ਨਕਲੀ ਦੁੱਧ ਤੇ ਮਿਠਾਈਆਂ ਬਣਾਉਣ ਵਾਲੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ - ਸੁਰਜੀਤ ਕੁਮਾਰ ਜਿਆਣੀ
ਸਿਹਤ ਮੰਤਰੀ ਨੇ ਡੈਜ਼ੀਗਨੇਟਡ ਅਫ਼ਸਰ ਤੇ ਫੂਡ ਸੈਫਟੀ ਅਫ਼ਸਰਾਂ ਨਾਲ ਕੀਤੀ ਬੈਠਕ ,ਸ਼ਹਿਰੀ ਸਲੱਮ ਖੇਤਰਾਂ ਵਿੱਚ ਸੁਧਾਰ ਨੂੰ ਲੈ ਕੇ ਡਿਪਟੀ ਮੈਡੀਕਲ ਕਮਿਸ਼ਨਰਾਂ ਨਾਲ ਵੀ ਕੀਤੀ ਬੈਠਕ
5 Dariya News
ਐਸ.ਏ.ਐਸ. ਨਗਰ (ਮੁਹਾਲੀ) 05-Nov-2015
ਲੋਕਾਂ ਨੂੰ ਸਾਫ਼ ਅਤੇ ਸੁਰੱਖਿਅਤ ਫੂਡ ਮੁਹੱਈਆ ਕਰਵਾਇਆ ਜਾਵੇ ਅਤੇ ਤਿਉਹਾਰ ਦੇ ਸੀਜ਼ਨ ਦੇ ਵਿੱਚ ਖਾਸ ਤੌਰ ਤੇ ਦੁੱਧ ਤੋਂ ਬਣਨ ਵਾਲੇ ਉਤਪਾਦਾਂ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਿਆ ਜਾਵੇ। ਇਹ ਨਿਰਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਡੈਜ਼ੀਗਨੇਟਡ ਅਫ਼ਸਰ ਤੇ ਫੂਡ ਸੈਫਟੀ ਅਫ਼ਸਰਾਂ ਨੂੰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿੱਚ ਮੀਟਿੰਗ ਦੌਰਾਨ ਦਿੱਤੇ। ਇਸ ਮੀਟਿੰਗ ਦੌਰਾਨ ਸਕੱਤਰ ਸਿਹਤ ਕਮ ਕਮਿਸ਼ਨਰ ਫੂਡ ਸੇਫਟੀ ਐਂਡ ਐਡਮਿਨੀਸਟਰੇਸ਼ਨ ਸ੍ਰੀ ਹੁਸਨ ਲਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰੇ ਖਾਣ-ਪੀਣ ਦੇ ਪਦਾਰਥ ਮੁਹੱਈਆ ਕਰਵਾਉਣਾ ਵਿਭਾਗ ਦੀ ਜ਼ਿੰਮੇਵਾਰੀ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਇਆ ਜਾਵੇ। ਉਨ੍ਹਾਂ ਹਿਦਾਇਤ ਕੀਤੀ ਹੈ ਕਿ ਨਕਲੀ ਦੁੱਧ ਜਾਂ ਨਕਲੀ ਖੋਇਆ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਤੇ ਪੂਰੀ ਤਰ੍ਹਾਂ ਸ਼ਿਕੰਜਾ ਕਸਿਆ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਨਕਲੀ ਦੁੱਧ ਜਾਂ ਖੋਇਆ ਵਾਲੀਆਂ ਖਾਣ-ਪੀਣ ਦੀਆਂ ਵਸਤੂਆਂ ਵੇਚਦਾ ਫੜ੍ਹਿਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਤੇ ਕਮਿਸ਼ਨਰ ਫੂਡ ਸੇਫਟੀ ਐਂਡ ਐਡਮਿਨਿਸਟਰੇਸ਼ਨ ਸ੍ਰੀ ਹੁਸਨ ਲਾਲ ਨੇ ਮਾਨਯੋਗ ਸਿਹਤ ਮੰਤਰੀ ਨੂੰ ਜਾਣੂ ਕਰਵਾਇਆ ਕਿ ਪਿਛਲੇ ਮਹੀਨੇ ਵਿਸ਼ੇਸ਼ ਟੀਮਾਂ ਨੇ ਜਲੰਧਰ, ਗੁਰਦਾਸਪੁਰ, ਕਪੂਰਥਲਾ, ਅੰਮ੍ਰਿਤਸਰ, ਮੋਗਾ ਅਤੇ ਫਰੀਦਕੋਟ ਵਿੱਚ ਜੁਆਇੰਟ ਛਾਪਾਮਾਰੀ ਕੀਤੀ ਗਈ। ਇਸ ਛਾਪਾਮਾਰੀ ਦੌਰਾਨ ਸਿਤੰਬਰ ਤੱਕ 6864 ਵੱਖ-ਵੱਖ ਸੈਂਪਲ ਭਰੇ ਗਏ। ਇਨ੍ਹਾਂ ਵਿੱਚੋਂ 1825 ਅਡਟਰੇਟਡ ਪਾਏ ਗਏ। ਉਨ੍ਹਾਂ ਦੱਸਿਆ ਕਿ ਸਿਤੰਬਰ ਮਹੀਨੇ ਵਿੱਚ ਸਿਰਫ਼ ਦੁੱਧ ਦੇ ਹੀ 128 ਸੈਂਪਲ ਭਰੇ ਗਏ ਜਿਨ੍ਹਾਂ ਵਿੱਚੋਂ 52 ਸੈਂਪਲਾਂ ਵਿੱਚ ਖਾਮੀਆਂ ਪਾਈਆਂ ਗਈਆਂ। ਜਿਸ ਤੇ ਕਾਨੂੰਨੀ ਕਾਰਵਾਈ ਆਰੰਭ ਲਈ ਗਈ ਹੈ। ਇਸ ਤੋਂ ਇਲਾਵਾ ਰਾਜ ਦੀਆਂ ਹੋਰ ਥਾਵਾਂ ਤੇ ਟੀਮ ਵਲੋਂ ਸੈਂਪਲ ਭਰੇ ਜਾਣਗੇ ਅਤੇ ਰਾਜ ਵਿੱਚ ਵੱਖ-ਵੱਖ ਮਿਠਾਈਆਂ ਤੇ ਮਿਠਾਈਆਂ ਦੇ ਗੋਦਾਮਾਂ ਤੋਂ ਸੈਂਪਲ ਭਰੇ ਜਾਣਗੇ। ਜਿਥੇ ਵੀ ਖਾਣ-ਪੀਣ ਦੇ ਪਦਾਰਥਾਂ ਵਿੱਚ ਕਮੀ ਪਾਈ ਜਾਂਦੀ ਹੈ, ਉਨ੍ਹਾਂ ਪਦਾਰਥਾਂ ਨੂੰ ਤੁਰੰਤ ਨਸ਼ਟ ਕਰ ਦਿੱਤਾ ਜਾਂਦਾ ਹੈ।
ਇਸ ਤਰ੍ਹਾਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਭਰ ਤੋਂ ਆਏ ਡਿਪਟੀ ਮੈਡੀਕਲ ਕਮਿਸ਼ਰਾਂ ਦੇ ਨਾਲ ਬੈਠਕ ਕੀਤੀ। ਇਸ ਵਿੱਚ ਨਿਰਦੇਸ਼ ਦਿੱਤੇ ਕਿ ਸ਼ਹਿਰੀ ਸਲੱਮ ਖੇਤਰਾਂ ਵਿੱਚ ਲੱਗ ਰਹੇ ਸਿਹਤ ਸਬੰਧੀ ਆਊਟਰੀਚ ਕੈਂਪਾਂ ਵਿੱਚ ਵੱਧ ਤੋ ਵੱਧ ਲਾਭ ਦਿੱਤਾ ਜਾਵੇ ਅਤੇ ਲੋਕ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਸਿਹਤਮੰਦ ਪੰਜਾਬ ਦਾ ਸੁਪਨਾ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਸ਼ਹਿਰੀ ਖੇਤਰਾਂ ਵਿੱਚ ਵੀ ਸਿਹਤ ਸਬੰਧੀ ਕੰਮਾਂ ਦਾ ਜਾਇਜਾ ਲਿਆ। ਸ੍ਰੀ ਸੁਰਜੀਤ ਜਿਆਣੀ ਨੇ ਕਿਹਾ ਕਿ ਪੰਜਾਬ ਭਰ ਵਿੱਚ ਆਊਟਰੀਚ ਕੈਂਪ ਲਗਾਏ ਜਾ ਰਹੇ ਹਨ। ਇਸ ਵਿੱਚ ਸਪੈਸ਼ਲਿਸਟ ਡਾਕਟਰਾਂ ਤੇ ਹੋਰ ਪੈਰਾਮੈਡੀਕਲ ਸਟਾਫ ਮੌਜੂਦ ਰਹਿੰਦੇ ਹਨ। ਇਹ ਸਟਾਫ ਜ਼ਰੂਰਤਮੰਦ ਲੋਕਾਂ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਕਰਦੇ ਹਨ ਅਤੇ ਮੁਫ਼ਤ ਦਵਾਈਆਂ ਵੀ ਉਪਲਬੱਧ ਕਰਵਾਉਂਦੇ ਹਨ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਨੇ ਡੀ.ਐਮ.ਸੀ. ਨੂੰ ਹਿਦਾਇਤ ਕੀਤੀ ਕਿ ਉਹ ਕੈਂਪਾਂ ਦੇ ਵਿੱਚ ਲੋਕਾਂ ਨੂੰ ਸਮੂਲਿਅਤ ਵਧਾਉਣ ਦੇ ਲਈ ਕਦਮ ਚੁੱਕਣ। ਸ਼ਹਿਰੀ ਸਲੱਮ ਬਸਤੀਆਂ ਵਿੱਚ ਹਰ ਮਹੀਨੇ ਚਾਰ ਆਉਟਰੀਚ ਕੈਂਪ ਲਗਾਏ ਜਾਂਦੇ ਹਨ।
ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਸ਼ਹਿਰੀ ਸਲੱਮ ਬਸਤੀਆਂ ਵਿੱਚ ਜਿਥੇ ਜ਼ਰੂਰਤ ਹੈ, ਉਥੇ ਅਰਬਨ ਪ੍ਰਾਈਮਰੀ ਸਿਹਤ ਕੇਂਦਰ ਖੋਲ੍ਹੇ ਜਾਣ। ਜਿਨ੍ਹਾਂ ਸ਼ਹਿਰਾਂ ਵਿੱਚ ਜਗ੍ਹਾਂ ਦੀ ਸਮੱਸਿਆ ਆ ਰਹੀ ਹੈ, ਉਥੋਂ ਲੋਕਲ ਬਾਡੀ ਅਤੇ ਹੋਰ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਕਿਓਸਕ ਖੋਲ੍ਹਣ ਲਈ ਜਗ੍ਹਾਂ ਦੀ ਚੋਣ ਕਰਨ ਅਤੇ ਜਿਨ੍ਹਾਂ ਜਲਦੀ ਹੋ ਸਕਦਾ ਹੈ ਕਿਓਸਕ ਸਥਾਪਿਤ ਕੀਤੀਆਂ ਜਾਣ। ਇਨ੍ਹਾਂ ਕਿਓਸਕ ਵਿੱਚ ਸਿਹਤ ਕੇਂਦਰਾਂ ਦੀ ਤਰ੍ਹਾਂ ਸਟਾਫ ਮੌਜੂਦ ਰਹਿੰਦਾ ਹੈ ਅਤੇ ਲੋਕਾਂ ਲਈ ਮੁਫ਼ਤ ਦਵਾਈਆਂ ਤੇ ਇਲਾਜ ਉਪਲਬੱਧ ਕਰਵਾਇਆ ਜਾਂਦਾ ਹੈ।
ਸਕੱਤਰ ਸਿਹਤ ਤੇ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਕਿਸੇ ਵੀ ਅਰਬਨ ਪ੍ਰਾਈਮਰੀ ਸਿਹਤ ਕੇਂਦਰਾਂ ਵਿੱਚ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਰਾਜ ਦੇ ਵੇਅਰਹਾਉਸ ਵਿੱਚ ਦਵਾਈਆਂ ਦਾ ਪੂਰਾ ਸਟਾਕ ਹੈ। ਇਸੇ ਤਰ੍ਹਾਂ ਸ਼ਹਿਰੀ ਸਲੱਮ ਬਸਤੀਆਂ ਵਿੱਚ ਲੱਗਣ ਵਾਲੇ ਆਉਟਰੀਚ ਕੈਂਪ ਜਿਸ ਵਿੱਚ ਜ਼ਰੂਰਤਮੰਦ ਲੋਕਾਂ ਤੋਂ ਪ੍ਰਤਿਕਿਰਿਆ ਲੈ ਕੇ ਉਸ ਦੇ ਆਧਾਰ ਤੇ ਹੀ ਮਾਹਿਰ ਡਾਕਟਰਾਂ ਦਾ ਸਟਾਫ ਤੈਨਾਤ ਕੀਤਾ ਜਾਵੇ। ਇਸ ਦੌਰਾਨ ਚਮੜੀ ਦੇ ਰੋਗਾਂ, ਔਰਤਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਤੇ ਹੋਰ ਸਪੈਸ਼ਲਿਸਟ ਡਾਕਟਰਾਂ ਦੇ ਪ੍ਰਬੰਧ ਕੀਤੇ ਜਾ ਸਕਦੇ ਹਨ। ਇਸ ਮੌਕੇ ਤੇ ਡਾਇਰੈਕਟਰ ਹੈਲਥ ਸਰਵਿਸਸ ਡਾ. ਭਾਗ ਮਲ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਐਚ.ਐਸ. ਬਾਲੀ, ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਸ਼ਸ਼ੀ ਕਾਂਤ, ਪੀ.ਐਚ.ਐਸ.ਸੀ. ਡਾਇਰੈਕਟਰ (ਪ੍ਰਿਕਿਉਰਮੈਂਟ) ਡਾ. ਰਾਜੇਸ਼ ਸ਼ਰਮਾ, ਡਾਇਰੈਕਟਰ (ਫਾਈਨਾਂਸ) ਰਮੇਸ਼ ਕੁਮਾਰ ਸਿਡਾਨਾ ਅਤੇ ਕੰਸਲਟੈਂਟ (ਐਚ.ਆਰ) ਮਨਮੋਹਨ ਸਿੰਘ ਅਤੇ ਰਾਜ ਪੱਧਰ ਦੇ ਵੱਖ-ਵੱਖ ਪ੍ਰੋਗਰਾਮ ਅਫ਼ਸਰ ਮੌਜੂਦ ਰਹੇ।