ਸਿਹਤ ਮੰਤਰੀ ਪੰਜਾਬ ਨੇ ਸਿਵਲ ਹਸਪਤਾਲ ਮੋਹਾਲੀ ਵਿਖੇ 08 ਕਰੋੜ 70 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜੱਚਾ-ਬੱਚਾ ਹਸਪਤਾਲ ਦਾ ਕੀਤਾ ਉਦਘਾਟਨ
ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ: ਜਿਆਣੀ
5 Dariya News
ਐਸ.ਏ.ਐਸ. ਨਗਰ (ਮੁਹਾਲੀ) 18-Dec-2015
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਿਵਲ ਹਸਪਤਾਲ ਫੇਜ਼-6 ਵਿਖੇ 8.70 ਕਰੋੜ ਰੁਪਏ ਦੀ ਲਾਗਤ ਨਾਲ 50 ਬਿਸਤਰਿਆਂ ਦੇ ਜੱਚਾ-ਬੱਚਾ ਹਸਪਤਾਲ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਹਸਪਤਾਲ ਇੱਕ ਬਹੁਤ ਹੀ ਅਧੁਨਿਕ ਕਿਸਮ ਦਾ ਹਸਪਤਾਲ ਬਣਾਇਆ ਗਿਆ ਹੈ। ਜਿਸ ਨੂੰ ਕਿ ਅਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ ਤਾਂ ਜੋ ਜੱਚਾ-ਬੱਚਾ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਅਤੇ ਸਿਹਤ ਸੇਵਾਵਾਂ ਮੁਹੱਈਆ ਹੋ ਸਕਣ।ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਜੱਚਾ –ਬੱਚਾ ਹਸਪਤਾਲ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਖੋਲ੍ਹੇ ਜਾਣਗੇ ਤਾਂ ਜੋ ਔਰਤਾਂ ਨੂੰ ਜਣੇਪੇ ਵੇਲੇ ਕਿਸੇ ਕਿਸਮ ਦੀ ਸਮੱਸਿਆ ਨਾ ਆਵੇ ਅਤੇ ਜੱਚਾ ਤੇ ਬੱਚਾ ਦੋਵੇ ਤੰਦਰੁਸਤ ਰਹਿ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕਿਸੇ ਕਿਸਮ ਦੀ ਕੋÂਂੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਮ.ਬੀ.ਬੀ.ਐਸ ਡਾਕਟਰਾਂ ਦੀ ਜਲਦੀ ਹੀ ਹੋਰ ਨਵੀਂ ਭਰਤੀ ਕੀਤੀ ਜਾਵੇਗੀ ਤਾਂ ਜੋ ਸਿਹਤ ਸੰਸਥਾਵਾਂ ਵਿੱਚ ਡਾਕਟਰਾਂ ਦੀ ਕੋਈ ਘਾਟ ਨਾ ਰਹੇ। ਉਨ੍ਹਾਂ ਦੱਸਿਆ ਕਿ ਰਾਜ ਵਿੱਚ 51ਫੀਸਦੀ ਜਣੇਪੇ ਹਸਪਤਾਲਾਂ ਵਿੱਚ ਹੁੰਦੇ ਹਨ । ਸਰਕਾਰ ਚਾਹੁੰਦੀ ਹੈ ਕਿ 100ਫੀਸਦੀ ਜਣੇਪੇ ਹਸਪਤਾਲਾਂ ਵਿੱਚ ਹੀ ਹੋਣ ਤਾਂ ਜੋ ਜੱਚਾ-ਬੱਚਾ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਦੱਸਿਆ ਕਿ ਰਾਜ ਵਿੱਚ ਜਣੇਪੇ ਵੇਲੇ 1000 ਜਣੇਪੇ ਪਿੱਛੋ 27 ਬੱਚਿਆਂ ਦੀ ਮੋਤ ਦਰ ਹੈ ਜੋ ਕਿ ਹੋਰਨਾਂ ਰਾਜਾਂ ਨਾਲੋ ਘੱਟ ਹੈ। ਇਸ ਨੂੰ 0ਫੀਸਦੀ ਤੇ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ 01 ਲੱਖ ਜਣੇਪੇ ਪਿੱਛੇ 142 ਜੱਚਾ ਦੀ ਮੋਤ ਦਰ ਹੈ। ਇਸ ਨੂੰ ਵੀ 0ਫੀਸਦੀ ਤੇ ਲਿਆਉਣ ਦਾ ਟੀਚਾ ਹੈ।
ਸ੍ਰੀ ਜਿਆਣੀ ਨੇ ਇਸ ਮੌਕੇ ਦੱਸਿਆ ਕਿ ਸਿਵਲ ਹਸਪਤਾਲ ਮੋਹਾਲੀ ਵਿਖੇ ਬਣਾਏ ਗਏ ਜੱਚਾ-ਬੱਚਾ ਹਸਪਤਾਲ ਦੇ ਗਰਾਉਂਡ ਫਲੋਰ ਵਿੱਚ ਰਜਿਸਟ੍ਰੇਸ਼ਨ, ਡਿਸਪੈਂਸਰੀ, ਪੰਜ ਓ.ਪੀ.ਡੀ, ਸੈਂਪਲ ਕੁਲੈਕਸ਼ਨ ਰੂਮ, ਡਾਇਗਨੋਸਟਿਕ ਰੂਮ, ਬਾਥਰੂਮ ਜਨਾਨਾ ਅਤੇ ਮਰਦਾਨਾ, ਡਲਿਵਰੀ ਰੂਮ, ਡਲਿਵਰੀ ਓਪਰੇਸ਼ਨ ਥੀਏਟਰ, ਲੇਬਰ ਰੂਮ, ਡਾਕਟਰ ਰੂਮ, ਡਾਕਟਰ ਚੇਂਜ, ਨਰਸ ਸਟੇਸ਼ਨ, ਪਰੀ-ਅਪਰੇਟਿਵ ਰੂਮ, ਸਕਰੱਬ, ਰਿਕਵਰੀ ਰੂਮ, ਨਰਸਰੀ ਰੂਮ, ਰੈਂਪ ਅਤੇ ਪੌੜੀਆਂ ਆਦਿ, ਪਹਿਲੀ ਮੰਜ਼ਿਲ ਤੇ ਦੋ ਓਪਰੇਸ਼ਨ ਥੀਏਟਰ, ਬੱਚਾ ਵਾਰਡ, ਲੈਬੋਰਾਟਰੀ, ਬੇਬੀ ਫੀਡ, ਆਫ਼ਿਸ, ਦਵਾਈਆਂ ਦਾ ਸਟੋਰ, ਕਾਨਫਰੰਸ ਰੂਮ, ਨਰਸ ਸਟੇਸ਼ਨ, ਰਿਕਵਰੀ, ਸਟੈਪ ਡਾਊਨ, ਟੀਕਾਕਰਨ ਕਮਰਾ, ਵੇਟਿੰਗ ਹਾਲ, ਰੈਂਪ, ਪੋੜੀਆਂ ਅਤੇ ਬਾਥਰੂਮ ਬਲਾਕ ਆਦਿ ਅਤੇ ਦੂਜੀ ਮੰਜ਼ਿਲ ਤੇ ਛੇ ਵਾਰਡ (32 ਬੈਡ), 10 ਸਪੈਸ਼ਲ ਕਮਰੇ, ਨਰਸ ਸਟੇਸ਼ਨ, ਸਟੋਰ, ਡਾਕਟਰ ਰੂਮ, ਬਾਥਰੂਮ ਬਲਾਕ ਬਣਾਏ ਗਏ ਹਨ। ਸਿਹਤ ਮੰਤਰੀ ਪੰਜਾਬ ਨੇ ਇਸ ਮੌਕੇ ਉਸਾਰੇ ਗਏ ਹਸਪਤਾਲ ਦਾ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਮੁਆਇਨਾ ਵੀ ਕੀਤਾ।ਇਸ ਮੌਕੇ ਪੰਜਾਬ ਸਿਹਤ ਸਿਸਟਮਜ਼ ਕਾਰਪੋਰੇਸਨ ਦੇ ਚੇਅਰਮੈਨ ਸ੍ਰ: ਬਲਜਿੰਦਰ ਸਿੰਘ ਬਰਾੜ, ਸਕੱਤਰ ਸਿਹਤ ਵਿਭਾਗ ਸ੍ਰੀ ਹੁਸਨ ਲਾਲ , ਇੰਨਫੋਟੈਕ ਦੇ ਵਾਇਸ ਚੇਅਰਮੈਨ ਸ੍ਰੀ ਖੁਸਵੰਤ ਰਾਏ ਗੀਗਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਗੋਲਡੀ, ਮੰਡਲ ਪ੍ਰਧਾਨ ਸੋਹਨ ਸਿੰਘ, ਕੌਂਸਲਰ ਅਸੋਕ ਝਾਅ, ਅਰੁਣ ਸ਼ਰਮਾ, ਬੀ.ਜੇ.ਪੀ.ਆਗੂ ਨਰਿੰਦਰ ਰਾਣਾ, ਸ੍ਰੀ ਜਸਵੀਰ ਸਿੰਘ ਮਹਿਤਾ, ਸ੍ਰ: ਅਮਨਦੀਪ ਸਿੰਘ ਅਬਿਆਣਾ, ਸਿਵਲ ਸਰਜਨ ਡਾ. ਨੀਲਮ ਭਾਰਦਵਾਜ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਐਚ.ਐਸ ਓਬਰਾਏ, ਐਸ.ਐਮ.ਓ ਡਾ. ਆਦੇਸ ਕੰਗ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਪਤਵੰਤੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।