5 Dariya News

ਜੈਵ ਵਿਭਿੰਨਤਾ ਨੂੰ ਸੰਭਾਲਣ ਲਈ ਵਿਭਾਗਾਂ, ਸਿੱਖਿਆ ਸੰਸਥਾਵਾਂ ਅਤੇ ਨਾਗਰਿਕ ਨੂੰ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ

ਪੰਜਾਬ ਵਿੱਚ ਜੈਵ ਵਿਭਿੰਨਤਾ ਕਾਨੂੰਨ, 2002 ਮੁਕੰਮਲ ਤੌਰ ਤੇ ਲਾਗੂ ਹੋਵੇਗਾ : ਸੁਰਜੀਤ ਸਿੰਘ ਸਹੋਤਾ

5 Dariya News (ਅਜੇ ਪਾਹਵਾ)

ਲੁਧਿਆਣਾ 29-Dec-2015

ਪੰਜਾਬ ਜੈਵ ਵਿਭਿੰਨਤਾ ਬੋਰਡ ਵੱਲੋਂ ਜ਼ਿਲ੍ਹਾਂ ਪ੍ਰਸ਼ਾਸਨ, ਲੁਧਿਆਣਾ ਦੇ ਸਹਿਯੋਗ ਨਾਲ ਸਰਕਟ ਹਾਉਸ ਲੁਧਿਆਣਾ ਵਿਖੇ ਜੈਵ-ਵਿਭਿੰਨਤਾ ਅਧਾਰਿਤ ਅਤੇ ਜੈਵ-ਵਿਭਿੰਨਤਾ ਕਾਨੂੰਨ 2002 ਸੰਬੰਧੀ ਜ਼ਿਲਾ੍ਹ ਪਧੱਰੀ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਸ਼੍ਰੀ ਸੁਰਜੀਤ ਸਿੰਘ ਸਹੋਤਾ, ਡਵੀਜ਼ਨਲ ਵਣ ਮੰਡਲ ਅਫ਼ਸਰ, ਲੁਧਿਆਣਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੈਵ ਵਿਭਿੰਨਤਾ ਨੂੰ ਸੰਭਾਲਣ ਲਈ ਸੰਬੰਧਿਤ ਵਿਭਾਗਾਂ, ਸਿੱਖਿਆ ਸੰਸਥਾਵਾਂ ਅਤੇ ਆਮ ਨਾਗਰਿਕ ਨੂੰ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ ਦਿੱਤਾ।ਇਸ ਪ੍ਰੋਗਰਾਮ ਵਿਚ 80 ਤੋਂ ਜਿਆਦਾ ਭਾਗੀਦਾਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ ਜੈਵ ਵਿਭਿੰਨਤਾ ਪ੍ਰਬੰਧਨ ਕਮੇਟੀਆਂ ਦੇ ਮੈਂਬਰ; ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ; ਜੰਗਲਾਤ, ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਨ, ਮੱਛੀ ਪਾਲਨ ਆਦਿ ਵਿਭਾਗਾਂ ਦੇ ਪ੍ਰਤੀਨਿਧੀਆਂ; ਵਿਦਿਅਕ ਮਾਹਿਰਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੇ ਹਿੱਸਾ ਲਿਆ।ਪੰਜਾਬ ਵਿੱਚ ਜੈਵ ਵਿਭਿੰਨਤਾ ਕਾਨੂੰਨ, 2002 ਨੂੰ ਲਾਗੂ ਕਰਨ ਲਈ ਪੰਜਾਬ ਜੈਵ ਵਿਭਿੰਨਤਾ ਬੋਰਡ ਨੇ ਰਾਜ ਦੇ ਸਾਰੇ ਜਿਲਿਆਂ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੇ ਜੈਵਵਿਭਿੰਨਤਾ ਪ੍ਰਬੰਧਨ ਕਮੇਟੀਆਂ ਅਤੇ ਜੈਵਿਕ ਵਿਭਿੰਨਤਾ ਨਾਲ ਭਰਪੂਰ 33 ਪਿੰਡ ਪੱਧਰੀ ਅਤੇ 4 ਬਲਾਕ ਪੱਧਰੀ  ਜੈਵਵਿਭਿੰਨਤਾ ਪ੍ਰਬੰਧਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਨਾਂ ਵਿਚ ਲੁਧਿਆਣਾ ਜ਼ਿਲ੍ਹੇ ਦਾ ਮਾਛੀਵਾੜਾ ਬਲਾਕ ਵੀ ਸ਼ਾਮਿਲ ਹੈ। 

ਇਨ੍ਹਾਂ ਕਮੇਟੀਆਂ ਦਾ ਮੁੱਖ ਮੰਤਵ ਆਪਣੇ- ਆਪਣੇ ਖੇਤਰ ਵਿਚ ਜੈਵਿਕ ਵਿਭਿੰਨਤਾ ਦੀ ਸਾਂਭ ਸੰਭਾਲ, ਉਸ ਦੀ ਨਿਰੰਤਰ ਵਰਤੋ, ਜੈਵਿਕ ਸਰੋਤਾਂ ਦਾ  ਦਸਤਾਵੇਜ਼ੀਕਰਣ ਆਦਿ ਕਰਨਾ ਹੈ। ਇਨ੍ਹਾਂ ਕਮੇਟੀਆਂ ਦਾ ਗਠਨ ਕੌਮੀ ਜੈਵ ਵਿਭਿੰਨਤਾ ਅਥਾਰਟੀ, ਭਾਰਤ ਸਰਕਾਰ ਦੀਆਂ ਨਿਯਤ ਹਦਾਇਤਾ ਅਨੁਸਾਰ ਜੈਵਵਿਭਿੰਨਤਾ ਕਾਨੂੰਨ, 2002 ਦੀ ਧਾਰਾ 41 ਅਧੀਨ ਕੀਤਾ ਗਿਆ ਹੈ।ਡਾ. ਰੁਪਾਲੀ ਬੱਲ, ਵਿਗਿਆਨੀ, ਪੰਜਾਬ ਜੈਵ ਵਿਭਿੰਨਤਾ ਬੋਰਡ, ਪੰਜਾਬ ਸਰਕਾਰ ਨੇ ਮੈਂਬਰਾ ਨੂੰ ਜੈਵਵਿਭਿੰਨਤਾ ਕਾਨੂੰਨ, 2002 ਦੀਆਂ ਮੁੱਖ ਧਾਰਾਵਾਂ, ਜੈਵ ਵਿਭਿੰਨਤਾ ਦੀ ਸਾਂਭ ਸੰਭਾਲ ਅਤੇ ਉਸ ਨਾਲ ਹੋਣ ਵਾਲੇ ਫਾਇਦੇ ਆਦਿ ਤੋ ਜਾਗਰੂਕ ਕੀਤਾ। ਉਹਨਾਂ ਨੇ ਬੋਰਡ ਦੁਆਰਾ ਜੈਵ ਵਿਭਿੰਨਤਾ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਹੋਰ ਉਪਰਾਲਿਆ ਬਾਰੇ ਵੀ ਦੱਸਿਆ। ਡਾ. ਅਵਤਾਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਸਰੋਤਿਆਂ ਨੂੰ ਜ਼ਿਲ੍ਹੇ ਦੀ ਵਿਭਿੰਨ ਬਨਸਪਤੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।ਡਾ. ਸਿਮਰਜੀਤ ਕੌਰ, ਸਹਾਇਕ ਵਿਗਿਆਨੀ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਦੇ ਪਾਲਤੂ ਜਾਨਵਰਾਂ ਦੀਆਂ ਰਵਾਇਤੀ ਪ੍ਰਜਾਤੀਆਂ ਬਾਰੇ ਸਰੋਤਿਆਂ ਨੂੰ ਜਾਗਰੂਕ ਕੀਤਾ ਅਤੇ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਚਾਨਣਾ ਪਾਇਆ। ਇਸ ਮੌਕੇ ਤੇ ਪੰਜਾਬ ਦੀ ਜੈਵਿਕ ਵਿਭਿੰਨਤਾ ਨੂੰ ਦਰਸਾਉਣ ਲਈ ਇਕ ਪ੍ਰਦਰਸ਼ਨੀ ਵੀ ਲਗਾਈ ਗਈ।