5 Dariya News

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਰਾਸ਼ਟਰੀ ਸੱਭਿਆਚਾਰਕ ਮੇਲੇ 'ਸੀ. ਯੂ. ਫੈਸਟ-2015' ਦਾ ਧੂਮ ਧੜੱਕੇ ਨਾਲ ਹੋਇਆ ਆਗ਼ਾਜ਼

ਡਾ. ਨੀਲਮ ਮਾਨ ਸਿੰਘ ਨੂੰ 'ਪਰਾਈਡ ਆਫ ਪੰਜਾਬ' ਐਵਾਰਡ, ਮੁੱਖ ਮਹਿਮਾਨ ਵਜੋਂ ਪੁੱਜੇ ਹਰਿਆਣਾ ਦੇ ਕੈਬਨਿਟ ਮੰਤਰੀ ਕੈਪਟਨ ਅਭਿਮੰਨਿਊ ਸਿੰਘ ਵੱਲੋਂ ਅਦਾ ਕੀਤੀ ਗਈ ਸਨਮਾਨ ਭੇਂਟ ਕਰਨ ਦੀ ਰਸਮ

5 Dariya News

ਘੜੂੰਆਂ 30-Oct-2015

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਦੋ ਦਿਨ ਚੱਲਣ ਵਾਲੇ ਰਾਸ਼ਟਰੀ ਸੱਭਿਆਚਾਰਕ ਮੇਲੇ 'ਸੀ. ਯੂ. ਫੈਸਟ-2015' ਦਾ ਅੱਜ ਇੱਥੇ ਧੂਮ ਧੜੱਕੇ ਨਾਲ ਆਗ਼ਾਜ਼ ਹੋ ਗਿਆ। ਕੌਮੀ ਪੱਧਰ 'ਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਇਸ ਸਾਲਾਨਾ ਫੈਸਟੀਵਲ ਦਾ ਉਦਘਾਟਨ ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਕੈਪਟਨ ਅਭਿਮੰਨਿਊ ਸਿੰਘ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ, ਜਦਕਿ ਰੰਗਮੰਚ ਖੇਤਰ ਦੀ ਨਾਮਵਰ ਹਸਤੀ ਪਦਮ ਸ੍ਰੀ ਨੀਲਮ ਮਾਨ ਸਿੰਘ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ ਦੇ ਪ੍ਰੈਜ਼ੀਡੈਂਟ ਸ. ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਡਾ. ਨੀਲਮ ਮਾਨ ਸਿੰਘ ਚੌਧਰੀ ਨੂੰ ਰੰਗਮੰਚ ਦੇ ਖੇਤਰ 'ਚ ਪਾਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਤੇ ਪੰਜਾਬੀਅਤ ਦਾ ਨਾਂ ਕੌਮਾਂਤਰੀ ਪੱਧਰ 'ਤੇ ਉੱਚਾ ਕਰਨ ਲਈ ਸਨਮਾਨਿਤ ਕਰਨ ਵਜੋਂ 'ਪਰਾਈਡ ਆਫ ਪੰਜਾਬ' ਦੇ ਵਕਾਰੀ ਐਵਾਰਡ ਨਾਲ ਨਿਵਾਜਿਆ ਗਿਆ। ਇਸ ਤਹਿਤ ਮੁੱਖ ਮਹਿਮਾਨ ਕੈਪਟਨ ਅਭਿਮੰਨਿਊ ਸਿੰਘ ਦੁਆਰਾ 'ਵਰਸਿਟੀ ਵੱਲੋਂ ਨੀਲਮ ਮਾਨ ਨੂੰ ਸ਼ਾਲ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। 

ਇਸ ਮੌਕੇ ਕੈਪਟਨ ਅਭਿਮੰਨਿਊ ਨੇ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਨ ਅਤੇ ਇਸ ਸੱਭਿਆਚਾਰਕ ਮੇਲੇ 'ਚ ਦੁਨੀਆਂ ਭਰ ਦੇ ਸੱਭਿਆਚਾਰਾਂ ਦੀ ਪੇਸ਼ਕਾਰੀ ਕਰ ਰਹੇ 19 ਦੇਸ਼ਾਂ ਅਤੇ 30 ਰਾਜਾਂ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦਿਆਂ ਆਖਿਆ ਕਿ ਭਾਰਤ ਨੂੰ ਆਪਣੀ ਧਾਰਮਿਕ, ਸੱਭਿਆਚਾਰਕ ਅਤੇ ਜਾਤੀਗਤ ਵਿਭਿੰਨਤਾ ਉੱਤੇ ਵੱਡਾ ਮਾਣ ਹੈ। ਸਾਡਾ ਦੇਸ਼ ਦੁਨੀਆਂ ਭਰ 'ਚ ਕੌਮੀ ਏਕਤਾ ਦੀ ਬੇਮਿਸਾਲ ਉਦਾਹਰਣ ਹੈ। ਉਨ੍ਹਾਂ ਭਵਿੱਖ 'ਚ ਨਵੇਂ ਭਾਰਤ ਦੀ ਸਿਰਜਣਾ 'ਚ ਨੌਜਵਾਨ ਵਿਦਿਆਰਥੀਆਂ ਦੀ ਵੱਡੀ ਭੂਮਿਕਾ ਸਵੀਕਾਰਦੇ ਹੋਏ ਆਖਿਆ ਕਿ ਉਹ ਤਕਨੀਕੀ ਹੁਨਰ ਅਤੇ ਮਿਆਰੀ ਉਚੇਰੀ ਸਿੱਖਿਆ ਦੇ ਨਾਲ-ਨਾਲ ਮਨੁੱਖਤਾ ਦੇ ਵਿਕਾਸ ਲਈ ਵੀ ਇੱਕਜੁੱਟ ਹੋ ਕੇ ਕੰਮ ਕਰਨ। ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਦੇ ਮਿਆਰੀ ਵਿੱਦਿਅਕ ਪ੍ਰਬੰਧਾਂ, ਅੰਤਰਰਾਸ਼ਟਰੀ ਯੂਨੀਵਰਸਿਟੀਆਂ ਨਾਲ ਪਾਈ ਸਾਂਝ ਅਤੇ ਉੱਚ ਕੋਟੀ ਦੀਆਂ ਬੁਨਿਆਦੀ ਸਹੂਲਤਾਂ ਤੋਂ ਪ੍ਰਭਾਵਿਤ ਹੁੰਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਦੀ ਮੈਨੇਜਮੈਂਟ ਨੂੰ ਹਰਿਆਣਾ 'ਚ ਵੀ ਇਸ ਤਰ੍ਹਾਂ ਵਕਾਰੀ ਯੂਨੀਵਰਸਿਟੀ ਖੋਲ੍ਹਣ ਦਾ ਸੱਦਾ ਦਿੱਤਾ। ਡਾ. ਨੀਲਮ ਮਾਨ ਸਿੰਘ ਨੇ ਇਸ ਮੌਕੇ ਆਖਿਆ ਕਿ ਜ਼ਿੰਦਗੀ ਨੂੰ ਕਲਾ ਤੋਂ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਆਰਟ, ਥੀਏਟਰ ਮਨੁੱਖੀ ਸੱਭਿਅਤਾ ਦੀ ਅਮੀਰੀ ਅਤੇ ਮਾਨਵਤਾ ਦੇ ਸੰਤੁਲਿਤ ਵਿਕਾਸ 'ਚ ਵਿਸ਼ੇਸ਼ ਅਹਿਮੀਅਤ ਰੱਖਦੇ ਹਨ। ਉਨ੍ਹਾਂ ਉਦਾਰਵਾਦੀ ਕਲਾਵਾਂ ਦੀ ਪੈਰਵੀ ਕਰਦੇ ਹੋਏ ਕਿਹਾ ਕਿ ਆਰਟ ਸਾਨੂੰ ਕਦਰਾਂ ਕੀਮਤਾਂ, ਨੈਤਿਕਤਾ ਅਤੇ ਅਨੁਸ਼ਾਸ਼ਨ 'ਚ ਰਹਿਣਾ ਸਿਖਾਉਂਦਾ ਹੈ। ਇਸ ਲਈ ਹਰ ਤਰ੍ਹਾਂ ਦੀ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨੂੰ ਲਲਿਤ ਕਲਾਵਾਂ ਨਾਲ ਜੋੜਨ ਲਈ ਸਾਨੂੰ ਪੰਜਾਬ 'ਚ ਵੀ ਨੈਸ਼ਨਲ ਸਕੂਲ ਆਫ ਡਰਾਮਾ ਦੀ ਤਰਜ਼ 'ਤੇ ਇੰਸਟੀਚਿਊਟਸ ਦੀ ਸਥਾਪਨਾ ਵੱਲ ਅੱਗੇ ਵੱਧਣਾ ਚਾਹੀਦਾ ਹੈ। ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਨੂੰ ਆਪਣੇ ਕੈਂਪਸ 'ਚ ਇਸ ਤਰ੍ਹਾਂ ਦਾ ਆਰਟਸ ਕਾਲਜ ਖੋਲ੍ਹਣ ਲਈ ਬੇਨਤੀ ਕੀਤੀ। 

ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਇਸ ਮੌਕੇ ਆਖਿਆ ਕਿ ਇਹ ਸੱਭਿਆਚਾਰਕ ਯੁਵਕ ਮੇਲਾ ਵਿਦਿਆਰਥੀਆਂ ਲਈ ਕੇਵਲ ਮਨਰੰਜਨ ਦਾ ਜ਼ਰੀਆ ਨਹੀਂ ਬਲਕਿ ਇਹ ਉਨ੍ਹਾਂ ਨੂੰ ਈਵਿੰਟ ਮੈਨੇਜਮੈਂਟ, ਲੀਡਰਸ਼ਿਪ ਅਤੇ ਪ੍ਰਤਿਭਾ ਦੇ ਪ੍ਰਗਟਾਵੇ ਦਾ ਵੀ ਢੁੱਕਵਾਂ ਮੰਚ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਆਖਿਆ ਕਿ ਇਸ ਮੌਕੇ ਐਲਾਲ ਕੀਤਾ ਕਿ 'ਵਰਸਿਟੀ ਅਗਲੇ ਵਿੱਦਿਅਕ ਸ਼ੈਸ਼ਨ ਤੋਂ ਡਾ. ਨੀਲਮ ਮਾਨ ਸਿੰਘ ਚੌਧਰੀ ਹੁਰਾਂ ਦੀ ਸਲਾਹ ਅਤੇ ਮਾਰਗਦਰਸ਼ਨ ਨਾਲ ਲਲਿਤ ਕਲਾਵਾਂ ਨਾਲ ਜੁੜਿਆ ਵਿਭਾਗ ਸਥਾਪਤ ਕਰੇਗੀ। ਇਸ ਸਾਲਾਨਾ ਸੱਭਿਆਚਾਰਕ ਫੈਸਟੀਵਲ ਦਾ ਮੁੱਖ ਮਕਸਦ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਕਾਬਿਲ ਵਿਦਿਆਰਥੀਆਂ ਨੂੰ ਇਕ ਮੰਚ 'ਤੇ ਇਕੱਠਾ ਕਰਕੇ ਉਨ੍ਹਾਂ ਦੇ ਗੁਣਾਂ ਨੂੰ ਹੋਰ ਉਤਸ਼ਾਹਿਤ ਕਰਨਾ ਹੈ।ਫੈਸਟੀਵਲ ਦੇ ਅੱਜ ਪਹਿਲੇ ਦਿਨ ਉੱਤਰੀ ਭਾਰਤ ਦੀਆਂ ਨਾਮਵਰ ਵਿੱਦਿਅਕ ਸੰਸਥਾਵਾਂ ਦੇ ਵੱਡੀ ਗਿਣਤੀ 'ਚ ਵਿਦਿਆਰਥੀਆਂ ਨੇ ਫੈਸ਼ਨ ਸ਼ੋਅ, ਵੱਖ-ਵੱਖ ਦੇਸ਼ਾਂ, ਸੱਭਿਆਚਾਰਾਂ ਨਾਲ ਸਬੰਧਿਤ ਲੋਕ ਨਾਚ ਅਤੇ ਹੋਰ ਵੱਖ-ਵੱਖ ਪ੍ਰਤਿਭਾ ਖੋਜ ਮੁਕਾਬਲਿਆਂ 'ਚ ਆਪਣੇ ਹੁਨਰ ਦੇ ਜੌਹਰ ਵਿਖਾਏ ਅਤੇ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਅਤੇ ਸਰੋਤਿਆਂ ਦੀ ਖ਼ੂਬ ਵਾਹ-ਵਾਹ ਲੁੱਟੀ। ਇਸ ਮੌਕੇ ਵਿਦਿਆਰਥੀਆਂ ਦੇ ਮਨੋਰੰਜਨ ਲਈ ਵਿਸ਼ੇਸ਼ ਤੌਰ 'ਤੇ ਚੰਡੀਗੜ੍ਹ 'ਵਰਸਿਟੀ ਦੇ ਕੈਂਪਸ ਪੁੱਜੇ ਬਾਲੀਵੁੱਡ ਗਾਇਕ ਕੀਰਥੀ ਸਗਾਥੀਆ ਨੇ ਆਪਣੇ ਨੌਜਵਾਨਾਂ 'ਚ ਬੇਹੱਦ ਮਕਬੂਲ ਗੀਤਾਂ ਨਾਲ ਅਤੇ ਬੀ. ਸੀ. ਐੱਮ. ਸੀ. ਬੈਂਡ ਨੇ ਆਪਣੀ ਮਨਮੋਹਕ ਲਾਈਵ ਪੇਸ਼ਕਾਰੀ ਨਾਲ ਵਿਦਿਆਰਥੀਆਂ ਦਾ ਖ਼ੂਬ ਮਨੋਰੰਜਨ ਕੀਤਾ।