5 Dariya News

ਬਰਤਾਨਵੀ ਯੂਨੀਵਰਸਿਟੀ ਦੇਵੇਗੀ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ

ਨੌਟਿੰਗਮ ਟ੍ਰੇਂਟ ਯੂਨੀਵਰਸਿਟੀ ਦੇ ਉਚ ਪੱਧਰੀ ਵਫਦ ਵੱਲੋਂ ਪੰਜਾਬ ਦੇ ਪੁਲਿਸ ਮੁਖੀ ਨਾਲ ਵਿਸਤ੍ਰਿਤ ਵਿਚਾਰ ਵਟਾਂਦਰਾ

5 Dariya News

ਚੰਡੀਗੜ੍ਹ 12-Dec-2015

ਅੱਜ ਬਰਤਾਨੀਆ ਦੀ ਪ੍ਰਮੁੱਖ ਨੌਟਿੰਗਮ ਟ੍ਰੇਂਟ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਐਡਵਰਡ ਪੈਕ ਅਤੇ ਪ੍ਰੋ ਵਾਈਸ ਚਾਂਸਲਰ ਪ੍ਰੋ. ਨਿਗੇਲ ਹਿਲੀ ਵੱਲੋਂ ਪੰਜਾਬ ਦੇ ਡੀ ਜੀ ਪੀ ਸ੍ਰੀ ਸੁਰੇਸ਼ ਅਰੋੜਾ ਅਤੇ ਵਧੀਕ ਡੀ ਜੀ ਪੀ ਮਨੁੱਖੀ ਸਰੋਤ ਵਿਕਾਸ ਸ੍ਰੀ ਐਮ ਕੇ ਤਿਵਾੜੀ ਅਤੇ ਵਧੀਕ ਡੀ ਜੀ ਪੀ ਪ੍ਰਸ਼ਾਸਨ ਸ੍ਰੀ ਦਿਨਕਰ ਗੁਪਤਾ ਨਾਲ ਪੰਜਾਬ ਪੁਲਿਸ ਮੁੱਖ ਦਫਤਰ ਵਿਖੇ ਰਾਜ ਪੁਲਿਸ ਦੇ ਕਰਮਚਾਰੀਆਂ ਨੂੰ ਆਲਾ ਮਿਆਰੀ ਸਿਖਲਾਈ ਦੇਣ ਲਈ ਆਪਸੀ ਭਾਈਵਾਲੀ ਦੀਆਂ ਸੰਭਾਵਨਾਵਾਂ  ਬਾਰੇ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ ਗਿਆ।ਮੀਟਿੰਗ ਵਿਚ  ਕਈ ਅਹਿਮ ਮੁੱਦਿਆਂ ਜਿਹਨਾਂ ਵਿਚ ਸਿਪਾਹੀ ਤੋਂ ਇੰਸਪੈਕਟਰ ਤੱਕ ਦੇ ਅਧਿਕਾਰੀਆਂ ਲਈ ਚਾਰ ਤੋਂ ਅੱਠ ਹਫਤਿਆਂ ਦੀ ਮਿਆਦ ਦੇ ਕੋਰਸਾਂ ਅਤੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਅਜਿਹੇ ਕੋਰਸਾਂ ਲਈ ਜ਼ਿਆਦਾ ਉਤਸ਼ਾਹਿਤ ਕਰਨ ਤੋਂ ਇਲਾਵਾ ਵਿਭਾਗ ਅਜਿਹੇ ਟ੍ਰੇਨਰ ਤਿਆਰ ਕਰਨ ਜੋ ਅੱਗੇ ਖੁਦ ਇਸ ਸਿਖਲਾਈ ਨੂੰ ਦੇ ਸਕਣ, ਦੇ ਨਾਲ ਨਾਲ ਨੌਟਿੰਗਮ ਟ੍ਰੇਂਟ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬ ਪੁਲਿਸ ਅਕੈਡਮੀ ਫਿਲੌਰ ਦਰਮਿਆਨ ਇਕ ਤਿੰਨ ਧਿਰੀ ਸਮਝੌਤਾ ਜਿਸ ਤਹਿਤ ਫਿਲੌਰ ਵਿਖੇ ਕਰਵਾਏ ਜਾਂਦੇ ਪੁਲਿਸ ਪ੍ਰਸ਼ਾਸਨ ਕੋਰਸਾਂ ਨੂੰ ਹੋਰ ਸੁਚੱਜਾ ਬਣਾਉਣਾ ਸ਼ਾਮਲ ਹੈ, ਬਾਰੇ ਵਿਚਾਰ ਕੀਤੀ ਗਈ। 

ਇਸ ਤੋਂ ਇਲਾਵਾ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਲਈ ਮਿਆਰੀ ਸਿਖਲਾਈ ਸਮੱਗਰੀ ਤਿਆਰ ਕਰਨ ਅਤੇ ਡੀ ਐਸ ਪੀ ਰੈਂਕ ਤੱਕ ਦੇ ਅਧਿਕਾਰੀਆਂ ਨੂੰ ਦੁਨੀਆਂ ਭਰ ਵਿਚ ਪ੍ਰਵਾਨਤ ਪ੍ਰਮੁੱਖ ਯੂਨੀਵਰਸਿਟੀਆਂ ਵਿਖੇ ਉਚੇਰੀ ਸਿੱਖਿਆ ਲਈ ਉਤਸ਼ਾਹਿਤ ਕਰਨ ਆਦਿ ਦੇ ਮੁੱਦੇ ਵੀ ਵਿਚਾਰੇ ਗਏ।ਮੀਟਿੰਗ ਵਿਚ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਕਿ ਡੀ ਐਸ ਪੀ ਪੱਧਰ ਤੱਕ ਦੇ ਅਧਿਕਾਰੀਆਂ ਨੂੰ ਕਿਸ ਤਰ੍ਹਾਂ ਕੌਮਾਂਤਰੀ ਪੱਧਰ 'ਤੇ ਪ੍ਰਵਾਨਤ ਸਰਵੋਤਮ ਪੁਲਿਸ ਕਿਰਿਆਵਾਂ ਤੋਂ ਜਾਣੂ ਕਰਵਾਇਆ ਜਾਵੇ ਕਿਉਂਕਿ ਅਜਿਹਾ ਕਰ ਕੇ ਹੀ ਇਹਨਾਂ ਪੁਲਿਸ ਅਧਿਕਾਰੀਆਂ ਨੂੰ ਆਪਣੇ ਫਰਜ਼ਾਂ ਨੂੰ ਅਸਰਦਾਰ ਅਤੇ ਹੋਰ ਵਧੇਰੇ ਪੇਸ਼ੇਵਾਰਾਨਾ ਢੰਗ ਨਾਲ ਨਿਭਾਉਣ ਪ੍ਰਤੀ ਉਤਸ਼ਾਹਿਤ  ਕਰਦਿਆਂ ਯੋਗ ਬਣਾਇਆ ਜਾ ਸਕਦਾ ਹੈ।ਡੀ ਜੀ ਪੀ ਵੱਲੋਂ ਇਸ ਯੋਜਨਾ ਬਾਰੇ ਮੁੱਖ ਮੰਤਰੀ ਪੰਜਾਬ  ਨੂੰ ਵੀ ਜਾਣੂ ਕਰਵਾਇਆ ਗਿਆ ਜਿਹਨਾਂ ਪੰਜਾਬ ਪੁਲਿਸ ਦੀ ਇਸ ਨਿਵੇਕਲੀ ਯੋਜਨਾ ਵਿਚ ਡੂੰਘੀ ਦਿਲਚਸਪੀ ਵਿਖਾਉਂਦਿਆਂ ਸਿਧਾਂਤਕ ਰੂਪ ਵਿਚ ਪ੍ਰਵਾਨ ਕਰ ਦਿੱਤਾ। ਉਹਨਾਂ ਇਹ ਵੀ ਕਿਹਾ ਹੈ ਕਿ ਅਜਿਹੀਆਂ ਪਹਿਲਕਦਮੀਆਂ ਨੂੰ ਲਾਗੂ ਕਰਨ ਲਈ ਕਿਸੇ ਤਰ੍ਹਾਂ ਵਿੱਤੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।