ਕੇਂਦਰੀ ਕੱਪੜਾ ਮੰਤਰੀ ਸੰਤੋਸ਼ ਕੁਮਾਰ ਗੰਗਵਰ ਨੇ ਭਾਰਤੀ ਕਪਾਹ ਨਿਗਮ ਨੂੰ ਫ਼ੌਰੀ ਤੌਰ 'ਤੇ ਕਪਾਹ ਦੀ ਖਰੀਦ ਸ਼ੁਰੂ ਕਰਨ ਦਾ ਦਿੱਤਾ ਆਦੇਸ਼
ਮੁੱਖ ਮੰਤਰੀ ਵੱਲੋਂ ਮੁੱਦਾ ਚੁੱਕੇ ਜਾਣ 'ਤੇ ਗੰਗਵਰ ਨੇ ਦਿੱਤੇ ਨਿਰਦੇਸ਼ ,ਬਾਦਲ ਨੇ ਫ਼ਸਲਾਂ ਦੀ ਤਬਾਹੀ ਦੇ ਮੱਦੇਨਜ਼ਰ ਖਰੀਦ ਦੇ ਮਾਪਦੰਡਾਂ ਵਿੱਚ ਛੋਟ ਮੰਗੀ
5 Dariya News
ਨਵੀਂ ਦਿੱਲੀ 11-Oct-2015
ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਕੱਪੜਾ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਰ ਨਾਲ ਮੁਲਾਕਾਤ ਕਰਕੇ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਨੂੰ ਨਰਮੇ ਦੀ ਫ਼ਸਲ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਕਰਨ ਦੀ ਅਪੀਲ ਕੀਤੀ।ਮੁੱਖ ਮੰਤਰੀ ਜੋ ਗੰਗਵਰ ਨੂੰ ਅੱਜ ਇੱਥੇ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲੇ, ਦੀ ਬੇਨਤੀ 'ਤੇ ਕੇਂਦਰੀ ਕੱਪੜਾ ਮੰਤਰੀ ਨੇ ਕਾਟਨ ਕਾਰਪੋਰੇਸ਼ਨ ਆਫ਼ ਇੰਡਆਂ ਨੂੰ ਫ਼ੌਰੀ ਤੌਰ 'ਤੇ ਖਰੀਦ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।ਗੰਗਵਰ ਨੇ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਦੇ ਚੇਅਰਮੈਨ ਕਮ ਪ੍ਰਬੰਧਕ ਨਿਰਦੇਸ਼ਕ ਬੀ.ਕੇ. ਮਿਸ਼ਰਾ ਨੂੰ ਸਵੇਰੇ ਚੰਡੀਗੜ੍ਹ ਜਾ ਕੇ ਸੂਬੇ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਅਤੇ ਮਾਰਕਫ਼ੈਡ ਦੇ ਪ੍ਰਬੰਧਕ ਨਿਰਦੇਸ਼ਕ ਨਾਲ ਮੀਟਿੰਗ ਕਰਕੇ ਇਸ ਕਾਰਜ ਨੂੰ ਛੇਤੀ ਨੇਪਰੇ ਚਾੜ੍ਹਨ ਦੇ ਨਿਰਦੇਸ਼ ਵੀ ਦਿੱਤੇ।ਨਰਮੇ ਦੀ ਫ਼ਸਲ ਦੇ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਵੱਲੋਂ ਮਾਪਦੰਡਾਂ ਵਿੱਚ ਢਿੱਲ ਦਿੱਤੇ ਜਾਣ ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੇ ਸ. ਬਾਦਲ ਨੂੰ ਇਸ ਸਬੰਧੀ ਵਿਸਤ੍ਰਤ ਪ੍ਰਸਤਾਵ ਭੇਜਣ ਲਈ ਆਖਿਆ ਤਾਂ ਜੋ ਇਸ ਸਬੰਧੀ ਕੋਈ ਫ਼ੈਸਲਾ ਲਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਸਬੰਧੀ ਯੋਗ ਫ਼ੈਸਲਾ ਤੁਰੰਤ ਲਵੇਗੀ। ਸੂਬੇ ਵਿੱਚ ਕੱਪੜਾ ਸੈਕਟਰ ਦੇ ਸਕਿੱਲ ਸੈਂਟਰ ਖੋਲ੍ਹੇ ਜਾਣ ਦੀ ਸ. ਬਾਦਲ ਦੀ ਮੰਗ 'ਤੇ ਸ੍ਰੀ ਗੰਗਵਰ ਨੇ ਮੁੱਖ ਮੰਤਰੀ ਨੂੰ ਇਸ ਸਬੰਧੀ ਵਿਸਤ੍ਰਤ ਤਜ਼ਵੀਜ਼ ਭੇਜਣ ਲਈ ਆਖਿਆ। ਨਾਲ ਹੀ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੌਜੂਦਾ ਸਕੀਮਾਂ ਤਹਿਤ ਅਜਿਹੇ ਪ੍ਰਾਜੈਕਟਾਂ ਨੂੰ ਵਿਕਸਿਤ ਕਰਨ ਲਈ ਯਤਨਸ਼ੀਲ ਹੈ।ਮੁੱਖ ਮੰਤਰੀ ਨੇ ਸ੍ਰੀ ਗੰਗਵਰ ਨੂੰ ਧਾਰੀਵਾਲ (ਗੁਰਦਾਸਪੁਰ) ਵਿਖੇ ਸਥਿਤ ਧਾਰੀਵਾਲ ਵੂਲਨ ਟੈਕਸਟਾਈਲ ਮਿੱਲ ਜੋ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਈ ਹੈ, ਨੂੰ ਮੁੜ ਖੋਲ੍ਹਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਸਰਹੱਦੀ ਖੇਤਰ ਦੇ ਲੋਕਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।ਕੇਂਦਰੀ ਮੰਤਰੀ ਨੇ ਸ. ਬਾਦਲ ਦੀਆਂ ਮੰਗਾਂ ਦਾ ਹਾਂ-ਪੱਖੀ ਹੁੰਗਾਰਾ ਦਿੰਦਿਆਂ ਵਿਸ਼ਵਾਸ਼ ਦਿਵਾਇਆ ਕਿ ਕੇਂਦਰ ਸਰਕਾਰ ਇਨ੍ਹਾਂ ਸਾਰੇ ਮੁੱਦਿਆਂ 'ਤੇ ਹਮਦਰਦੀ ਪੂਰਵਕ ਵਿਚਾਰ ਕਰੇਗੀ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਇਸ ਸੰਕਟ ਦੀ ਘੜੀ 'ਚੋਂ ਬਾਹਰ ਕੱਢਿਆ ਜਾ ਸਕੇ।ਇਸ ਮੌਕੇ 'ਤੇ ਮੁੱਖ ਮੰਤਰੀ ਨਾਲ ਉਨ੍ਹਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੇ.ਜੇ.ਐਸ. ਚੀਮਾ ਵੀ ਹਾਜ਼ਰ ਸਨ।