜ ਤੇ ਕਰਜੇ ਮੁਹੱਈਆ ਕਰਾਉਣ ਲਈ ਆਖਿਆ। ਨਾਬਾਰਡ ਵੱਲੋਂ ਜ਼ਿਲ੍ਹੇ ਦੀ ਸਲਾਨਾ ਰਿਣ ਯੋਜਨਾ ਤਹਿਤ ਜ਼ਿਲ੍ਹੇ 'ਚ ਖੇਤੀਬਾੜੀ ਸੈਕਟਰ ਲਈ ਸਾਲ 2016-17 ਲਈ 2827 ਕਰੋੜ 37 ਲੱਖ 77 ਹਜ਼ਾਰ ਰੁਪਏ ਰੱਖੇ ਗਏ ਹਨ ਅਤੇ ਜ਼ਿਲ੍ਹੇ 'ਚ ਛੋਟੇ ਅਤੇ ਦਰਮਿਆਨੇ ਲਘੂ ਉਦਯੋਗ ਲਗਾਉਣ ਲਈ 1397 ਕਰੋੜ 22 ਲੱਖ ਦੇ ਕਰਜੇ ਦਿੱਤੇ ਜਾਣਗੇ ਅਤੇ ਨਰਿਆਤ ਰਿਣ ਤਹਿਤ 101 ਕਰੋੜ 25 ਲੱਖ ਅਤੇ ਮਕਾਨ ਬਣਾਉਣ ਲਈ 730 ਕਰੋੜ 12 ਲੱਖ 50 ਹਜ਼ਾਰ ਰੁਪਏ ਦੀ ਕਰਜੇ ਮੁਹੱਈਆ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਜ਼ਿਲ੍ਹੇ 'ਚ ਸਮਾਜਿਕ ਬੁਨਿਆਦੀ ਢਾਂਚੇ ਤੇ 225 ਕਰੋੜ 28 ਲੱਖ 13 ਹਜ਼ਾਰ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਰਨਿਉਲ ਐਨਰਜੀ ਲਈ 13 ਕਰੋੜ 7 ਲੱਖ 21 ਹਜ਼ਾਰ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਸਲਾਨਾ ਰਿਣ ਯੋਜਨਾ ਵਿੱਚ ਬਾਗਬਾਨੀ ਤੋਂ ਇਲਾਵਾ ਡੇਅਰੀ ਧੰਦਿਆਂ, ਸੈਲਪ ਹੈਲਪ ਗਰੁੱਪਾਂ ਲਈ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਘੱਟ ਵਿਆਜ ਦਰ ਤੇ ਕਰਜੇ ਦੇਣ ਦੀ ਵਿਵਸਥਾ ਵੀ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਭੁਪਿੰਦਰ ਸਿੰਘ, ਨਾਬਾਰਡ ਦੇ ਡੀ.ਡੀ.ਐਮ ਸ੍ਰੀ ਸੰਜੀਵ ਕੁਮਾਰ ਸਰਮਾ, ਚੀਫ ਲੀਡ ਜ਼ਿਲ੍ਹੇ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਸ੍ਰੀ ਆਰ.ਕੇ. ਸੈਣੀ, ਐਸ.ਡੀ.ਐਮ ਡੇਰਾਬਸੀ ਸ੍ਰੀ ਸਿਵ ਕੁਮਾਰ, ਡੀ.ਡੀ.ਪੀ.ਓ ਸ੍ਰੀ ਕੁਲਵੰਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।