ਪੰਜਾਬ ਸਰਕਾਰ ਵੱਲੋਂ ਸਮਾਰਟ ਸਿਟੀ ਪ੍ਰਾਜੈਕਟ ਰਿਪੋਰਟ ਤਿਆਰ
ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਸ਼ਹਿਰਾਂ ਦੀ ਰਿਪੋਰਟ ਕੇਂਦਰ ਨੂੰ ਸੌਂਪੀ ,ਸਮਾਰਟ ਸਿਟੀ ਪ੍ਰਾਜੈਕਟ ਤਹਿਤ ਹਰ ਸ਼ਹਿਰ ਨੂੰ ਮਿਲਣਗੇ 500 ਕਰੋੜ ਰੁਪਏ
5 Dariya News
ਚੰਡੀਗੜ੍ਹ 11-Dec-2015
ਪੰਜਾਬ ਸਰਕਾਰ ਨੇ ਅੱਜ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦੀਆਂ ਤਜਵੀਜ਼ਾਂ ਨੂੰ ਅੰਤਿਮ ਛੋਹਾਂ ਦੇਣ ਲਈ ਤਿੰਨ ਸਲਾਹਕਾਰ ਕੰਪਨੀਆਂ ਦੀ ਚੋਣ ਕਰ ਲਈ ਗਈ ਹੈ।ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਉਚ ਤਾਕਤੀ ਸਟੀਅਰਿੰਗ ਕਮੇਟੀ ਵੱਲੋਂ ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਨੂੰ ਸਮਾਰਟ ਸਿਟੀ ਬਣਾਉਣ ਦੀਆਂ ਉਨ੍ਹਾਂ ਤਜਵੀਜ਼ਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਕਿ ਸਲਾਹਕਾਰ ਕੰਪਨੀਆਂ ਨੇ ਤਿਆਰ ਕੀਤੀਆਂ ਹਨ। ਇਹ ਵੀ ਧਿਆਨ ਦੇਣ ਯੋਗ ਹੈ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਲਈ ਮੈਸਰਜ਼ ਜੋਨਜ਼ ਲੈਂਗ ਲਾਸੈਲੇ/ਟਾਟਾ ਕੰਸਲੈਂਟਿੰਗ ਇੰਜਨੀਅਰ ਨੂੰ ਨਿਯੁਕਤ ਕੀਤਾ ਹੈ ਜਦੋਂ ਕਿ ਲੁਧਿਆਣਾ ਲਈ ਮੈਸਰਜ਼ ਆਈਕੌਮ ਇੰਡੀਆ/ਆਈ ਬੀ ਐਮ ਅਤੇ ਜਲੰਧਰ ਲਈ ਮੈਸਰਜ਼ ਆਈ ਆਈ ਡੀ ਸੀ/ਯੂ ਐਮ ਟੀ ਸੀ/ਬੀ ਡੀ ਪੀ (ਯੂ.ਕੇ.) ਨੂੰ ਨਿਯੁਕਤ ਕੀਤਾ ਹੈ ਤਾਂ ਜੋ ਸਮਾਰਟ ਸਿਟੀ ਯੋਜਨਾ ਸਬੰਧੀ ਤਜਵੀਜ਼ਾਂ ਤਿਆਰ ਕਰ ਕੇ ਕੇਂਦਰ ਸਰਕਾਰ ਨੂੰ ਭੇਜੀਆਂ ਜਾ ਸਕਣ।ਸ੍ਰੀ ਜੋਸ਼ੀ ਨੇ ਦੱਸਿਆ ਕਿ ਇਨ੍ਹਾਂ ਤਜਵੀਜ਼ਾਂ ਨੂੰ ਹੁਣ ਕੌਮੀ ਪੱਧਰ ਦੇ ਦੂਜੇ ਪੜਾਅ ਦੇ ਮੁਕਾਬਲੇ ਵਿੱਚ ਸ਼ਾਮਲ ਕਰਨ ਲਈ ਭਾਰਤ ਸਰਕਾਰ ਨੂੰ ਭੇਜਿਆ ਜਾਵੇਗਾ।
ਉਨ੍ਹਾਂ ਅਗਾਂਹ ਜਾਣਕਾਰੀ ਦਿੱਤੀ ਕਿ ਮੁੱਢਲੇ ਪੜਾਅ ਵਿੱਚ ਵਿੱਤੀ ਵਰ੍ਹੇ 2015-16 ਲਈ 20 ਸ਼ਹਿਰਾਂ ਦੇ ਚੁਣੇ ਜਾਣ ਦੀ ਉਮੀਦ ਹੈ ਅਤੇ ਉਸ ਤੋਂ ਬਾਅਦ ਅਗਲੇ ਦੋ ਪੜਾਵਾਂ ਵਿੱਚ 40-40 ਸ਼ਹਿਰ ਚੁਣੇ ਜਾਣਗੇ। ਮੰਤਰੀ ਨੇ ਦੱਸਿਆ ਕਿ ਇਨ੍ਹਾਂ ਤਜਵੀਜ਼ਾਂ ਨੂੰ ਜਮ੍ਹਾਂ ਕਰਨ ਦੀ ਅੰਤਿਮ ਮਿਤੀ 15 ਦਸੰਬਰ 2015 ਹੈ। ਉਨ੍ਹਾਂ ਹੋਰ ਦੱਸਿਆ ਕਿ ਚੁਣੀ ਗਈ ਸਮਾਰਟ ਸਿਟੀ ਨੂੰ ਦੂਜੇ ਪੜਾਅ ਤਹਿਤ 5 ਸਾਲ ਵਿੱਚ ਭਾਰਤ ਸਰਕਾਰ ਤੋਂ 500 ਕਰੋੜ ਰੁਪਏ ਮਿਲਣਗੇ। ਇੰਨੀ ਹੀ ਰਕਮ ਦਾ ਯੋਗਦਾਨ ਪੰਜਾਬ ਸਰਕਾਰ ਵੱਲੋਂ ਸਮਾਰਟ ਸਿਟੀ ਤਜਵੀਜ਼ ਲਾਗੂ ਕਰਨ ਲਈ ਪਾਇਆ ਜਾਵੇਗਾ।ਸਮਾਰਟ ਸਿਟੀ ਦੇ ਵੇਰਵੇ ਦਿੰਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ 100 ਸਮਾਰਟ ਸਿਟੀ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਸ਼ਹਿਰਾਂ ਨੂੰ ਬਿਹਤਰ ਪ੍ਰਸ਼ਾਸਕੀ ਸੇਵਾਵਾਂ, ਟਰਾਂਸਪੋਰਟ, ਸਿਹਤ ਤੇ ਸਿੱਖਿਆ ਸਹੂਲਤਾਂ, 24 ਘੰਟੇ ਬਿਜਲੀ ਤੇ ਪਾਣੀ, ਸਾਈਬਰ ਸਹੂਲਤਾਂ ਬਿਨਾਂ ਆਮਦਨ, ਉਮਰ ਅਤੇ ਲਿੰਗ ਭੇਦਭਾਵ ਦੇ ਮਿਲਣਗੀਆਂ। ਇਸ ਯੋਜਨਾ ਦਾ ਮੁੱਖ ਮਕਸਦ ਸੋਹਣੇ, ਸਿਹਤਮੰਦ ਅਤੇ ਖੁਸ਼ਹਾਲ ਸ਼ਹਿਰ ਵਿਕਸਤ ਕਰਨਾ ਹੈ।ਸ੍ਰੀ ਜੋਸ਼ੀ ਨੇ ਅਗਾਂਹ ਦੱਸਿਆ ਕਿ ਪਹਿਲੇ ਪੜਾਅ ਦੇ ਮੁਕੰਮਲ ਹੋਣ ਉਪਰੰਤ ਕੇਂਦਰ ਸਰਕਾਰ ਨੇ ਪੰਜਾਬ ਵਿੱਚੋਂ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਦੀ ਚੋਣ ਕੀਤੀ ਹੈ। ਪੰਜਾਬ ਮਿਉਂਸਪਲ ਇਨਫਰਾਸਟੱਕਚਰ ਡਿਵੈਲਮੈਂਟ ਕੰਪਨੀ (ਪੀ.ਐਮ.ਆਈ.ਡੀ.ਸੀ.) ਜੋ ਕਿ ਪੰਜਾਬ ਦੀ ਨੋਡਲ ਏਜੰਸੀ ਹੈ, ਵੱਲੋਂ ਤਿੰਨ ਸਲਾਹਕਾਰ ਕੰਪਨੀਆਂ ਨੂੰ ਸਮਾਰਟ ਸਿਟੀ ਤਜਵੀਜ਼ਾਂ ਤਿਆਰ ਕਰਨ ਲਈ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੁਣਿਆ ਗਿਆ ਹੈ।