5 Dariya News

ਲਾਰੇਂਸ ਸਕੂਲ ਵਿਚ ਦੇਸ਼ ਦੀ ਸੇਵਾ ਕਰਨ ਲਈ ਸੈਨਾ 'ਚ ਭਰਤੀ ਦੇ ਮੌਕਿਆਂ ਲਈ ਸੈਮੀਨਾਰ ਕਰਵਾਇਆ, ਸੈਨਾ ਦੇ ਉੱਚੇ ਅਹੁਦਿਆਂ ਤੇ ਪਹੁੰਚਣ ਦੇ ਸਮਝਾਏ ਗਏ ਗੁਰ ਮੰਤਰ

5 Dariya News

ਐਸ.ਏ.ਐਸ. ਨਗਰ (ਮੁਹਾਲੀ) 26-Oct-2015

ਜਲ, ਥਲ ਅਤੇ ਹਵਾਈ ਸੈਨਾ ਵਿਚ ਨੌਕਰੀ ਕਰਨ ਦੇ ਨਾਲ ਨਾਲ ਸਨਮਾਨ ਅਤੇ ਇਕ ਬਿਹਤਰੀਨ ਜ਼ਿੰਦਗੀ ਜਿਊਣ ਦਾ ਖ਼ੂਬਸੂਰਤ ਮੌਕਾ ਵੀ ਮਿਲਦਾ ਹੈ । ਇਹ ਅਹਿਮ ਜਾਣਕਾਰੀ ਕੈਪਟਨ ਅਸ਼ੀਸ਼ ਸਿੰਘ ਅਤੇ ਕੈਪਟਨ ਰਵੀ ਚੌਧਰੀ ਮਰਚੈਂਟ ਨੇਵੀ ਅਤੇ ਡਿਫੈਂਸ ਅਕੈਡਮੀ ਵੱਲੋਂ ਵਿਦਿਆਰਥੀਆਂ ਲਈ ਕਰਵਾਏ ਗਏ ਇਕ ਸੈਮੀਨਾਰ ਦੌਰਾਨ ਦਿਤੀ ਗਈ।ਲਾਰੇਂਸ ਪਬਲਿਕ ਸੀਨੀਅਰ ਸਕੈਂਡਰੀ ਸਕੂਲ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਸੈਨਾ ਦੇ ਉੱਚ ਅਹੁਦਿਆਂ ਤੇ ਪਹੁੰਚਦੇ ਹੋਏ ਦੇਸ਼ ਦੀ ਸੇਵਾ ਕਰਨ ਦੇ ਮੌਕਿਆਂ ਸਬੰਧੀ ਕਰਵਾਏ ਗਏ ਇਸ ਸੈਮੀਨਾਰ ਵਿਚ ਸੈਨਾ ਦੇ ਤਿੰਨੇ ਵਿੰਗ ਜਲ,ਥਲ ਅਤੇ ਹਵਾਈ ਸੈਨਾ ਵਿਚ ਉੱਚੇ ਅਹੁਦਿਆਂ ਤੇ ਨੌਕਰੀ ਦੇ ਮੌਕਿਆਂ ਦੀ ਜਾਣਕਾਰੀ ਤਾਂ ਦਿਤੀ ਹੀ ਗਈ। ਇਸ ਦੇ ਨਾਲ ਹੀ ਕੈਪਟਨ ਅਸ਼ੀਸ਼ ਸਿੰਘ ਅਤੇ ਕੈਪਟਨ ਰਵੀ ਚੌਧਰੀ ਨੇ ਮਰਚੈਂਟ ਨੇਵੀ ਵਿਚ ਜਾਣ ਦੇ ਤਰੀਕਿਆਂ ਅਤੇ ਯੋਗਤਾਵਾਂ ਦੀ ਵੀ ਜਾਣਕਾਰੀ ਦਿਤੀ।

ਕੈਪਟਨ ਅਸ਼ੀਸ਼ ਚੌਧਰੀ ਨੇ ਵਿਦਿਆਰਥੀਆਂ ਨੂੰ ਐਨ ਡੀ ਏ ਸਮੇਤ ਹੋਰ ਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਭਾਰਤੀ ਸੈਨਾ ਦੁਨੀਆਂ ਦੇ ਸਭ ਬਿਹਤਰੀਨ ਸੈਨਾਵਾਂ ਵਿਚੋਂ ਇਕ ਮੰਨੀ ਜਾਂਦੀ ਹੈ। ਉਨ੍ਹਾਂ ਬਾਰ੍ਹਵੀਂ ਦੀਆਂ ਵੱਖ ਵੱਖ ਸਟਰੀਮ ਮੈਡੀਕਲ, ਨਾਨ ਮੈਡੀਕਲ, ਕਾਮਰਸ ਅਤੇ ਆਰਟਸ ਵਿਸ਼ਿਆਂ ਵਿਚ ਪੂਰੀ ਕਰ ਕੇ ਵੱਖ ਵੱਖ ਅਹੁਦੇ, ਉਨ੍ਹਾਂ ਲਈ ਯੋਗਤਾ, ਟੈੱਸਟ ਦੇ ਤਰੀਕੇ ਅਤੇ ਹੋਰ ਰਸਮੀ ਕਾਰਜਾਂ ਸਬੰਧੀ ਵਿਸਥਾਰ ਸਹਿਤ ਦੱਸਿਆਂ। ਕੈਪਟਨ ਰਵੀ ਚੌਧਰੀ ਨੇ ਇਸ ਮੌਕੇ ਤੇ ਮਰਚੈਂਟ ਨੇਵੀ ਲਈ ਵਿੱਦਿਅਕ ਅਤੇ ਸਰੀਰਕ ਯੋਗਤਾ ਅਤੇ ਹੋਰ ਉਪਚਾਰਕਤਾਵਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿਤੀ। ਇਸ ਮੌਕੇ ਤੇ ਵਿਦਿਆਰਥੀਆਂ ਦੀ ਯੋਗਤਾ ਨੂੰ ਸਮਝਣ ਅਤੇ ਉਨ੍ਹਾਂ ਨੂੰ ਹੋਣ ਵਾਲੇ ਟੈੱਸਟਾਂ ਸਬੰਧੀ ਜਾਣਕਾਰੀ ਦੇਣ ਲਈ ਇਕ ਟੈੱਸਟ ਵੀ ਲਿਆ ਗਿਆ।

ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਵੀਨਾ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਸ਼ੱਕ ਪਿਛਲੇ ਦਹਾਕੇ ਵਿਚ ਭਾਰਤੀ ਫ਼ੌਜ ਵਿਚ ਪੰਜਾਬੀਆਂ ਨੇ ਆਪਣੀ ਬਹਾਦਰੀ ਨਾਲ ਆਪਣੀ ਲਾਸਾਨੀ ਦੇਸ਼ ਭਗਤੀ ਦਾ ਲੋਹਾ ਮਨਵਾਇਆਂ ਹੈ।  ਪਰ ਅੱਜ ਸੈਨਾ ਵਿਚ ਪੰਜਾਬੀਆਂ ਦੀ ਗਿਣਤੀ ਦਿਨੋਂ ਦਿਨ ਘਟਣੀ ਸ਼ੁਰੂ ਹੋ ਗਈ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸੈਨਾ ਵਿਚ ਭਰਤੀ ਹੋ ਕੇ ਦੇਸ਼ ਦੀ ਸੇਵਾ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦੇ ਹੋਏ ਇਕ ਆਦਰਸ਼ ਅਤੇ ਬਿਹਤਰੀਨ ਜ਼ਿੰਦਗੀ ਜਿਊਣ ਦੀ ਪ੍ਰੇਰਨਾ ਦਿਤੀ।