ਐਚ.ਆਈ.ਵੀ/ਏਡਜ਼ ਹੁਣ ਲਾਇਲਾਜ ਨਹੀਂ ਸਗੋਂ ਇਸ ਪ੍ਰਤੀ ਸੂਚੇਤ ਅਤੇ ਜਾਗਰੂਕ ਹੋਣ ਦੀ ਲੋੜ :ਸੁਰਜੀਤ ਕੁਮਾਰ ਜਿਆਣੀ
ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਸਿਹਤ ਵਿਭਾਗ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਦਾ ਆਯੋਜਨ
5 Dariya News
ਐਸ.ਏ.ਐਸ.ਨਗਰ 01-Dec-2015
ਐਚ.ਆਈ.ਵੀ/ਏਡਜ਼ ਹੁਣ ਲਾਇਲਾਜ ਨਹੀਂ ਸਗੋਂ ਇਸ ਪ੍ਰਤੀ ਸੂਚੇਤ ਅਤੇ ਜਾਗਰੂਕ ਹੋਣ ਦੀ ਲੋੜ ਹੈ। ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਸਿਹਤ ਸਿਸਟਮ ਕਾਰਪੋਰੇਸ਼ਨ ਦੇ ਆਡੀਟੋਰੀਅਮ ਵਿਖੇ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਅਤੇ ਸਿਹਤ ਵਿਭਾਗ ਵੱਲੋਂ ਵਿਸ਼ਵ ਏਡਜ਼ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਸਿਹਤ ਮੰਤਰੀ ਪੰਜਾਬ ਨੇ ਦੱਸਿਆ ਕਿ ਸਮੁੱਚੇ ਦੇਸ਼ ਵਿੱਚ ਕਰੀਬ 20 ਲੱਖ 80 ਹਜ਼ਾਰ ਵਿਅਕਤੀ ਐਚ.ਆਈ.ਵੀ/ਏਡਜ਼ ਤੋਂ ਪੀੜਤ ਹਨ ਅਤੇ ਪੰਜਾਬ ਵਿੱਚ ਇਨ੍ਹਾਂ ਦੀ ਗਿਣਤੀ ਕਰੀਬ 37 ਹਜ਼ਾਰ ਹੈ। ਜੇਕਰ ਸਮਾਜ ਦੇ ਲੋਕਾਂ ਨੂੰ ਇਸ ਭਿਆਨਕ ਬਿਮਾਰੀ ਬਾਰੇ ਸੁਚੇਤ ਨਾ ਕੀਤਾ ਗਿਆ ਤਾਂ ਇਸ ਤੋਂ ਪੀੜਤ ਵਿਅਕਤੀਆਂ ਗਿਣਤੀ ਵਿੱਚ ਅਥਾਹ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਐਚ.ਆਈ.ਵੀ/ਏਡਜ਼ ਦੇ ਖਾਤਮੇ ਲਈ ਸਾਨੂੰ ਸਾਰਿਆਂ ਨੂੰ ਇਥ ਜੁੱਟ ਹੋ ਕੇ ਕੰਮ ਕਰਨਾ ਪਵੇਗਾ ਤਾਂ ਹੀ ਅਸੀਂ ਇਸ ਤੋਂ ਮੁਕਤ ਹੋ ਸਕਾਂਗੇ। ਉਨ੍ਹਾਂ ਕਿਹਾ ਕਿ ਭਾਵੇ ਐਚ.ਆਈ.ਵੀ/ਏਡਜ਼ ਹੁਣ ਲਾਇਲਾਜ ਬਿਮਾਰੀ ਨਹੀਂ ਰਹੀਂ ਅਤੇ ਹੁਣ ਇਸ ਦਾ ਇਲਾਜ ਸੰਭਵ ਹੈ ਪਰੰਤੂ ਇਸ ਤੋਂ ਪੀੜਤ ਵਿਅਕਤੀ ਨੂੰ ਆਪਣਾ ਇਲਾਜ ਲਗਾਤਾਰ ਕਰਾਉਣਾ ਪਵੇਗਾ। ਉਨ੍ਹਾਂ ਹੋਰ ਦੱਸਿਆ ਕਿ ਪੰਜਾਬ ਦੇ ਸਾਰੇ ਮੈਡੀਕਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ ਸੁਰੱਖਿਆ ਕਲੀਨਿੰਕ ਖੋਲ੍ਹੇ ਗਏ ਹਨ। ਜਿਥੇ ਕਿ ਲੋਕਾਂ ਨੂੰ ਇਸ ਤੋਂ ਬਚਣ ਲਈ ਸਲਾਹ ਅਤੇ ਐਚ.ਆਈ.ਵੀ/ਏਡਜ਼ ਦੀ ਜਾਂਚ ਅਤੇ ਇਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਏਕੀਕ੍ਰਿਤ ਸਲਾਹ ਅਤੇ ਜਾਂਚ ਕੇਂਦਰ ਵੀ ਖੋਲ੍ਹੇ ਗਏ ਹਨ।
ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਵਿਸ਼ਵ ਵਿੱਚ ਹਰ ਸਾਲ 01 ਨਵੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਇਸ ਤੋਂ ਕਿਵੇ ਬਚਿਆ ਜਾ ਸਕਦਾ ਹੈ ਅਤੇ ਇਸ ਤੋਂ ਪੀੜਤ ਵਿਅਕਤੀ ਦੇ ਇਲਾਜ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣੀ ਹੈ। ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਸਾਨੂੰ ਆਪਣੀ ਨਿਰੋਗ ਜਿੰਦਗੀ ਜਿਊਣ ਲਈ ਆਪਣੇ ਜੀਵਨ ਬਸਰ ਕਰਨ ਦੇ ਤਰੀਕੇ ਬਦਲਣੇ ਪੈਣਗੇ ਕਿਉਂਕਿ ਅੱਜ ਅਸੀਂ ਜਾਣਦੇ ਹੋਏ ਵੀ ਸਿਹਤ ਤੇ ਮਾੜਾ ਅਸਰ ਪਾਉਣ ਵਾਲੀਆਂ ਖਾਣ ਪੀਣ ਦੀਆਂ ਵਸਤਾਂ ਦੀ ਵਰਤੋਂ ਕਰ ਰਹੇ ਹਾਂ। ਉਨ੍ਹਾਂ ਹੋਰ ਕਿਹਾ ਕਿ ਅੱਜ ਸਮਾਜ ਅੰਦਰ ਵਰਕ ਕਲਚਰ ਵੀ ਖਤਮ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਇਨਸਾਨ ਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਲੋਕਾਂ ਨੂੰ ਏਡਜ਼ ਪ੍ਰਤੀ ਜਾਗਰੂਕ ਅਤੇ ਇਲਾਜ ਸਬੰਧੀ ਮੋਬਾਇਲ ਵੈਨ ਅਤੇ ਮੋਬਾਇਲ ਬਲੱਡ ਡੋਨੇਸ਼ਨ ਵੈਨ ਦਾ ਨਿਰਿਖਣ ਵੀ ਕੀਤਾ।ਇਸ ਮੌਕੇ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਪੰਜਾਬ ਸ੍ਰੀਮਤੀ ਵਿੰਨੀ ਮਹਾਜਨ ਨੇ ਬੋਲਦਿਆਂ ਕਿਹਾ ਕਿ ਐਚ.ਆਈ.ਵੀ/ਏਡਜ਼ ਪੀੜਤ ਵਿਅਕਤੀ ਨੂੰ ਆਪਣਾ ਇਲਾਜ ਪੂਰਨ ਤੌਰ ਤੇ ਕਰਾਉਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਇਸ ਦਾ ਮੁਕੰਮਲ ਇਲਾਜ ਕਰਵਾ ਕੇ ਛੁਟਕਾਰਾਂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ, ਲੋਕ ਅਤੇ ਸਮਾਜ ਸੇਵੀ ਸੰਸਥਾਵਾਂ ਐਚ.ਆਈ.ਵੀ ਅਤੇ ਏਡਜ਼ ਪ੍ਰਤੀ ਸਮਾਜ ਦੇ ਲੋਕਾਂ ਨੂੰ ਜਾਗਰੂਕ ਕਰਨ ਦਾ ਬੀੜਾ ਚੁੱਕਣ ਤਾਂ ਇਸ ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਐਚ.ਆਈ.ਵੀ/ਏਡਜ਼ ਦੀ ਜਾਂਚ ਮੁਫ਼ਤ ਟੈਸਟ ਅਤੇ ਪੀੜਤ ਵਿਅਕਤੀ ਦਾ ਇਲਾਜ ਵੀ ਮੁਫ਼ਤ ਕੀਤਾ ਜਾਂਦਾ ਹੈ।
ਇਸ ਮੌਕੇ ਸਕੱਤਰ ਸਿਹਤ ਵਿਭਾਗ ਪੰਜਾਬ ਤੇ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਸ੍ਰੀ ਹੁਸਨ ਲਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਲੋਕਾਂ ਨੂੰ ਐਚ.ਆਈ.ਵੀ/ਏਡਜ਼ ਪ੍ਰਤੀ ਜਾਗਰੂਕ ਕਰਨ ਲਈ ਅਤੇ ਇਸ ਤੋਂ ਬਚਣ ਲਈ ਰਾਜ ਭਰ ਵਿੱਚ ਵਿਸ਼ੇਸ ਮੁਹਿੰਮ ਚਲਾਈ ਗਈ ਹੈ ਅਤੇ ਇਕ ਮੋਬਾਇਲ ਵੈਨ ਵੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਹੇਠਲੇ ਪੱਧਰ ਤੱਕ ਐਚ.ਆਈ.ਵੀ/ਏਡਜ਼ ਦੇ ਬਚਾਓ ਲਈ ਜਾਗਰੂਕ ਕੀਤਾ ਜਾ ਸਕੇ। ਇਸ ਤੋਂ ਇਲਾਵਾ ਇਸ ਮੁਹਿੰਮ ਵਿੱਚ 76 ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨਾਲ ਜੋੜਿਆ ਗਿਆ ਹੈ। ਇਸ ਤੋਂ ਪਹਿਲਾਂ ਵਧੀਕ ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਡਾ. ਮਨਪ੍ਰੀਤ ਕੌਰ ਨੇ ਸੋਸਾਇਟੀ ਵੱਲੋਂ ਐਚ.ਆਈ.ਵੀ /ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਵੱਖ-ਵੱਖ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਵਿੱਚ ਡਾਇਰੈਕਟਰ ਸਿਹਤ ਸੇਵਾਵਾਂ ਵਿਭਾਗ ਪੰਜਾਬ ਡਾ. ਭਾਗਮਲ, ਸਿਵਲ ਸਰਜਨ ਨੀਲਮ ਭਾਰਦਵਾਜ, ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਐਸ.ਐਮ.ਓ ਸਿਵਲ ਹਸਪਤਾਨ ਮੋਹਾਲੀ ਡਾ. ਆਦੇਸ ਕੰਗ, ਜ਼ਿਲ੍ਹਾ ਟੀ.ਬੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।