5 Dariya News

ਡੁੱਬਦੀ ਬੇੜੀ ਨੂੰ ਬਚਾਉਣ ਲਈ ਗਠਜੋੜ ਨੇ ਕੀਤਾ ਸਵਾ ਲੱਖ ਨੌਕਰੀ ਦੇਣ ਅਤੇ ਪੈਨਸ਼ਨਾ ਨੂੰ ਦੁੱਗਣਾ ਕਰਨ ਦਾ ਐਲਾਨ : ਅਵਤਾਰ ਸਿੰਘ ਕਰੀਮਪੁਰੀ

ਕਿਹਾ ਬਸਪਾ ਅਕਾਲੀ ਭਾਜਪਾ ਨਾਲ ਗਠਜੋੜ ਨਹੀ ਕਰੇਗੀ

5 Dariya News (ਅਜੇ ਪਾਹਵਾ)

ਲੁਧਿਆਣਾ 19-Nov-2015

ਪੰਜਾਬ ਸਰਕਾਰ ਜਿਸ ਪ੍ਰਕਾਰ ਅਪਣਾ ਔਰੰਗਜੇਬੀ ਰੂਪ ਦਿਖਾ ਕੇ ਸੰਤ ਢੱਡਰੀਆਂ ਵਾਲੇ ਅਤੇ ਹੋਰ ਸੰਤਾਂ ਮਹਾਂਪੁਰਸ਼ਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਰਹੀ ਹੈ ਉਸ ਨਾਲ ਇੱਕ ਪ੍ਰਕਾਰ ਦੀ ਧਰਮ ਦੇ ਪ੍ਰਚਾਰ ਅਤੇ ਪਸਾਰ ਨੂੰ ਰੋਕਣ ਦੀ ਕਾਰਵਾਈ ਹੀ ਕਹੀ ਜਾ ਸਕਦੀ ਹੈ। ਇਨਾਂ ਸਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਨੇ ਸੰਤ ਬਾਬਾ ਗੁਰਮੇਲ ਸਿੰਘ ਮਾਣਕਵਾਲ ਵਾਲਿਆਂ ਦੇ ਗ੍ਰਹਿ ਵਿਖੇ ਇੱਕ ਗੈਰ ਰਸਮੀਂ ਮੁਲਾਕਾਤ ਦੌਰਾਨ ਕਹੇ ਜਿਥੇ ਉਹ ਉਨਾਂ ਦੀ ਪਤਨੀ ਸਵ. ਮਾਤਾ ਸਤਪਾਲ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕ ਰੋਹ ਕਾਰਨ ਬੁਰੀ ਤਰਾਂ ਘਬਰਾਈ ਹੋਈ ਹੈ ਅਤੇ ਇਸ ਦਾ ਸਾਰਥਕ ਹੱਲ ਕੱਢਣ ਦੀ ਬਜਾਏ ਉਹ ਅਜਿਹੇ ਮਾੜੇ ਤੇ ਨਿੰਦਣਸੋਗ ਕਾਰੇ ਕਰ ਕੇ ਲੋਕਾਂ ਨੂੰ ਡਰਾਉਣ ਤੇ ਧਮਕਾਉਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਨਾਲ ਲੋਕਾਂ ਵਿੱਚ ਪੈਦਾ ਹੋਈ ਬੇਚੈਨੀ ਹੋਰ ਵਧੇਗੀ ਅਤੇ ਸੂਬੇ ਦਾ ਮਾਹੌਲ ਹੋਰ ਖਰਾਬ ਹੋਵੇਗਾ ਜਿਸ ਤੋਂ ਸੂਬੇ ਨੂੰ ਬਚਾਉਣ ਦੀ ਲੋੜ ਹੈ। ਸ: ਕਰੀਮਪੁਰੀ ਨੇ ਸਰਕਾਰ ਵੱਲੋਂ ਧਾਰਮਿਕ ਆਗੂਆਂ ਨੂੰ ਨਜਰਬੰਦ ਕਰਨ ਅਤੇ ਹੋਰ ਕਾਰਵਾਈਆਂ ਦੀ ਨਿੰਦਾ ਕਰਦਿਆਂ ਇਸ ਨੂੰ ਅਣਐਲਾਨੀ ਐਮਰਜੈਂਸੀ ਕਿਹਾ ਜੋ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਚਿੱਟੇ ਨੇ ਅਤੇ ਕਿਸਾਨ ਚਿੱਟੇ ਮੱਛਰ ਨੇ ਬਰਬਾਦ ਕੀਤੇ ਹਨ ਜਿਸ ਕਾਰਨ ਦੋਵੇਂ ਖੁਦਕੁਸ਼ੀਆਂ ਦੇ ਰਾਹ ਪਏ ਹੋਏ ਹਨ ਅਤੇ ਸਰਕਾਰ ਇਸਦੀ ਰੋਕਥਾਮ ਲਈ ਕੋਈ ਵੀ ਠੋਸ ਕਦਮ ਨਹੀ ਚੁੱਕ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਆਰਥਿਕ ਅਤੇ ਸਮਾਜਿਕ ਤੌਰ 'ਤੇ ਪਿਛਾੜ ਦਿੱਤਾ। ਉਨ੍ਹਾਂ ਕਿਹਾ ਕਿ ਬਸਪਾ ਦਾ ਜਨ ਆਧਾਰ ਵੱਧ ਰਿਹਾ ਹੈ ਅਤੇ ਹਰ ਵਰਗ ਦੇ ਲੋਕ ਬਸਪਾ ਨਾਲ ਜੁੜ ਰਹੇ ਹਨ ਜਿਨਾਂ ਨੂੰ ਹਰ ਖੇਤਰ ਵਿੱਚ ਅੱਗੇ ਵਧਾਉਣ ਲਈ ਬਸਪਾ ਹੰਭਲਾ ਮਾਰਦੀ ਹੋਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ 2017 ਵਿੱਚ ਵਿਦਾ ਕਰ ਦੇਵੇਗੀ। ਅਕਾਲੀ ਭਾਜਪਾ ਨਾਲ ਗਠਜੋੜ ਕਰਨ ਦੇ ਸਵਾਲ ਤੇ ਉਨ੍ਹਾਂ ਅਕਾਲੀ ਭਾਜਪਾ ਦੀ ਤੁਲਨਾ ਡੁੱਬਦੀ ਹੋਈ ਬੇੜੀ ਨਾਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਅਪਣੀ ਖਤਮ ਹੋਣ ਜਾ ਰਹੀ ਹੋਂਦ ਨੂੰ ਬਚਾਉਣ ਲਈ ਇਸ ਗਠਜੋੜ ਨੇ ਅਪਣੇ ਕਾਰਜਕਾਲ ਦੇ ਅਖੀਰਲੇ ਵਰੇ ਸਵਾ ਲੱਖ ਨੌਕਰੀਆਂ ਦੇਣ ਅਤੇ ਪੈਨਸਨਾਂ ਨੂੰ ਦੁੱਗਣਾ ਕਰਨ ਦਾ ਜੋ ਐਲਾਨ ਕੀਤਾ ਹੈ ਉਹ ਇੱਕ ਸਿਆਸੀ ਡਰਾਮਾ ਹੈ ਜੋ ਇਨਾਂ ਦੀ ਡੁੱਬਦੀ ਨਈਆਂ ਨੂੰ ਪਾਰ ਨਹੀ ਲੰਘਾ ਸਕੇਗਾ ਜਿਸ ਕਾਰਨ ਬਸਪਾ 2017 ਦੀਆਂ ਚੋਣਾਂ ਵਿੱਚ ਪੰਜਾਬ ਵਿਰੋਧੀ ਇਨਾਂ ਦੋਵਾਂ ਪਾਰਟੀਆਂ ਨਾਲ ਕੋਈ ਗੱਠਜੋੜ ਨਹੀਂ ਕਰੇਗੀ। ਜਿਸ ਨੇ 9 ਸਾਲ ਪੜੇ ਲਿਖੇ ਨੌਜਵਾਨਾਂ ਤੇ ਡਾਂਗ ਵਰਾਈ ਤੇ ਬਜੁਰਗਾਂ ਨੂੰ ਨਾਮਾਤਰ ਸਹੂਲਤਾਂ ਦੇ ਲਾਰੇ ਲਗਾ ਦਫਤਰਾਂ ਦੇ ਚੱਕਰ ਕੱਟਣ ਨੂੰ ਮਜਬੂਰ ਕੀਤਾ। ਇਸ ਮੌਕੇ ਐਡਵੋਕੇਟ ਚਰਨਜੀਤ ਸਿੰਘ ਅਤੇ ਦਲਜੀਤ ਸਿੰਘ ਥਰੀਕੇ ਬਸਪਾ ਵਿੱਚ ਸ਼ਾਮਿਲ ਹੋਏ। ਇਸ ਸਮੇਂ ਬਲਵਿੰਦਰ ਬਿੱਟਾ ਮੰਡਲ ਪ੍ਰਧਾਨ, ਜਿਲਾ ਪ੍ਰਧਾਨ ਜੀਤ ਰਾਮ ਬਸਰਾ, ਪਰਗਨ ਬਿਲਗਾ, ਰਜਿੰਦਰ ਨਿੱਕਾ, ਨੇਤਰ ਸੈਣੀ, ਭਰਪੂਰ ਸਿੰਘ ਆਦਿ ਵਰਕਰ ਮੌਜੂਦ ਸਨ।