ਗੈਰ ਰਵਾਇਤੀ ਊਰਜਾ ਖੇਤਰ ਦੇ ਵਿਕਾਸ ਵਿਚ ਭਾਗੀਦਾਰ ,ਬਣਨਗੀਆਂ ਸਵੀਡਨ ਦੀਆਂ ਕੰਪਨੀਆਂ
5 Dariya News
ਚੰਡੀਗੜ੍ਹ 03-Nov-2015
ਪੰਜਾਬ ਦੇ ਗੈਰ ਰਵਾਇਤੀ ਊਰਜਾ ਬਾਰੇ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਯਤਨਾਂ ਨਾਲ ਸਵੀਡਨ ਦੀਆਂ 5 ਨਾਮੀ ਕੰਪਨੀਆਂ ਨੇ ਪੇਡਾ ਨਾਲ ਸਹਿਯੋਗ ਕਰਕੇ ਪੰਜਾਬ ਵਿਚ ਗੈਰ ਰਵਾਇਤੀ ਊਰਜਾ ਖੇਤਰ ਦੇ ਵਾਧੇ ਲਈ ਭਾਗੀਦਾਰ ਬਣਨ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਸਵੀਡਨ ਦੇ ਟਰੇਡ ਕਮਿਸ਼ਨਰ ਐਨਾ ਲੀਬਰਗ ਦੀ ਅਗਵਾਈ ਵਿਚ ਇਕ ਵਫਦ ਵਲੋਂ ਪੇਡਾ ਭਵਨ ਵਿਖੇ ਗੈਰ ਰਵਾਇਤੀ ਊਰਜਾ ਮੰਤਰਾਲੇ ਦੇ ਪ੍ਰਮੁੱਖ ਸਕੱਤਰ ਅਨੁਰਿਧ ਤਿਵਾੜੀ ਨਾਲ ਮੁਲਾਕਾਤ ਕੀਤੀ ਗਈ , ਜਿਸ ਵਿਚ 'ਇੰਡੀਆ ਸਵੀਡਨ ਇਨੋਵੇਸ਼ਨ ਐਕਸੀਲੇਟਰ' ਪ੍ਰੋਗਰਾਮ ਤਹਿਤ ਗੈਰ ਰਵਾਇਤੀ ਊਰਜਾ ਦੇ ਖੇਤਰ ਵਿਚ ਨਿਵੇਸ਼ ਸਬੰਧੀ ਗੱਲਬਾਤ ਕੀਤੀ ਗਈ। ਵਫਦ ਵਿਚ ਸਵੀਡਨ ਐਨਰਜ਼ੀ ਏਜੰਸੀ ਦੇ ਸੀਨੀਅਰ ਨੀਤੀ ਸਲਾਹਕਾਰ ਲਾਸ ਸਵੀਸਨ ਤੋਂ ਇਲਾਵਾ ਮੈਟਰਨ ਸਵੀਡਨ ਏ.ਬੀ. (ਪਾਵਰ ਟਰਾਂਸਮਿਸ਼ਨ ਤੇ ਡਿਸਟ੍ਰੀਬਿਊਸ਼ਨ), ਰੀਗਿਨ (ਬਿਲਡਿੰਗ ਆਟੋਮੇਸ਼ਨ), ਪੀ.ਪੀ.ਏ.ਐਮ.ਸੋਲਕਰਾਫਟ (ਸੋਲਰ ਪੈਨਲ), ਟੌਰਕਾਪੈਰੇਟਰ ਏ.ਬੀ. (ਬਾਇਓਮਾਸ) ਅਤੇ ਵਰਲਡ ਥਰਮਲ ਸਰਵਿਸ ਏ.ਬੀ. (ਬਾਇਓਮਾਸÎ) ਸ਼ਾਮਿਲ ਹਨ।
ਟਰੇਡ ਕਮਿਸ਼ਨਰ ਦੇ ਵਫਦ ਦੇ ਬਾਕੀ ਮੈਂਬਰਾਂ ਦਾ ਸਵਾਗਤ ਕਰਦਿਅਂ ਸ੍ਰੀ ਤਿਵਾੜੀ ਨੇ ਪੰਜਾਬ ਵਿਚ ਗੈਰ ਰਵਾਇਤੀ ਊਰਜਾ ਖੇਤਰ ਵਿਚ ਨਿਵੇਸ਼ਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਤੇ ਨਾਲ ਹੀ ਦੱਸਿਆ ਕਿ ਸਾਲ 2016 ਦੇ ਅੰਤ ਤੱਕ ਸੂਬੇ ਵਿਚ ਗੈਰ ਰਵਾਇਤੀ ਊਰਜਾ ਖੇਤਰ ਵਿਚ 1000 ਮੈਗਾਵਾਟ ਬਿਜਲੀ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਉਨਾਂ ਪੇਡਾ ਵਲੋਂ ਛੱਤਾਂ 'ਤੇ ਸਥਾਪਿਤ ਸੋਲਰ ਪ੍ਰਾਜੈਕਟਾਂ, ਬਾਇਓਮਾਸ ਤੇ ਬਾਇਓਮਾਸ ਗੈਸ ਪਾਵਰ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਟਰੇਡ ਕਮਿਸ਼ਨਰ ਐਨਾ ਲੀਬਰਗ ਨੇ ਕਿਹਾ ਕਿ ਸਵੀਡਨ ਦੀਆਂ ਕੰਪਨੀਆਂ ਵਲੋਂ ਪੰਜਾਬ ਵਿਚ ਸਰਕਾਰ, ਉਦਯੋਗਪਤੀਆਂ ਨਾਲ ਮਿਲਕੇ ਗੈਰ ਰਵਾਇਤੀ ਊਰਜਾ ਖੇਤਰ ਵਿਚ ਨਿਵੇਸ਼ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨੀ ਹੈ। ਸਵੀਡਨ ਦੀਆਂ ਕੰਪਨੀਆਂ ਵਲੋਂ ਆਪਣੇ ਪ੍ਰਾਜੈਕਟਾਂ ਬਾਰੇ ਪੇਸ਼ਕਾਰੀ ਦੇਣ ਤੋਂ ਪਹਿਲਾਂ ਪੇਡਾ ਵਲੋਂ ਆਪਣੇ ਪ੍ਰੋਗਰਾਮਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।