5 Dariya News

ਪਰਕਾਸ਼ ਸਿੰਘ ਬਾਦਲ ਵੱਲੋਂ ਝੰਡਾ ਦਿਵਸ ਮੌਕੇ ਸ਼ਹੀਦ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਸੇਵਾਵਾਂ ਨਿਭਾ ਰਹੇ ਸੈਨਿਕਾਂ ਦੀ ਸੂਰਮਗਤੀ ਨੂੰ ਸਲਾਮ

ਰੱਖਿਆ ਸੇਵਾਵਾਂ ਵਿਭਾਗ ਦਾ ਸਾਲਾਨਾ ਮੈਗਜ਼ੀਨ 'ਰਣ-ਯੋਧੇ' ਜਾਰੀ

5 Dariya News

ਚੰਡੀਗੜ੍ਹ 07-Dec-2015

ਹਥਿਆਰਬੰਦ ਸੈਨਾਵਾਂ ਝੰਡਾ ਦਿਵਸ-2015 ਮੌਕੇ ਰੱਖਿਆ ਸੈਨਾਵਾਂ ਭਲਾਈ ਮੰਤਰੀ  ਜਨਮੇਜਾ ਸਿੰਘ ਸੇਖੋਂ ਅਤੇ ਰੱਖਿਆ ਸੈਨਾਵਾਂ ਭਲਾਈ ਪੰਜਾਬ ਦੇ ਡਾਇਰੈਕਟਰ ਬ੍ਰਿਗੇਡੀਅਰ (ਸੇਵਾ-ਮੁਕਤ) ਜਤਿੰਦਰ ਸਿੰਘ ਅਰੋੜਾ ਨੇ ਅੱਜ ਮੁੱਖ ਮੰਤਰੀ ਨਿਵਾਸ 'ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਹਥਿਆਰਬੰਦ ਸੈਨਾਵਾਂ ਦਾ ਝੰਡਾ ਲਾਇਆ।ਝੰਡਾ ਦਿਵਸ ਮੌਕੇ ਮੁਲਕ ਦੇ ਸ਼ਹੀਦ ਅਤੇ ਬਹਾਦਰ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਇਤਿਹਾਸਕ ਦਿਨ ਸਾਨੂੰ ਹਥਿਆਰਬੰਦ ਸੈਨਿਕਾਂ ਨਾਲ ਇਕਜੁਟਤਾ ਪ੍ਰਗਟਾਉਣ ਅਤੇ ਸਾਬਕਾ ਸੈਨਿਕਾਂ ਦੀਆਂ ਸੇਵਾਵਾਂ ਬਾਰੇ ਮੁੜ ਦ੍ਰਿੜ੍ਹ ਕਰਵਾਉਂਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੰਦਿਆਂ ਆਖਿਆ ਕਿ ਸ਼ਹੀਦ ਸੈਨਿਕਾਂ ਨੂੰ ਉਨ੍ਹਾਂ ਦੀ ਲਾਮਿਸਾਲ ਕੁਰਬਾਨੀ ਅਤੇ ਜਜ਼ਬੇ ਨੂੰ ਸਲਾਮ ਕਰੀਏੇ ਅਤੇ ਝੰਡਾ ਦਿਵਸ ਫੰਡ ਵਿੱਚ ਵੀ ਸਵੈ-ਇੱਛਕ ਅਤੇ ਫਰਾਖ਼ਦਿਲੀ ਨਾਲ ਯੋਗਦਾਨ ਪਾਈਏ ਕਿਉਂ ਜੋ ਇਹ ਫੰਡ ਸੈਨਿਕਾਂ, ਸਾਬਕਾ ਸੈਨਿਕਾਂ, ਅਪਾਹਜ ਸੈਨਿਕਾਂ ਅਤੇ ਜੰਗੀ ਵਿਧਵਾਵਾਂ ਦੇ ਮੁੜ ਵਸੇਬੇ ਦੇ ਨੇਕ ਕਾਰਜ ਲਈ ਖਰਚਿਆ ਜਾਂਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਇਹ ਤੁੱਛ ਜਿਹਾ ਯੋਗਦਾਨ ਸਾਡੇ ਮਨਾਂ ਵਿੱਚ ਉਨ੍ਹਾਂ ਮਹਾਨ ਸੈਨਿਕਾਂ ਪ੍ਰਤੀ ਸਤਿਕਾਰ ਨੂੰ ਹੋਰ ਵਧਾਉਂਦਾ ਹੈ ਜੋ ਹਰ ਪਲ ਸਰਹੱਦ 'ਤੇ ਸਾਡੀ ਸੁਰੱਖਿਆ ਲਈ ਜੂਝਦੇ ਹਨ।ਇਸ ਮੌਕੇ ਅੱਜ ਦੇ ਇਸ ਇਤਿਹਾਸਕ ਦਿਨ 'ਤੇ ਮੁੱਖ ਮੰਤਰੀ ਨੇ ਰੱਖਿਆ ਸੇਵਾਵਾਂ ਭਲਾਈ ਫੰਡ ਵਿੱਚ ਆਪਣਾ ਯੋਗਦਾਨ ਪਾਇਆ।ਇਸ ਮੌਕੇ ਸ. ਬਾਦਲ ਨੇ ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਲਈ ਰਾਜ ਅਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਡਾਇਰੈਕਟੋਰੇਟ ਆਫ ਡਿਫੈਂਸ ਸਰਵਿਸਜ਼ ਵੈਲਫੇਅਰ ਵੱਲੋਂ ਪ੍ਰਕਾਸ਼ਿਤ ਮੈਗਜ਼ੀਨ ਵੀ ਜਾਰੀ ਕੀਤਾ। ਇਸ ਮੈਗਜ਼ੀਨ ਵਿੱਚ ਏਅਰ ਫੋਰਸ ਮਾਰਸ਼ਲ ਪਦਮ ਵਿਭੂਸ਼ਣ ਅਰਜਨ ਸਿੰਘ ਨਾਲ 90 ਮਿੰਟਾਂ ਦੀ ਇੰਟਰਵਿਊ ਅਤੇ ਅਮਰਕੋਟ (ਤਰਨ ਤਾਰਨ) ਵਿਖੇ 1965 ਦੀ ਭਾਰਤ-ਪਾਕਿ ਜੰਗ ਦੀ ਗੋਲਡਨ ਜੁਬਲੀ ਯਾਦਗਾਰੀ ਸਮਾਰੋਹ 'ਤੇ ਲੇਖ ਪ੍ਰਕਾਸ਼ਿਤ ਕੀਤੇ ਗਏ ਹਨ।