5 Dariya News

'ਵਰਸਿਟੀ ਵੱਲੋਂ ਉੱਘੀ ਰੰਗਕਰਮੀ ਡਾ. ਨੀਲਮ ਮਾਨ ਸਿੰਘ ਨੂੰ 'ਪਰਾਈਡ ਆਫ ਪੰਜਾਬ' ਦੇ ਵਕਾਰੀ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਦੋ ਰੋਜ਼ਾ ਫੈਸਟੀਵਲ ਦਾ ਹਰਿਆਣਾ ਸਰਕਾਰ ਦੇ ਵਿੱਤ ਮੰਤਰੀ ਕੈਪਟਨ ਅਭਿਮੰਨਿਊ ਸਿੰਘ ਮੁੱਖ ਮਹਿਮਾਨ ਵਜੋਂ ਕਰਨਗੇ ਉਦਘਾਟਨ

5 Dariya News

ਘੜੂੰਆਂ 29-Oct-2015

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵੱਲੋਂ ਵਿਦਿਆਰਥੀਆਂ ਦੇ ਬਹੁ-ਪੱਖੀ ਵਿਕਾਸ ਅਤੇ ਪ੍ਰਤਿਭਾ ਦੇ ਪ੍ਰਗਟਾਵੇ ਲਈ ਢੁੱਕਵਾਂ ਮੰਚ ਪ੍ਰਦਾਨ ਕਰਨ ਲਈ 'ਵਰਸਿਟੀ ਕੈਂਪਸ ਵਿਖੇ 30 ਅਤੇ 31 ਅਕਤੂਬਰ ਨੂੰ ਦੋ ਰੋਜ਼ਾ ਕੌਮੀ ਸੱਭਿਆਚਾਰਕ ਫੈਸਟੀਵਲ 'ਸੀ. ਯੂ. ਫੈਸਟ-2015' ਆਯੋਜਿਤ ਕੀਤਾ ਜਾ ਰਿਹਾ ਹੈ, ਜਿਸਦਾ ਉਦਘਾਟਨ ਹਰਿਆਣਾ ਸਰਕਾਰ 'ਚ ਵਿੱਤ ਮੰਤਰਾਲੇ ਸਮੇਤ 13 ਮੁੱਖ ਵਿਭਾਗਾਂ ਦੇ ਮੰਤਰੀ ਕੈਪਟਨ ਅਭਿਮੰਨਿਊ ਸਿੰਘ ਮੁੱਖ ਮਹਿਮਾਨ ਵਜੋਂ ਆਪਣੇ ਕਰ ਕਮਲਾਂ ਨਾਲ ਕਰਨਗੇ। ਇਸ ਸਾਲਾਨਾ ਰਾਸ਼ਟਰੀ ਸੱਭਿਆਚਾਰਕ ਮੇਲੇ 'ਚ ਆਈ. ਆਈ. ਟੀਜ਼., ਐੱਨ. ਆਈ. ਟੀਜ਼. ਅਤੇ ਉੱਘੀਆਂ ਯੂਨੀਵਰਸਿਟੀਆਂ ਸਮੇਤ ਉੱਤਰੀ ਭਾਰਤ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਦੇ ਲਗਭਗ 40 ਹਜ਼ਾਰ ਤੋਂ ਵੱਧ ਵਿਦਿਆਰਥੀ ਸ਼ਿਰਕਤ ਕਰਨਗੇ। ਚੰਡੀਗੜ੍ਹ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਡਾ. ਏ. ਐੱਸ. ਕੰਗ ਨੇ ਇਸ ਬਾਰੇ ਵਿਸਥਾਰ 'ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੰਡੀਗੜ੍ਹ੍ਹ ਯੂਨੀਵਰਸਿਟੀ ਵੱਲੋਂ ਵੱਖ-ਵੱਖ ਖੇਤਰਾਂ 'ਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਨੂੰ ਹੱਲਾਸ਼ੇਰੀ ਦੇਣ ਲਈ 'ਪਰਾਈਡ ਆਫ ਪੰਜਾਬ' ਦਾ ਐਵਾਰਡ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਵਰ੍ਹੇ 'ਵਰਸਿਟੀ ਵੱਲੋਂ ਇਹ ਵਕਾਰੀ ਐਵਾਰਡ ਰੰਗਮੰਚ ਦੇ ਖੇਤਰ ਦੀ ਨਾਮਵਰ ਹਸਤੀ ਅਤੇ ਪਦਮ ਸ੍ਰੀ ਡਾ. ਨੀਲਮ ਮਾਨ ਸਿੰਘ ਚੌਧਰੀ ਨੂੰ ਪ੍ਰਦਾਨ ਕੀਤਾ ਜਾਵੇਗਾ। 

ਉਨ੍ਹਾਂ ਦੱਸਿਆ ਕਿ ਇਸ ਮੌਕੇ ਵੱਖ-ਵੱਖ ਸੱਭਿਆਚਾਰਕ, ਰੰਗਮੰਚੀ ਪੇਸ਼ਕਾਰੀਆਂ, ਫੈਸ਼ਨ ਸ਼ੋਅ ਅਤੇ ਉੱਘੇ ਬੈਂਡ ਬੀ. ਸੀ. ਐੱਮ. ਸੀ. ਦੀ ਲਾਈਵ ਪੇਸ਼ਕਾਰੀ ਤੋਂ ਇਲਾਵਾ ਨੌਜਵਾਨਾਂ ਦੇ ਚਹੇਤੇ ਬਾਲੀਵੁੱਡ ਗਾਇਕ ਵੀ ਆਪਣੀ ਗਾਇਕੀ ਦੇ ਰੰਗ ਬਿਖ਼ੇਰਨਗੇ। ਡਾ. ਕੰਗ ਨੇ ਦੱਸਿਆ ਕਿ ਜਿੱਥੇ ਪਹਿਲੇ ਦਿਨ ਅੰਤਰ ਕਾਲਜ ਤਕਨੀਕੀ ਅਤੇ ਸੱਭਿਆਚਾਰਕ ਮੁਕਾਬਲਿਆਂ ਤੋਂ ਇਲਾਵਾ ਬੀ. ਸੀ. ਐੱਮ. ਸੀ. ਬੈਂਡ ਅਤੇ ਬਾਲੀਵੁੱਡ ਗਾਇਕ ਕੀਰਥੀ ਸਗਾਥੀਆ ਵਿਦਿਆਰਥੀਆਂ ਦਾ ਮਨੋਰੰਜਨ ਕਰਨਗੇ ਉੱਥੇ ਹੀ ਦੂਜੇ ਦਿਨ ਫੈਸ਼ਨ ਸ਼ੋਅ, ਮਿਸ ਐਂਡ ਮਿਸਟਰ ਨੌਰਥ ਇੰਡੀਆ ਯੂਨੀਵਰਸਿਟੀ, ਵੈਸਟਰਨ ਡਾਂਸ, ਵੈਸਟਰਨ ਕੋਰੀਓਗ੍ਰਾਫੀ ਅਤੇ ਉੱਘੀ ਬਾਲੀਵੁੱਡ ਗਾਇਕਾ ਸੋਨੂੰ ਕੱਕੜ ਦੀ ਲਾਈਵ ਪੇਸ਼ਕਾਰੀ ਵਿਦਿਆਰਥੀਆਂ ਲਈ ਖਿੱਚ ਦਾ ਮੁੱਖ ਆਕਰਸ਼ਣ ਹੋਵੇਗੀ। ਡਾ. ਕੰਗ ਨੇ ਦੱਸਿਆ ਕਿ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਸਮਾਜਿਕ ਤੌਰ 'ਤੇ ਦੇਸ਼ 'ਚ ਭਾਈਚਾਰਕ ਏਕਤਾ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਦੇ ਮਕਸਦ ਨਾਲ ਇਸ ਵਾਰ ਸੱਭਿਆਚਾਰਕ ਫੈਸਟੀਵਲ ਦਾ ਥੀਮ 'ਵਿਸ਼ਵ ਸ਼ਾਂਤੀ ਅਤੇ ਸਦਭਾਵਨਾ' ਰੱਖਿਆ ਗਿਆ ਹੈ, ਜਿਸ ਸਬੰਧੀ 'ਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਪੱਧਰ 'ਤੇ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇਗੀ।  

ਇਸ ਮੌਕੇ ਸੱਭਿਆਚਾਰਕ ਗਤੀਵਿਧੀਆਂ ਦੇ ਕੋਆਰਡੀਨੇਟਰ ਸ੍ਰੀ ਮੁਨੀਸ਼ ਝਾਂਗੜਾ ਨੇ ਦੱਸਿਆ ਕਿ ਚੰਡੀਗੜ੍ਹ 'ਵਰਸਿਟੀ ਦੇ ਇਸ ਦੋ ਦਿਨਾਂ ਸਾਲਾਨਾ ਉਤਸਵ 'ਚ ਪੰਜਾਬੀ ਵਿਰਸਾ ਲੋਕ ਭੰਗੜਾ, ਰੌਕ ਦੀ ਫਲੋਰ, ਸੋਲੋ ਗੀਤ, ਸੁਰ ਖੇਤਰ, ਮੈਜੀਕਲ ਹਾਰਮਨੀ, ਫੁਲਕਾਰੀ, ਕਦਮ ਮਿਲਾ ਕੇ, ਅਲ ਸਹਾਰਾਹ ਵਰਗੇ ਨਾਟਕ, ਵਾਰ ਆਫ ਬੈਂਡਜ਼, ਡੀ. ਜੇ. ਹੰਟ, ਮਾਡਲ ਹੰਟ ਵਰਗੇ ਅਹਿਮ ਮੁਕਾਬਲੇ ਵੀ ਵਿਦਿਆਰਥੀਆਂ ਅਤੇ ਦਰਸ਼ਕਾਂ ਲਈ ਖਿੱਚ ਦਾ ਮੁੱਖ ਆਕਰਸ਼ਣ ਹੋਣਗੇ। ਇਸ ਦੌਰਾਨ ਜੇਤੂ ਰਹੇ ਵਿਦਿਆਰਥੀਆਂ ਨੂੰ 4.5 ਲੱਖ ਰਾਸ਼ੀ ਦੇ ਬਹੁਤ ਹੀ ਆਕਰਸ਼ਕ ਇਨਾਮ ਵੀ ਪ੍ਰਦਾਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ 'ਚ ਵੱਡੀ ਲੋਕਪ੍ਰਿਅਤਾ ਹਾਸਲ ਕਰ ਚੁੱਕੇ ਇਸ 'ਸੀ. ਯੂ. ਫੈਸਟ-2015' ਦੌਰਾਨ ਦੇਸ਼-ਵਿਦੇਸ਼ ਦੇ ਵੱਖ-ਵੱਖ ਸੱਭਿਆਚਾਰਾਂ ਦੀਆਂ ਵੰਨਗੀਆਂ ਦੇ ਵੀ ਵਿਲੱਖਣ ਰੰਗ ਵੇਖਣ ਨੂੰ ਮਿਲਣਗੇ।