ਬਜੁਰਗਾਂ ਨੂੰ ਮਾਣ ਸਤਿਕਾਰ ਦੇਣਾ ਸਾਡੀ ਨੈਤਿਕ ਜਿੰਮੇਵਾਰੀ : ਪ੍ਰੋ: ਕਪਤਾਨ ਸਿੰਘ ਸੋਲੰਕੀ
ਨੌਜਵਾਨ ਪੀੜੀ ਨੂੰ ਬਜੁਰਗਾਂ ਦੀ ਸੇਵਾ ਕਰਨ ਲਈ ਜਾਗਰੂਕ ਕਰਨ ਦੀ ਲੋੜ
5 Dariya News
ਐਸ.ਏ.ਐਸ.ਨਗਰ 30-Nov-2015
ਬਜੁਰਗਾਂ ਨੂੰ ਮਾਣ ਸਤਿਕਾਰ ਦੇਣਾ ਸਾਡੀ ਨੈਤਿਕ ਜਿੰਮੇਵਾਰੀ ਹੈ ਕਿਉਂਕਿ ਬਜੁਰਗ, ਪਰਿਵਾਰ ਅਤੇ ਸਮਾਜ ਦਾ ਸਰਮਾਇਆ ਹੁੰਦੇ ਹਨ ਅਤੇ ਬਜੁਰਗਾਂ ਦੇ ਆਪਣੀ ਜਿੰਦਗੀ ਦੇ ਤਜਰਬਿਆਂ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪਾਲ ਪੰਜਾਬ ਅਤੇ ਹਰਿਆਣ ਪ੍ਰੋ: ਕਪਤਾਨ ਸਿੰਘ ਸੋਲੰਕੀ ਨੇ ਐਸ.ਏ.ਐਸ.ਨਗਰ ਸਥਿਤ ਵੋਗਨਵਿਲਾ ਗਾਰਡਨ ਵਿਖੇ ਗੁੱਡ-ਮੌਰਨਿੰਗ ਲਾਫਟਰ ਕਲੱਬ ਵੱਲੋਂ ਇੰਟਰਨੈਸ਼ਨਲ ਸੀਨੀਅਰ ਸਿਟੀਜਨਜ਼ ਦਿਵਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰੋ: ਸੋਲੰਕੀ ਨੇ ਇਸ ਮੋਕੇ ਸਮੂਹ ਪੰਜਾਬ ਵਾਸੀਆਂ ਨੂੰ ਜਿਥੇ ਇੰਟਰਨੈਸ਼ਨ ਸੀਨੀਅਰ ਸਿਟੀਜਨਜ਼ ਦਿਵਸ ਦੀ ਮੁਬਾਰਕਬਾਦ ਦਿੱਤੀ ਉਥੇ ਬਜੁਰਗਾਂ ਦੀ ਸਾਂਭ ਸੰਭਾਲ ਦੀ ਲੋੜ ਤੇ ਜੋਰ ਵੀ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਹਉਮੈਂ ਵਿੱਚ ਫਸਕੇ ਮਨੁੱਖੀ ਕਦਰਾਂ ਕੀਮਤਾਂ ਨੂੰ ਭੁੱਲਦਾ ਜਾ ਰਿਹਾ ਹੈ ਅਤੇ ਬੱਚਿਆਂ ਤੇ ਬਜੁਰਗਾਂ ਵਿੱਚ ਦਿਨ ਪ੍ਰਤੀ ਦਿਨ ਪਾੜਾ ਵਧਦਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅੱਜ ਬਜੁਰਗਾਂ ਨੂੰ ਵਿਰਧ ਆਸਰਮਾਂ ਵਿੱਚ ਆਪਣਾ ਜੀਵਨ ਵਤੀਤ ਕਰਨਾ ਪੈ ਰਿਹਾ ਹੈ ਜੋ ਕਿ ਸਾਡੇ ਦੇਸ਼ ਦੀ ਸੰਸਕ੍ਰਿਤੀ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਜਿਵੇ ਬੱਚੇ ਤੋਂ ਬਿਨ੍ਹਾਂ ਪਰਿਵਾਰ ਅਧੂਰਾ ਹੈ ਉਸੇ ਤਰ੍ਹਾਂ ਬਜੁਰਗਾਂ ਤੋਂ ਬਿਨ੍ਹਾਂ ਵੀ ਪਰਿਵਾਰ ਅਧੁਰਾ ਹੁੰਦਾ ਹੈ। ਉਨ੍ਹਾਂ ਇਸ ਮੌਕੇ ਆਪਸੀ ਸਦਭਾਵਨਾ ਅਤੇ ਮਿਲਵਰਤਨ ਬਣਾਈ ਰੱਖਣ ਦਾ ਸੰਦੇਸ ਦਿੰਦਿਆ ਕਿਹਾ ਕਿ ਉਹੀ ਸਮਾਜ ਅਤੇ ਦੇਸ਼ ਤਰੱਕੀ ਕਰ ਸਕਦਾ ਹੈ ਜਿਥੇ ਆਪਸੀ ਭਾਈਚਾਰਕ ਸਾਂਝ ਅਤੇ ਪ੍ਰੇਮ ਪਿਆਰ ਹੋਵੇ। ਉਨ੍ਹਾਂ ਕਿਹਾ ਕਿ ਸਾਨੂੰ ਕੇਵਲ ਆਪਣੇ ਲਈ ਜੀਊਣ ਦੀ ਜਾਂਚ ਨਹੀਂ ਹੋਣੀ ਚਾਹੀਦੀ ਸਗੋ ਦੂਸਰਿਆਂ ਲਈ ਵੀ ਜੀਊਣਾ ਚਾਹੀਦਾ ਹੈ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੱੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ ਜਿਸ ਨਾਲ ਨਿਰੋਏ ਸਮਾਜ ਦੀ ਸਿਰਜਨਾ ਹੋ ਸਕੇ। ਰਾਜਪਾਲ ਪੰਜਾਬ ਅਤੇ ਹਰਿਆਣਾ ਨੇ ਇਸ ਮੌਕੇ ਗੁੱਡ-ਮੌਰਨਿੰਗ ਲਾਫਟਰ ਕਲੱਬ ਵੱਲੋਂ ਚਲਾਈਆ ਜਾ ਰਹੀਆਂ ਗਤੀਵਿਧੀਆਂ ਜਿਸ ਵਿੱਚ ਸਮਾਜ ਸੇਵਾ ਦੇ ਨਾਲ-ਨਾਲ ਲੋੜਵੰਦ ਸਕੂਲੀ ਬੱਚਿਆਂ ਨੂੰ ਮੁਫ਼ਤ ਵਰਦੀਆਂ ਅਤੇ ਕਿਤਾਬਾਂ ਵੰਡਣੀਆਂ, ਮੈਡੀਕਲ ਕੈੱਪ ਲਗਾਉਣੇ ਅਤੇ ਨੌਜਵਾਨਾਂ ਅਤੇ ਬਜੁਰਗਾਂ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕਰਨਾ ਆਦਿ ਦੀ ਭਰਪੂਰ ਸਲਾਘਾ ਕੀਤੀ। ਉਨ੍ਹਾਂ ਇਸ ਮੌਕੇ ਦਾ ਮਿਲੇਨੀਅਮ ਸਕੂਲ ਪਟਿਆਲਾ ਦੀ ਪ੍ਰਿੰਸੀਪਲ ਨੀਲ ਇੰਦਰਜੀਤ ਕੌਰ ਸੰਧੂ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਗਏ ਭਗਵਾਨ ਵਿਸਨੂੰ ਦੇ ਦਸ਼ਾਅਵਤਾਰ ਅਤੇ ਹੋਰ ਸਕੂਲੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਦੀ ਸਲਾਘਾ ਕੀਤੀ ।
ਇਸ ਮੌਕੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਆਪਣੀ ਕਵੀਤਾ ਹੱਸ ਖੇਡ ਕੇ ਮੋਜ ਮਨਾ ਲਈਏ, ਹੱਸਣਾ ਬਹੁਤ ਜਰੂਰੀ ਏ ਪੇਸ਼ ਕੀਤੀ। ਪ੍ਰੋ: ਸੋਲੰਕੀ ਨੇ ਇਸ ਮੌਕੇ ਸਭਿਆਚਾਰਕ ਪ੍ਰੋਗਰਾਮ ਪੇਸ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਇਨਾਮ ਵੀ ਵੰਡੇ ਅਤੇ ਲੋੜਵੰਦ ਸਕੂਲੀ ਬੱਚਿਆਂ ਨੂੰ ਮੁਫ਼ਤ ਵਰਦੀਆਂ ਅਤੇ ਕਿਤਾਬਾਂ ਵੀ ਵੰਡੀਆਂ। ਇਸ ਮੌਕੇ ਉਨ੍ਹਾਂ ਸ੍ਰੀਮਤੀ ਹਰਜੀਤ ਕੌਰ ਨੂੰ ਬਜੁਰਗ ਸੇਵਾ ਐਵਾਰਡ ਨਾਲ ਸਨਮਾਨਿਤ ਵੀ ਕੀਤਾ। ਉਨ੍ਹਾਂ ਗੁੱਡ-ਮੌਰਨਿੰਗ ਲਾਫਟਰ ਕਲੱਬ ਵੱਲੋਂ ਬਜੁਰਗਾਂ ਦੀਆਂ ਆਯੋਜਿਤ ਖੇਡਾਂ ਮਿਊਜੀਕਲ ਚੇਅਰ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਬਜੁਰਗ ਹਰਚਰਨ ਸਿੰਘ ਸਮੇਤ ਹੋਰਨਾਂ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਬਜੁਰਗ ਔਰਤਾਂ ਅਤੇ ਮਰਦਾਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਕਲੱਬ ਦੇ ਡਾ. ਓਮ ਪ੍ਰਕਾਸ ਅਤੇ ਹੋਰਨਾਂ ਆਹੁੱਦੇਦਾਰਾਂ ਵੱਲੋਂ ਰਾਜਪਾਲ ਪੰਜਾਬ ਅਤੇ ਹਰਿਆਣਾ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਸਮਾਜ ਸੇਵੀ ਸ੍ਰੀ ਜਸਵੰਤ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ 'ਚ ਬਜੁਰਗਾਂ ਤੇ ਬੱਚਿਆਂ 'ਚ ਵੱਧ ਰਹੀਂ ਦੂਰੀ ਲਈ ਅਸੀਂ ਸਾਰੇ ਫਿਕਰਮੰਦ ਹਾਂ ਜਿਸ ਲਈ ਸਾਨੂੰ ਗੰਭੀਰਤਾਂ ਨਾਲ ਸੋਚਣ ਦੀ ਲੋੜ ਹੈ ਅਤੇ ਬੱਚਿਆਂ ਨੂੰ ਅਜਿਹੀ ਸੇਧ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਉਨ੍ਹਾਂ ਦਾ ਬਜੁਰਗਾਂ ਨਾਲ ਪਿਆਰ ਬਣਿਆ ਰਹੇ।
ਉਨ੍ਹਾਂ ਨੋਜਵਾਨ ਪੀੜ੍ਹੀ ਨੂੰ ਆਪਣੇ ਬਜੁਰਗਾਂ ਦੀ ਸੇਵਾ ਸੰਭਾਲ ਦੀ ਜਿੰਮੇਵਾਰੀ ਕਬੂਲਣ ਦੀ ਲੋੜ ਤੇ ਜੋਰ ਦਿੱਤਾ। ਕਲੱਬ ਦੇ ਚੇਅਰਮੈਨ ਸ੍ਰੀ ਕੇ.ਕੇ ਸੈਣੀ ਨੇ ਕਲੱਬ ਵੱਲੌ ਕਰਵਾਈਆਂ ਗਈਆਂ ਬਜੁਰਗਾਂ ਦੀਆਂ ਖੇਡਾਂ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਮਾਗਮ ਵਿੱਚ ਪੁੱਜੀਆਂ ਸਖ਼ਸ਼ੀਅਤਾਂ ਦਾ ਕਲੱਬ ਦੇ ਮੈਂਬਰ ਡਾ. ਓਮ ਪ੍ਰਕਾਸ ਨੇ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਸਟੇਜ ਦਾ ਸੰਚਾਲਨ ਕਲੱਬ ਦੇ ਸਕੱਤਰ ਸ੍ਰੀ ਸੁਖਦੀਪ ਸਿੰਘ ਨੇ ਕੀਤਾ। ਇਸ ਮੌਕੇ ਚੇਅਰਪਰਸ਼ਨ ਹਸਪਤਾਲ ਭਲਾਈ ਸ਼ਾਖਾ ਸ੍ਰੀਮਤੀ ਮਨਦੀਪ ਕੌਰ ਸਿੱਧੂ ਅਤੇ ਸ੍ਰੀਮਤੀ ਭਾਨੂੰ ਭੂੱਲਰ ਸੁਪੱਤਨੀ ਜ਼ਿਲ੍ਹਾ ਪੁਲਿਸ ਮੁਖੀ, ਐਸ.ਪੀ. (ਹੈਡਕੁਆਟਰ) ਸ੍ਰੀ ਐਸ.ਐਸ. ਬੈਂਸ, ਬੀਬੀ ਮਨਮੋਹਣ ਕੌਰ, ਕੌਂਸਲਰ ਸ੍ਰੀ ਗੁਰਮੁੱਖ ਸਿੰਘ ਸੋਹਲ, ਸ੍ਰੀਮਤੀ ਕੁਲਦੀਪ ਕੌਰ ਕੰਗ, ਅਰੁਣ ਸ਼ਰਮਾ, ਸ੍ਰੀ ਅਸੋਕ ਝਾਅ, ਤਹਿਸੀਲਦਾਰ ਸ੍ਰੀ ਰਵਿੰਦਰ ਬਾਂਸਲ ਸਮੇਤ ਕਲੱਬ ਦੇ ਹੋਰ ਆਹੁਦੇਦਾਰ ਅਤੇ ਮੈਂਬਰ ਵੀ ਵੱਡੀ ਗਿਣਤੀ ਮੌਜੂਦ ਸਨ।