5 Dariya News

ਕਾਂਗਰਸੀ ਆਗੂਆਂ ਨੇ ਇਹ ਜਾਣਦਿਆਂ ਵੀ ਕਿ ਸਰਬੱਤ ਖਾਲਸਾ ਖਾਲਿਸਤਾਨ ਪੱਖੀਆਂ ਦਾ ਮੰਚ ਹੈ, ਉਸ ਦਾ ਸਮੱਰਥਨ ਕੀਤਾ-ਸ਼੍ਰੋਮਣੀ ਅਕਾਲੀ ਦਲ

5 Dariya News

ਚੰਡੀਗੜ੍ਹ 17-Nov-2015

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਨਵੇਂ ਹੋਏ ਖੁਲਾਸਿਆਂ ਵਿਚ ਇਹ ਸਾਬਿਤ ਹੋ ਗਿਆ ਹੈ ਕਿ 10 ਨਵੰਬਰ ਵਾਲੇ ਇਕੱਠ ਵਿਚ ਕਾਂਗਰਸੀ ਆਗੂਆਂ ਨੇ ਇਹ ਜਾਣਦਿਆਂ ਵੀ ਕਿ ਸਰਬੱਤ ਖਾਲਸਾ ਖਾਲਿਸਤਾਨ ਪੱਖੀਆਂ ਦਾ ਮੰਚ ਹੈ, ਉਸ ਦਾ ਸਮੱਰਥਨ ਕੀਤਾ ਅਤੇ ਇਕੱਠ ਵਿਚ ਸ਼ਿਰਕਤ ਕੀਤੀ।ਇੱਥੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਖਿਆ ਹੈ ਕਿ ਜਿਨ੍ਹਾਂ ਵੀ ਆਗੂਆਂ ਨੇ ਸਰਬੱਤ ਖਾਲਸਾ ਵਿਚ ਹਾਜ਼ਰੀ ਭਰੀ ਉਹ ਜਾਣਦੇ ਸਨ ਕਿ ਇਹ ਖਾਲਿਸਤਾਨੀ ਮੰਚ ਹੈ ਅਤੇ ਇਸ ਗੱਲ ਨੇ ਕਾਂਗਰਸੀ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਜਵਾ ਇਹ ਦਾਅਵਾ ਕਰ ਰਿਹਾ ਸੀ ਕਿ ਕਾਂਗਰਸੀ ਆਗੂ ਰਮਨਜੀਤ ਸਿੰਘ ਸਿੱਕੀ ਅਤੇ ਇੰਦਰਜੀਤ ਜ਼ੀਰਾ ਇਕੱਠ ਪ੍ਰਬੰਧਕਾਂ ਦੀ ਮਨਸ਼ਾ ਨਹੀਂ ਜਾਣਦੇ ਸਨ ਅਤੇ ਉੱਥੇ ਲਏ ਫੈਸਲੇ ਹੈਰਾਨੀ ਕਰਨ ਵਾਲੇ ਸਨ।

ਉਨ੍ਹਾਂ ਕਿਹਾ ਕਿ ਹੁਣ ਇਸ ਗੱਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ 10 ਨਵੰਬਰ ਦੇ ਪ੍ਰਬੰਧਕਾਂ ਨੇ ਮਤਿਆਂ ਨੂੰ ਕਾਂਗਰਸੀ ਆਗੂਆਂ ਨਾਲ ਵਿਚਾਰਿਆ ਸੀ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ 'ਤੇ ਲਾਲੀ ਮਜੀਠੀਆ ਅਤੇ ਹਰਮਿੰਦਰ ਗਿੱਲ ਦੇ ਵੀਡੀਓ ਨਾਲ ਇਹ ਗੱਲ ਵੀ ਸਾਫ ਹੋ ਗਈ ਹੈ ਕਿ ਦੋਵਾਂ ਨੇ ਅਖੌਤੀ ਸਰਬੱਤ ਖਾਲਸਾ ਦੇ ਆਗੂਆਂ ਨੂੰ ਸਲਾਹਾਂ ਵੀ ਦਿੱਤੀਆਂ ਸਨ ਕਿ ਕਿਹੜੇ ਮਤਿਆਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਦੀ ਇਕ ਇੰਟਰਵਿਊ ਤੋਂ ਇਹ ਗੱਲ ਵੀ ਸਿੱਧ ਹੋ ਗਈ ਹੈ ਕਿ 10 ਨਵੰਬਰ ਦਾ ਇਕੱਠ ਕਰਨ ਵਾਲਿਆਂ 'ਚੋਂ ਇਕ ਸਤਨਾਮ ਸਿੰਘ ਮਨਾਵਾਂ, ਜਿਸ ਨਾਲ ਲਾਲੀ ਅਤੇ ਗਿੱਲ ਦੀ ਮਤਿਆਂ ਸਬੰਧੀ ਗੱਲ ਹੋਈ ਸੀ, ਉਹ ਹਰਮਿੰਦਰ ਗਿੱਲ ਦਾ ਗੁਆਂਢੀ ਹੈ।ਕਾਂਗਰਸ ਦੇ ਸੂਬਾ ਪ੍ਰਧਾਨ ਨੂੰ ਉਨ੍ਹਾਂ ਪੁੱਛਿਆ ਕਿ ਕੀ ਉਹ ਇਸ ਬਾਰੇ ਝੂਠ ਬੋਲਦੇ ਰਹਿਣਗੇ ਕਿ ਕਾਂਗਰਸੀ ਆਗੂਆਂ ਨੇ 10 ਨਵੰਬਰ ਦੇ ਇਕੱਠ ਪ੍ਰਬੰਧਕਾਂ ਨਾਲ ਕੋਈ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬਾਜਵਾ ਦੀ ਖੇਡ ਖਤਮ ਹੋ ਗਈ ਹੈ ਅਤੇ ਇਹ ਸਿੱਧ ਹੋ ਚੁੱਕਾ ਹੈ ਕਿ ਅਖੌਤੀ ਸਰਬੱਤ ਖਾਲਸਾ ਦੇ ਮਾਸਟਰਮਾਈਂਡ ਸਿਰਫ ਕਾਂਗਰਸੀ ਆਗੂ ਹੀ ਹਨ ਅਤੇ ਉਨ੍ਹਾਂ ਨੇ ਵੱਖਵਾਦੀ ਮਤਿਆਂ ਵਿਚ ਪ੍ਰਬੰਧਕਾਂ ਨਾਲ ਹੱਥ ਵੀ ਮਿਲਾਏ ਹੋਏ ਸਨ।

ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਤੋਂ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕਰਦਿਆਂ ਗਰੇਵਾਲ ਨੇ ਕਿਹਾ ਕਿ ਹੁਣ ਵੀ ਕਾਂਗਰਸੀ ਆਗੂ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ ਅਤੇ ਉਨ੍ਹਾਂ ਸਾਰਿਆਂ ਨੂੰ ਪਾਰਟੀ ਵਿਚੋਂ ਨਹੀਂ ਕੱਢ ਰਹੇ ਜਿਨ੍ਹਾਂ ਨੇ ਇਸ ਇਕੱਠ ਵਿਚ ਹਾਜ਼ਰੀ ਭਰੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਕਾਂਗਰਸ ਜਾਣਬੁੱਝ ਕੇ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਨੇ ਅਜਿਹਾ ਕੁਝ ਕੀਤਾ ਹੈ ਬਲਕਿ ਇਸ ਤੋਂ ਪਹਿਲਾਂ ਵੀ ਕਾਂਗਰਸ ਪੱਖੀ ਗਰਮਖਿਆਲੀਆਂ ਨੇ ਮੁੱਖ ਧਾਰਾ ਅਕਾਲੀਆਂ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਪੰਜਾਬ ਵਿਚ ਦਹਿਸ਼ਤਵਾਦ ਦੇ ਦੌਰ ਦੇ ਸੰਕੇਤ ਦਿੱਤੇ ਹਨ।