5 Dariya News

ਅਕਾਲੀ-ਭਾਜਪਾ ਸਰਕਾਰ ਸੂਬੇ ਦਾ ਵਿਕਾਸ ਸਿਰਫ ਇਸ਼ਤਿਹਾਰਬਾਜ਼ੀ ਰਾਹੀਂ ਹੀ ਕਰਵਾ ਰਹੀ ਹੈ : ਰਵਨੀਤ ਸਿੰਘ ਬਿੱਟੂ

5 ਦਰਿਆ ਨਿਊਜ਼

ਖਰੜ 28-Mar-2013

ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਨਜ਼ਦੀਕੀ ਪਿੰਡ ਮੱਛਲੀ ਕਲਾਂ ਦੇ ਵਿਕਾਸ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਮੱਛਲੀ ਕਲਾਂ ਵਿਖੇ ਆਯੋਜਿਤ ਇਕ ਸਮਾਗਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਪਿੰਡ ਦੀਆਂ ਸਮੱਸਿਆਵਾਂ ਅਤੇ ਮੰਗਾਂ ਤੋਂ ਜਾਣੂੰ ਕਰਵਾਇਆ, ਜਿਨ੍ਹਾਂ ਨੂੰ ਸੁਣਨ ਮਗਰੋਂ ਸ੍ਰੀ ਬਿੱਟੂ ਨੇ ਇਨ੍ਹਾਂ ਸਮੱਸਿਆਵਾਂ ਅਤੇ ਮੰਗਾਂ ਦਾ ਨਿਪਟਾਰਾ ਪਹਿਲ ਦੇ ਅਧਾਰ 'ਤੇ ਕਰਵਾਉਣ ਦਾ ਭਰੋਸਾ ਦਿੰਦਿਆਂ ਪਿੰਡ ਵਾਸੀਆਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਵਿਚਲੇ ਰਹਿੰਦੇ ਵਿਕਾਸ ਕਾਰਜਾਂ ਦੀ ਸੂਚੀ ਬਣਾਕੇ ਉਨ੍ਹਾਂ ਕੋਲ ਲਿਆਉਣ ਅਤੇ ਉਹ ਇਨ੍ਹਾਂ ਕਾਰਜਾਂ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦੇਣਗੇ। ਪਿੰਡ ਵਿਖੇ ਪਹੁੰਚੇ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਇਲਾਕਾ ਨਿਵਾਸੀਆਂ ਦੀਆਂ ਮੰਗਾਂ ਤੋਂ ਜਾਣੂੰ ਕਰਵਾਉਂਦਿਆਂ ਪਿੰਡ ਬੀਰੋ ਮਾਜਰੀ ਤੋਂ ਸਵਾੜਾ ਤੱਕ ਅਤੇ ਮੱਛਲੀ ਕਲਾਂ ਤੋਂ ਝੰਜੇੜੀ ਤੱਕ ਦੀ ਲਿੰਕ ਸੜਕ ਨੂੰ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਚੌੜੀ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਖਸਤਾ ਹਾਲਤ, ਪਿੰਡ ਦੀ ਫਿਰਨੀ ਦੀ ਹਾਲਤ ਸੁਧਾਰਨ ਆਦਿ ਦੇ ਮੁੱਦੇ ਵੀ ਸ੍ਰੀ ਬਿੱਟੂ ਅੱਗੇ ਰੱਖੇ ਅਤੇ ਪਿੰਡ ਵਾਸੀਆਂ ਦੀਆਂ ਹੋਰ ਕਈ ਮੰਗਾਂ ਤੋਂ ਵੀ ਉਨ੍ਹਾਂ ਨੂੰ ਜਾਣੂੰ ਕਰਵਾਇਆ। 

ਇਸ ਮੌਕੇ ਬਿੱਟੂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਹਮੇਸ਼ਾ ਹੀ ਇਹ ਸੁਪਨਾ ਰਿਹਾ ਹੈ ਕਿ ਇਲਾਕੇ ਦੇ ਇਸ ਵੱਡੇ ਪਿੰਡ ਮੱਛਲੀ ਕਲਾਂ ਦਾ ਵਿਕਾਸ ਮਾਡਲ ਗ੍ਰਾਮ ਵਜੋਂ ਕੀਤਾ ਜਾਵੇ, ਪਰ ਬਦਕਿਸਮਤੀ ਨਾਲ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨਾ ਬਣਨ ਕਰਨ ਪਿੰਡ ਦੇ ਵਿਕਾਸ ਕਾਰਜਾਂ ਵਿਚ ਭਾਰੀ ਖੜੋਤ ਆਈ ਹੈ। ਉਨ੍ਹਾਂ ਕਿਹਾ ਕਿ ਫੇਰ ਵੀ ਉਹ ਕੇਂਦਰ ਸਰਕਾਰ ਕੋਲੋਂ ਗ੍ਰਾਂਟ ਪ੍ਰਾਪਤ ਕਰਕੇ ਪਿੰਡ ਦੇ ਵਿਕਾਸ ਵਾਸਤੇ ਦੇਣਗੇ ਅਤੇ ਪਿੰਡ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਸ੍ਰੀ ਬਿੱਟੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਸੂਬੇ ਦਾ ਵਿਕਾਸ ਸਿਰਫ ਇਸ਼ਤਿਹਾਰਬਾਜ਼ੀ ਰਾਹੀਂ ਹੀ ਕਰਵਾ ਰਹੀ ਹੈ, ਜਦਕਿ ਜ਼ਮੀਨੀ ਹਕੀਕਤਾਂ ਇਸ ਤੋਂ ਕੋਹਾਂ ਦੂਰ ਹਨ। ਉਨ੍ਹਾਂ ਕਿਹਾ ਕਿ ਜਦੋਂ ਪਿੰਡ ਮੱਛਲੀ ਕਲਾਂ ਵਰਗੇ ਵੱਡੇ ਵੱਡੇ ਪਿੰਡ ਵਿਕਾਸ ਪੱਖੋਂ ਪੱਛੜੇ ਹੋਏ ਹਨ ਤਾਂ ਕਿ ਸੂਬੇ ਦੇ ਹੋਰਨਾਂ ਛੋਟੇ ਪਿੰਡਾਂ ਦਾ ਕੀ ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਕਾਸ ਕਾਰਜਾਂ ਵਾਸਤੇ ਜਿਹੜੇ ਵੀ ਫੰਡ ਆ ਰਹੇ ਹਨ, ਉਹ ਸਾਰੇ ਕੇਂਦਰ ਦੀ ਯੂ.ਪੀ.ਏ. ਸਰਕਾਰ ਪਾਸੋਂ ਹੀ ਆ ਰਹੇ ਹਨ। ਇਸ ਮੌਕੇ ਪਿੰਡ ਵਾਸੀਆਂ ਵਲੋਂ ਸਾਂਸਦ ਸ੍ਰੀ ਬਿੱਟੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌ. ਆਲਮ ਸਿੰਘ ਸਾਬਕਾ ਪੰਚ, ਚੌ. ਸੀਸਪਾਲ ਪੰਚ, ਅਜ਼ਾਦ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਦੀਪਕ ਕੁਮਾਰ ਗੋਲਡੀ, ਹਰਮੇਸ਼ ਕੁਮਾਰ ਮੇਛੀ, ਰਾਣਾ ਰਾਮ ਸਿੰਘ ਸਾਬਕਾ ਸਰਪੰਚ, ਕੁਲਦੀਪ ਰਾਣਾ, ਰਾਜੇਸ਼ ਰਾਣਾ, ਕੁਸ਼ ਰਾਣਾ, ਰਾਜੀਵ ਕੁਮਾਰ ਮਾਣਾ, ਮਾ. ਅਮਰਨਾਥ, ਰਾਜੂ ਕਪਿਲ ਕੇਬਲ ਵਾਲਾ, ਬਲਰਾਮ ਕਪਿਲ, ਵੀਰਭਾਨ, ਨਾਗਰਥ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।