5 Dariya News

ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਾਨੂੰ ਸਵਦੇਸ਼ੀ ਵਸਤਾਂ ਦੀ ਵਰਤੋਂ ਕਰਨ ਦੀ ਲੋੜ : ਚੁੰਨੀ ਲਾਲ ਭਗਤ

ਕਿਰਤ ਮੰਤਰੀ ਪੰਜਾਬ ਚੁੰਨੀ ਲਾਲ ਭਗਤ ਨੇ ਮੋਹਾਲੀ ਵਿਖੇ ਪੰਜ ਰੋਜ਼ਾ ਸਵਦੇਸ਼ੀ ਮੇਲੇ ਦਾ ਕੀਤਾ ਉਦਘਾਟਨ

5 Dariya News

ਐਸ.ਏ.ਐਸ.ਨਗਰ 04-Nov-2015

ਦੇਸ਼ ਅਤੇ ਸੂਬੇ ਦੀ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਸਾਨੂੰ ਸਵਦੇਸ਼ੀ ਵਸਤਾਂ ਹੀ ਖਰੀਦਣੀਆਂ ਚਾਹੀਦੀਆਂ ਹਨ ਅਤੇ ਸਵਦੇਸ਼ੀ ਵਸਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਣ, ਜੰਗਲੀ ਜੀਵ ਸੁਰੱਖਿਆ ਅਤੇ ਕਿਰਤ  ਮੰਤਰੀ ਪੰਜਾਬ ਸ੍ਰੀ ਚੁੰਨੀ ਲਾਲ ਭਗਤ ਨੇ ਆਲ ਇੰਡੀਆ ਸਵਦੇਸ਼ੀ ਜਾਗਰਣ ਮੰਚ ਵੱਲੋਂ ਮੋਹਾਲੀ ਦੇ ਦੁਸ਼ਹਿਰਾ ਗਰਾਉਂਡ ਵਿਖੇ ਪੰਜਾਬ ਵਿੱਚ ਆਯੋਜਿਤ ਕੀਤੇ ਗਏ ਪੰਜ ਰੋਜ਼ਾ ਸਵਦੇਸ਼ੀ ਮੇਲੇ ਦਾ ਉਦਘਾਟਨ ਸ਼ਮਾ ਰੋਸ਼ਨ ਕਰਨ ਉਪਰੰਤ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਸ੍ਰੀ ਚੁੰਨੀ ਲਾਲ ਭਗਤ ਨੇ ਕਿਹਾ ਕਿ ਵਿਦੇਸ਼ਾਂ ਤੋਂ ਖਾਸ ਕਰਕੇ ਚਾਇਨਾਂ ਤੋਂ ਬਣੀਆਂ ਵਸਤਾਂ ਸਾਡੇ ਲਈ ਨੁਕਸਾਨਦੇਹ ਸਾਬਤ ਹੋ ਰਹੀਆਂ ਹਨ ਜਿਸ ਨਾਲ ਸਾਡੇ ਮੁਲਕ ਦੀ ਅਰਥ ਵਿਵਸਥਾ ਤੇ ਵੀ ਮਾੜਾ ਅਸਰ ਪੈ ਰਿਹਾ ਹੈ ਅਤੇ ਖਾਸ ਕਰਕੇ ਖੇਡਾਂ ਦੇ ਸਮਾਨ ਬਣਾਉਣ ਦੀ ਇੰਡਸਟਰੀ ਅਤੇ ਹੋਰਨਾਂ ਛੋਟੇ ਉਦਯੋਗਾਂ ਨੂੰ ਵੀ ਢਾਹ ਲੱਗ ਰਹੀਂ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪ੍ਰਣ ਕਰਨ ਕਿ ਅਸੀਂ ਕੇਵਲ ਆਪਣੇ ਦੇਸ਼ ਦਾ ਬਣਿਆ ਸਮਾਨ ਹੀ ਖਰੀਦਾਂਗੇ ਵਿਦੇਸ਼ੀ ਸਮਾਨ ਨਹੀਂ ਖਰੀਦਾਂਗੇ, ਜੇਕਰ ਅਸੀਂ ਪ੍ਰਣ ਕਰਾਂਗੇ ਤਾਂ ਹੀ ਸਾਡੇ ਸੁਪਨੇ ਸਕਾਰ ਹੋ ਸਕਣਗੇ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਇਸ ਮੇਲੇ ਦਾ ਉਦਘਾਟਨ ਕਰਨ ਲਈ ਵਿਸ਼ੇਸ ਤੌਰ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਪੁੱਜਣਾ ਸੀ ਪਰੰਤੂ ਕਿਸੇ ਖਾਸ ਕਾਰਨ ਉਹ ਨਹੀਂ ਆ ਸਕੇ ਉਨ੍ਹਾਂ ਸਵਦੇਸ਼ੀ ਜਾਗਰਣ ਮੰਚ ਨੂੰ ਇਸ ਮੇਲੇ ਲਈ ਮੁੱਖ ਮੰਤਰੀ ਪੰਜਾਬ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ। 

ਇਸ ਮੌਕੇ ਉਦਯੋਗ ਮੰਤਰੀ ਪੰਜਾਬ ਸ੍ਰੀ ਮਦਨ ਮੋਹਨ ਮਿੱਤਲ ਨੇ ਬੋਲਦਿਆਂ ਕਿਹਾ ਕਿ ਸਵਦੇਸ਼ੀ ਜਾਗਰਣ ਮੰਚ ਜੋ ਕਿ ਰਾਸ਼ਟਰੀ ਪੱਧਰ ਦੀ ਸਮਾਜ ਸੇਵੀ ਸੰਸਥਾ ਹੈ ਵੱਲੋਂ ਦੇਸ਼ ਦੇ ਲੋਕਾਂ ਨੂੰ ਸਵਦੇਸ਼ੀ ਵਸਤਾਂ ਦਾ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ 08 ਨਵੰਬਰ ਤੱਕ ਚੱਲਣ ਵਾਲੇ ਇਸ  ਸਵਦੇਸ਼ੀ ਮੇਲੇ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਸਵਦੇਸ਼ੀ ਵਸਤਾਂ ਦੀ ਖਰੀਦਦਾਰੀ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੇਲੇ ਦੌਰਾਨ ਸਵਦੇਸ਼ੀ ਵਸਤਾਂ ਦੇ ਕਰੀਬ 200 ਸਟਾਲ ਲਗਾਏ ਗਏ ਹਨ। ਜਿਥੋਂ ਕਿ ਮੇਲੇ ਵਿੱਚ ਪੁੱਜੇ ਲੋਕ ਸਵਦੇਸ਼ੀ ਵਸਤਾਂ ਖਰੀਦ ਸਕਣਗੇ। ਉਨ੍ਹਾਂ ਇਸ ਮੌਕੇ ਮੋਹਾਲੀ ਵਿਖੇ ਸਵਦੇਸ਼ੀ ਮੇਲਾ ਆਯੋਜਿਤ ਕਰਨ ਤੇ ਸਵਦੇਸ਼ੀ ਜਾਗਰਣ ਮੰਚ ਨੂੰ ਮੁਬਾਰਕਬਾਦ ਵੀ ਦਿੱਤੀ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਸਵਦੇਸ਼ੀ ਜਾਗਰਣ ਮੰਚ ਵੱਲੋਂ ਮੋਹਾਲੀ ਵਿਖੇ ਪੰਜਾਬ 'ਚ ਪਹਿਲੀ ਵਾਰ ਸਵਦੇਸ਼ੀ ਮੇਲਾ ਆਯੋਜਿਤ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਲਾ ਲੋਕਾਂ ਨੂੰ ਆਪਣੇ ਦੇਸ਼ 'ਚ ਬਣੀਆਂ ਵਸਤਾਂ ਨੂੰ ਹੀ ਖਰੀਦਣ ਲਈ ਕਾਰਗਰ ਸਾਬਤ ਹੋਵੇਗਾ। ਸਮਾਗਮ ਨੂੰ ਸੰਬੋਧਨ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਸਵਦੇਸ਼ੀ ਵਸਤਾਂ ਦਾ ਇਸਤੇਮਾਲ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਸਮਾਗਮ ਨੂੰ ਮੁੱਖ ਮੰਤਰੀ ਪੰਜਾਬ ਸਲਾਹਾਕਾਰ ਸ੍ਰੀ ਤੀਕਸ਼ਣ ਸੂਦ ਨੇ ਕਿਹਾ ਕਿ ਅੱਜ ਸਮੇ ਦੀ ਲੋੜ ਹੈ ਕਿ ਅਸੀਂ ਵਿਦੇਸ਼ੀ ਵਸਤਾਂ ਨੂੰ ਖਰੀਦਣਾ ਛੱਡ ਕੇ ਆਪਣੇ ਮੁਲਕ ਵਿੱਚ ਬਣੀਆਂ ਵਸਤਾਂ ਦੀ ਵਰਤੋਂ ਨੂੰ ਹੀ ਪਹਿਲ ਦਈਏ ਜਿਸ ਨਾਲ ਉਦਯੋਗ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਸਮਾਗਮ ਨੂੰ ਪੰਜਾਬ ਯੋਜਨਾ ਬੋਰਡ ਦੇ ਵਾਇਸ ਚੇਅਰਮੈਨ ਸ੍ਰੀ ਰਜਿੰਦਰ ਭੰਡਾਰੀ ਨੇ ਵੀ ਸੰਬੋਧਨ ਕੀਤਾ। 

ਇਸ ਤੋਂ ਪਹਿਲਾ ਰਾਸ਼ਟਰੀ ਸਵਦੇਸ਼ੀ ਜਾਗਰਣ ਮੰਚ ਦੇ ਪ੍ਰਧਾਨ ਸ੍ਰੀ ਕਸ਼ਮੀਰੀ ਲਾਲ ਨੇ ਕਿਹਾ ਕਿ ਪੰਜਾਬ 'ਚ ਸਵਦੇਸ਼ੀ ਮੇਲੇ ਦਾ ਆਯੋਜਨ ਕਰਨ ਦਾ ਮੁੱਖ ਮੰਤਵ ਮੇਕ ਇੰਨ ਇੰਡੀਆ ਨੂੰ ਵਧਾਵਾ ਦੇਣਾ ਹੈ ਅਤੇ ਇਸ ਮੇਲੇ ਦਾ ਉਦੇਸ ਪੰਜਾਬ 'ਚ ਪਿੰਡ ਪੱਧਰ ਤੇ ਉਦਯੋਗ ਸਥਾਪਿਤ ਕਰਕੇ  ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਪ੍ਰਤੀ ਜਾਗਰੂਕ ਕਰਨਾ ਹੈ। ਇਸ ਮੌਕੇ ਆਲ ਇੰਡੀਆ ਸਵਦੇਸ਼ੀ ਜਾਗਰਣ ਮੰਚ ਦੇ ਨਾਰਥ ਇੰਡੀਆ ਦੇ ਇੰਚਾਰਜ ਸ੍ਰੀ ਸਤੀਸ਼ ਨੇ ਵੀ ਸਵਦੇਸ਼ੀ ਮੇਲੇ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਪੰਜਾਬ ਭਾਜਪਾ ਦੇ ਆਰਗੇਨਾਇਜਿੰਗ ਜਨਰਲ ਸਕੱਤਰ ਸ੍ਰੀ ਦਿਨੇਸ਼, ਸਮਾਲ ਸਕੇਲ ਇੰਡਸਟਰੀ ਦੇ ਚੇਅਰਮੈਨ ਸ੍ਰੀ ਨਿਰੋਤਮ ਦੇਵ ਰੱਤੀ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਲਾਲ ਭਗਤ, ਸ੍ਰੀ ਵਿਨੋਦ ਰਿਸ਼ੀ, ਸ੍ਰੀ ਸੁਰਿੰਦਰ ਆਨੰਦ, ਸ੍ਰੀ ਦਿਨਕਰ ਪਰਾਸ਼ਰ, ਸ੍ਰੀ ਕ੍ਰਿਸ਼ਨ ਸ਼ਰਮਾ, ਡਾ. ਰਾਕੇਸ ਸ਼ਰਮਾ, ਇੰਨਫੋਟੈਕ ਦੇ ਵਾਇਸ ਚੇਅਰਮੈਨ ਸ੍ਰੀ ਖੁਸ਼ਵੰਤ ਰਾਏ ਗੀਗਾ,  ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਸੁਖਵਿੰਦਰ ਗੋਲਡੀ, ਕੌਂਸਲਰ ਸ੍ਰੀ ਅਸ਼ੋਕ ਝਾ, ਸ੍ਰੀ ਅਰੁਣ ਸ਼ਰਮਾ, ਬੋਬੀ ਕੰਬੋਜ, ਸੈਬੀ ਆਨੰਦ, ਹਰਦੀਪ ਸਿੰਘ ਸਰਾਓ, ਸ੍ਰੀਮਤੀ ਪ੍ਰਕਾਸ਼ ਵਤੀ, ਸ੍ਰੀ ਗੁਰਮੁੱਖ ਸਿੰਘ ਸੋਹਲ ਅਤੇ ਸੀਨੀਅਰ ਅਕਾਲੀ ਆਗੂ ਸ੍ਰੀ ਜਸਵੰਤ ਸਿੰਘ ਭੁੱਲਰ, ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਰਾਜਾ ਕੰਵਰ ਜੋਤ ਮੋਹਾਲੀ, ਵਾਇਸ ਪ੍ਰਧਾਨ ਬੀ.ਜੇ.ਪੀ ਰਾਮੇਸ ਵਰਮਾ, ਜਨਰਲ ਸਕੱਤਰ ਸ੍ਰੀ ਰਵਿੰਦਰ ਸੈਣੀ, ਸੁਸੀਲ ਰਾਣਾ, ਸ੍ਰੀ ਅਸ਼ੋਕ ਸਾਂਪਲਾ, ਸ੍ਰੀ ਜਵੇਦ ਅਸਲਮ ਸਮੇਤ ਭਾਜਪਾ ਦੇ ਹੋਰ ਆਗੂ ਵੀ ਮੌਜੂਦ ਸਨ।