5 Dariya News

ਡਿਪਟੀ ਕਮਿਸ਼ਨਰ ਨੇ ਡੇਂਗੂ ਦੇ ਕੇਸਾਂ 'ਚ ਹੋ ਰਹੇ ਵਾਧੇ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ, ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਾਰਵਾ ਚੈਕਿੰਗ ਕਰਵਾਉਣ ਦੀਆ ਦਿੱਤੀਆਂ ਹਦਾਇਤਾਂ

ਕੁਲਰਾਂ, ਪੁਰਾਣੇ ਟਾਇਰਾਂ ਅਤੇ ਗਮਲਿਆਂ ਆਦਿ ਵਿਚ ਲਾਰਵਾ ਨਿਕਲਣ ਤੇ ਹੋਣਗੇ ਚਲਾਨ ਅਤੇ ਵਸੂਲਿਆ ਜਾਵੇਗਾ ਜੁਰਮਾਨਾ

5 Dariya News

ਐਸ.ਏ.ਐਸ ਨਗਰ 10-Oct-2015

ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ  ਜਿਲ੍ਹੇ ਦੇ ਡੇਂਗੂ ਕੇਸਾਂ 'ਚ ਹੋ ਰਹੇ ਵਾਧੇ ਨੂੰ ਮੁੱਖ ਰੱਖਦਿਆਂ ਸਿਵਲ ਸਰਜਨ ਡਾ. ਨੀਲਮ ਭਾਰਦਵਾਜ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵਿਦਿਅਕ ਸੰਸਥਾਵਾਂ, ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਆਮ ਲੋਕਾਂ ਦੇ ਘਰਾਂ, ਕੁਲਰਾਂ, ਗਮਲਿਆਂ ਅਤੇ ਟਾਇਰਾਂ ਦੀਆਂ ਦੁਕਾਨਾਂ ਤੇ ਪੁਰਾਣੇ ਪਏ ਟਾਇਰਾਂ 'ਚ ਡੇਂਗੂ ਫਲਾਉਣ ਵਾਲੇ ਮੱਛਰ ਦੇ ਲਾਰਵੇ ਦੀ ਚੈਕਿੰਗ ਕਰਾਉਣ ਜੇਕਰ ਕਿਸੇ ਥਾਂ ਤੇ ਲਾਰਵਾ ਪਾਇਆ ਜਾਂਦਾ ਹੈ ਤਾਂ ਸਬੰਧਤ ਸੰਸਥਾਵਾਂ ਦੇ ਮੁੱਖੀਆਂ ਅਤੇ ਘਰਾਂ ਤੇ ਦੁਕਾਨਾਂ ਦੇ ਮਾਲਕਾਂ ਨੂੰ ਜਿੰਮੇਵਾਰ ਠਹਿਰਾਇਆ ਜਾਵੇ ਅਤੇ ਉਨ੍ਹਾਂ ਦੇ ਮੌਕੇ ਤੇ ਚਲਾਨ ਕਰਕੇ ਜੁਰਮਾਨਾ ਵਸੂਲਿਆ ਜਾਵੇ।ਸ੍ਰੀ ਸਿੱਧੂ ਨੇ ਸਿਹਤ ਅਧਿਕਾਰੀਆਂ ਨਾਲ ਡੇਂਗੂ ਦੀ ਰੋਕਥਾਮ ਲਈ ਲਾਰਵਾ ਮਿਲਣ ਤੇ ਚਲਾਨ ਕਰਨ ਸਬੰਧੀ ਸੱਦੀ ਮੀਟਿੰਗ ਦੌਰਾਨ ਸਖ਼ਤ ਹਦਾਇਤਾਂ ਦਿੱਤੀਆਂ ਕਿ ਜ਼ਿਲ੍ਹੇ 'ਚ ਲੋਕਾਂ ਨੂੰ ਪਹਿਲਾਂ ਵੀ ਡੇਂਗੂ ਪ੍ਰਤੀ ਵੱਡੇ ਪੱਧਰ ਤੇ ਜਾਗਰੂਕ ਕੀਤਾ ਗਿਆ ਸੀ  ਪਰੰਤੂ ਲੋਕ ਫਿਰ ਵੀ ਕੂਲਰਾਂ ਅਤੇ ਗਮਲਿਆਂ ਸਮੇਤ ਆਪਣੇ ਆਲੇ ਦੁਆਲੇ ਦੀ ਸਫਾਈ ਅਣਗਹਿਲੀ ਵਰਤ ਰਹੇ ਹਨ। ਜਿਸ ਕਾਰਨ ਡੇਂਗੂ ਦੇ ਕੇਸਾਂ 'ਚ ਵਾਧਾ ਹੋ ਰਿਹਾ ਹੈ ਅਤੇ ਹੁਣ ਡੇਂਗੂ ਦੇ ਮਰੀਜਾਂ ਦੀ ਗਿਣਤੀ 200 ਦੇ ਕਰੀਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਸਕੂਲਾਂ 'ਚ ਸਾਫ਼ ਸਫਾਈ ਅਤੇ ਸਮੂਹ ਬੀ.ਡੀ.ਪੀ.ਓਜ਼ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਪਿੰਡਾਂ 'ਚ ਜਿਥੇ ਪਾਣੀ ਖੜ੍ਹਾਂ ਰਹਿੰਦਾ ਹੈ ਅਤੇ ਛੱਪੜਾ ਆਦਿ 'ਚ ਕਾਲਾ ਤੇਲ ਪਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਦਾ ਡੇਂਗੂ ਤੋਂ ਬਚਾਅ ਹੋ ਸਕੇ। 

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜੀਰਕਪੁਰ ਦੀ ਸਮਾਜ ਸੇਵੀ ਸੰਸਥਾ ਰਾਇਲ ਗਰੁੱਪ ਸੋਸ਼ਲ ਐਂਡ ਵੈਲਫ਼ੇਅਰ ਸੋਸਾਇਟੀ (ਰਜਿ) ਦੁਆਰਾ ਇਲਾਕੇ ਵਿੱਚ ਡੇਂਗੂ ਦੀ ਰੋਕਥਾਮ ਲਈ ਸ਼ੁਰੂ ਕੀਤੀ ਮੁਹਿਮ ਦੇ ਲਈ ਪੋਸਟਰ ਜਾਰੀ ਕੀਤਾ। ਇਸ ਮੌਕੇ ਰਾਇਲ ਗਰੁੱਪ ਦੇ ਪ੍ਰਧਾਨ ਹਰਜਿੰਦਰ ਸਿੰਘ ਹੈਰੀ ਅਤੇ ਹੋਰ ਅਹੁਦੇਦਾਰਾਂ ਨੇ ਗਰੁੱਪ ਦੇ ਕੰਮਾਂ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਵਿੱਚ ਕਰੀਬ 200 ਮੈਂਬਰ ਹਨ ਜੋ ਕਿ ਜੀਰਕਪੁਰ ਇਲਾਕੇ ਨਾਲ ਸਬੰਧ ਰੱਖਦੇ ਹਨ। ਉਨਾ ਦਾ ਗਰੁੱਪ ਜੀਰਕਪੁਰ ਡੇਰਾਬਸੀ ਅਤੇ ਲਾਲੜੂ ਵਿਖੇ ਆਉਣ ਵਾਲੀਆਂ ਲਵਾਰਿਸ ਲਾਸ਼ਾਂ ਦਾ ਸੰਸਕਾਰ ਕਰਦਾ ਹੈ, ਹਰ ਮਹੀਨੇ ਦੇ ਆਖਰੀ ਸੋਮਵਾਰ ਨੂੰ ਸੈਕਟਰ 32 ਹਸਪਤਾਲ ਵਿਖੇ ਲੰਗਰ ਲਗਾਉਦਾ ਹੈ, ਗਰੁੱਪ ਦੇ ਮੈਂਬਰ ਜਰੂਰਤ ਅਨੁਸਾਰ ਫੋਨ ਆਉਣ ਤੇ ਖੂਨ ਦਾਨ ਕਰਨ ਜਾਂਦੇ ਹਨ, ਜਰੂਰਤ ਮੰਦ ਕੁੜੀਆਂ ਦੇ ਵਿਆਹ ਕਰਨਾ, ਜੀਰਕਪੁਰ ਵਿਖੇ ਉਨ੍ਹਾਂ ਦੇ ਮੈਂਬਰ ਸੋਨੂ ਸੇਠੀ ਵੱਲੋ ਮੁਫ਼ਤ ਐਂਬੂਲੈਂਸ ਸੇਵਾ ਪਿਛਲੇ ਕਈ ਸਾਲਾਂ ਤੋ ਚਲਾਈ ਜਾ ਰਹੀ ਹੈ, ਸਰਦੀਆਂ ਵਿੱਚ ਘੁੰਮ ਘੁੰਮ ਕੇ ਠੰਢ ਵਿੱਚ ਪਏ ਗਰੀਬਾਂ ਨੂੰ ਕੰਬਲ ਦਾਨ ਕਰਨਾ ਆਦਿ ਸਮਾਜ ਸੇਵੀ ਕੰਮ ਗਰੁੱਪ ਦੁਆਰਾ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨਾਂ ਸਾਰੇ ਕੰਮਾਂ ਲਈ ਉਹ ਕਿਸੇ ਕੋਲੋ ਕੋਈ ਪੈਸਾ ਨਹੀ ਲੈਂਦੇ ਬਲਕਿ ਗਰੁੱਪ ਦੇ ਸਾਰੇ ਮੈਂਬਰ ਆਪਸ ਵਿੱਚ ਪੈਸੇ ਇਕੱਠੇ ਕਰ ਕੇ ਯਾ ਕਿਹਾ ਜਾਵੇ ਆਪਣੀ ਕਮਾਈ ਵਿੱਚੋਂ ਦਸਵੰਦ ਕੱਢ ਕੇ ਇਹ ਸਾਰੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਅੱਗੇ ਤੋ ਵੀ ਉਨਾ ਦਾ ਗਰੁੱਪ ਅਜਿਹੇ ਸਮਾਜ ਸੇਵੀ ਕੰਮ ਕਰਦਾ ਰਹੇਗਾ। ਇਸ ਮੌਕੇ ਹੋਰਨਾ ਤੋ ਇਲਾਵਾ ਚੇਅਰਮੈਨ ਗੁਰਜੀਤ ਸਿੰਘ ਭਬਾਤ, ਹਰਜਿੰਦਰ ਸਿੰਘ ਸ਼ੀਨੂ ਜਨਰਲ ਸਕੱਤਰ, ਵਿਨੋਦ ਕੱਸ਼ਪ ਸੀਨੀਅਰ ਉਪ ਪ੍ਰਧਾਨ, ਸੁਸ਼ੀਲ ਸੈਣੀ ਉੱਪ ਪ੍ਰਧਾਨ, ਰਮਨਪ੍ਰੀਤ ਸਿੰਘ ਪ੍ਰਿੰਸ ਕੈਸ਼ੀਅਰ, ਵਿੱਕੀ ਭਬਾਤ, ਤੇਜਿੰਦਰ ਸਿੰਘ, ਅਵਤਾਰ ਸਿੰਘ ਪਬਲਾ, ਜਤਿੰਦਰ ਅੱਤਰੀ, ਤਲਵਿੰਦਰ ਸਿੰਘ ਭਬਾਤ, ਸੁਖਦੇਵ ਸਿੰਘ ਮੋਨੂ, ਹਰਪ੍ਰੀਤ ਸਿੰਘ ਬਨੂੜ, ਮਨਦੀਪ ਸਿੰਘ ਭੁੱਡਾ ਸਾਹਿਬ ਆਦਿ ਮੌਜੂਦ ਸਨ।