5 Dariya News

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਟੀਮ ਪੰਜਾਬ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਹਰਾ ਕੇ ਰਾਸ਼ਟਰੀ ਮੁਕਾਬਲੇ 'ਚ ਪੁੱਜੀ

ਨੌਰਥ ਜ਼ੋਨ ਦੇ ਇੰਟਰ ਯੂਨੀਵਰਸਿਟੀ ਲਾਅਨ ਟੈਨਿਸ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਮਗਾ

5 Dariya News

ਘੜੂੰਆਂ 22-Nov-2015

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੀ ਲਾਅਨ ਟੈਨਿਸ (ਪੁਰਸ਼) ਟੀਮ ਨੌਰਥ ਜ਼ੋਨ ਦੇ ਇੰਟਰ 'ਵਰਸਿਟੀ ਮੁਕਾਬਲੇ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹਰਾ ਕੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਰਾਸ਼ਟਰੀ ਮੁਕਾਬਲੇ 'ਚ ਪੁੱਜ ਗਈ ਹੈ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਖੇ ਹੋਏ ਇੰਟਰ ਯੂਨੀਵਰਸਿਟੀ ਟੂਰਨਾਮੈਂਟ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਲਾਅਨ ਟੈਨਿਸ ਦੀ ਟੀਮ ਨੇ ਜਿੱਥੇ ਪੰਜਾਬ ਸਮੇਤ ਯੂ. ਪੀ., ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਅਤੇ ਰਾਜਸਥਾਨ ਆਦਿ ਰਾਜਾਂ ਨਾਲ ਸਬੰਧਿਤ ਉੱਤਰੀ ਭਾਰਤ ਦੀਆਂ 34 ਵਕਾਰੀ ਯੂਨੀਵਰਸਿਟੀਆਂ ਦੀਆਂ ਟੀਮਾਂ ਨੂੰ ਮਾਤ ਦਿੱਤੀ ਉੱਥੇ ਆਖਰੀ ਦੌਰ ਦੇ ਅਹਿਮ ਖੇਡ ਮੁਕਾਬਲਿਆਂ ਦੌਰਾਨ ਬਿਹਤਰੀਨ ਖੇਡ ਪ੍ਰਦਰਸ਼ਨ ਦੀ ਬਦੌਲਤ ਕੁਆਟਰ ਫਾਈਨਲ 'ਚ ਪੰਜਾਬੀ ਯੂਨੀਵਰਸਿਟੀ ਅਤੇ ਸੈਮੀ ਫਾਈਨਲ 'ਚ ਪੰਜਾਬ ਯੂਨੀਵਰਸਿਟੀ ਦੀ ਟੀਮ ਨੂੰ ਕਰਾਰੀ ਸ਼ਿਕਸ਼ਤ ਦੇ ਕੇ ਚਾਂਦੀ ਦਾ ਤਮਗਾ ਹਾਸਲ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਦੇ ਖੇਡ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਉਮੀਦ ਹੈ ਕਿ ਫਰਵਰੀ ਦੇ ਪਹਿਲੇ ਹਫ਼ਤੇ ਇੰਦੌਰ ਵਿਖੇ ਹੋਣ ਵਾਲੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਖੇਡ ਮੁਕਾਬਲਿਆਂ ਦੌਰਾਨ 'ਵਰਸਿਟੀ ਦੀ ਟੀਮ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸੋਨੇ ਦਾ ਤਮਗਾ ਜਿੱਤ ਕੇ ਪੰਜਾਬ ਦੀ ਝੋਲੀ ਪਾਵੇਗੀ। 

ਇਸ ਇੰਟਰ ਯੂਨੀਵਰਸਿਟੀ ਮੁਕਾਬਲੇ 'ਚ ਮਿਲੀ ਵਕਾਰੀ ਜਿੱਤ ਬਾਰੇ ਜਾਣਕਾਰੀ ਦਿੰਦਿਆਂ ਖੇਡ ਅਧਿਕਾਰੀ ਨੇ ਦੱਸਿਆ ਕਿ ਕੁਆਟਰ ਫਾਈਨਲ ਦੇ ਪਹਿਲੇ ਮੈਚ ਦੌਰਾਨ ਸਾਡੀ ਟੀਮ ਦੇ ਖਿਡਾਰੀ ਹਰਦੀਪ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਜੇ ਯਾਦਵ ਨੂੰ 6-4, 6-7 ਅਤੇ 6-0 ਨਾਲ ਮਾਤ ਦਿੱਤੀ ਜਦਕਿ ਦੂਜੇ ਮੈਚ ਦੌਰਾਨ ਸੀ. ਯੂ. ਘੜੂੰਆਂ ਦੇ ਜਗਬੀਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਸੂਰਜ ਬੈਨੀਪਾਲ ਨੂੰ 6-2 ਅਤੇ 6-3 ਨਾਲ ਕਰਾਰੀ ਮਾਤ ਦਿੱਤੀ। ਇਸੇ ਤਰ੍ਹਾਂ ਕੁਆਟਰ ਫਾਈਨਲ ਦੇ ਤੀਜੇ ਡਬਲਜ਼ ਮੈਚ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਹਰਦੀਪ ਸਿੰਘ ਤੇ ਦੀਪਇੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਦੇ ਅਜੇ ਯਾਦਵ ਤੇ ਸੂਰਜ ਬੈਨੀਪਾਲ ਨੂੰ 2-6, 7-6 ਅਤੇ 6-2 ਨਾਲ ਹਰਾਇਆ। ਚੌਥੇ ਅਤੇ ਆਖਰੀ ਮੈਚ 'ਚ ਸੀ. ਯੂ. ਘੜੂੰਆਂ ਦੇ ਹੀ ਹਰਦੀਪ ਸਿੰਘ ਨੇ ਪੀ. ਯੂ. ਪੀ. ਦੇ ਸੂਰਜ ਬੈਨੀਪਾਲ ਨੂੰ 7-6, 2-6 ਅਤੇ 6-4 ਨਾਲ ਹਰਾ ਕੇ ਸੈਮੀ ਫਾਈਨਲ 'ਚ ਆਪਣੀ ਜਗਾ ਪੱਕੀ ਕੀਤੀ। ਸੈਮੀਫਾਈਨਲ ਦੇ ਅਹਿਮ ਮੁਕਾਬਲੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਹਰਦੀਪ ਸਿੰਘ ਨੇ ਪੰਜਾਬ ਯੂਨੀਵਰਸਿਟੀ ਦੇ ਦਿਗਵਿਜੇ ਸਿੰਘ ਮਹਿਤਾ ਨੂੰ 6-4, 6-1 ਨਾਲ, ਜਗਬੀਰ ਸਿੰਘ ਨੇ ਸ਼ਰਿਆ ਗੁਪਤਾ ਨੂੰ 6-2, 6-4 ਨਾਲ ਅਤੇ ਦੀਪਇੰਦਰ ਤੇ ਜਗਬੀਰ ਦੀ ਜੋੜੀ ਨੇ ਪੀ. ਯੂ. ਦੇ ਗੁਰਿੰਦਰ ਤੇ ਯੁਵਰਾਜ ਚੌਧਰੀ ਨੂੰ 6-4, 6-2 ਨਾਲ ਹਰਾ ਕੇ ਫਾਈਨਲ ਮੁਕਾਬਲੇ ਲਈ ਪ੍ਰਵੇਸ਼ ਕੀਤਾ। ਫਾਈਨਲ ਮੈਚ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਲਾਅਨ ਟੈਨਿਸ ਟੀਮ ਨੂੰ ਕਰੜੀ ਟੱਕਰ ਦੇਣ ਦੇ ਬਾਵਜੂਦ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੀ ਟੀਮ ਦੇ ਮੁਕਾਬਲੇ ਦੂਜੇ ਸਥਾਨ ਉੱਤੇ ਹੀ ਸੰਤੋਸ਼ ਕਰਨਾ ਪਿਆ।

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਆਪਣੀ ਲਾਅਨ ਟੈਨਿਸ ਟੀਮ ਨੂੰ ਇਸ ਕੌਮੀ ਪੱਧਰ ਦੀ ਜਿੱਤ ਲਈ ਵਧਾਈ ਦਿੱਤੀ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ ਦੌਰਾਨ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। 'ਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ. ਐੱਸ. ਬਾਵਾ ਨੇ ਇਸ ਮੌਕੇ ਆਖਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਖੇਡਾਂ ਦੇ ਮਹੱਤਵ ਨੂੰ ਵਿਸ਼ੇਸ਼ ਤਰਜੀਹ ਦਿੰਦੇ ਹੋਏ ਉੱਚ ਪੱਧਰੀ ਖੇਡ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ। ਇਹੋ ਕਾਰਨ ਹੈ ਕਿ ਯੂਨੀਵਰਸਿਟੀ ਦੇ ਪ੍ਰਤਿਭਾਵਾਨ ਖਿਡਾਰੀ ਖੇਡਾਂ ਦੇ ਖੇਤਰ 'ਚ ਬਿਹਤਰੀਨ ਕਾਰਗੁਜ਼ਾਰੀ ਵਿਖਾਉਂਦੇ ਹੋਏ 'ਵਰਸਿਟੀ ਦਾ ਵੱਡਾ ਨਾਂਅ ਰੌਸ਼ਨ ਕਰ ਰਹੇ ਹਨ।