ਵਿਸ਼ਵ ਨਿਗ੍ਹਾ ਦਿਵਸ ਮੋਕੇ ਸਿਹਤ ਮੰਤਰੀ ਨੇ ਪੁਤਲੀ ਰੋਗਾਂ ਕਰਕੇ ਅੰਨੇਪਣ ਤੋਂ ਪੰਜਾਬ ਨੂੰ ਮੁਕਤ ਕਰਵਾਉਣ ਦੀ ਯੋਜਨਾ ਪੇਸ਼
ਚਿੱਟਾ ਮੋਤੀਆ,ਕਾਲਾ ਮੋਤੀਆ,ਰਿਫਰੈਕਟਿਵ ਐਰਰ,ਡਾਈਬੈਟਿਕ ਰੈਟਿਨੋਪੈਥੀ ਅਤੇ ਅੱਖਾਂ ਦੇ ਹੋਰ ਰੋਗਾਂ ਸਬੰਧੀ ਵਿਸ਼ੇਸ਼ ਸਕਰੀਨਿੰਗ ਕੈਂਪ ਦਾ ਆਯੋਜਨ
5 Dariya News
ਚੰਡੀਗੜ੍ਹ 08-Oct-2015
ਵਿਸ਼ਵ ਨਿਗ੍ਹਾ ਦਿਵਸ ਮੋਕੇ ਪੰਜਾਬ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਪੰਜਾਬ ਨੁੰ ਪੁਤਲੀ ਰੋਗਾਂ ਕਰਕੇ ਅੰਨੇਪਣ ਤੋਂ ਮੁਕਤ ਕਰਵਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ ।ਸਮੂਹ ਸਿਵਲ ਸਰਜਨਾਂ ਅਤੇ ਸੀਨੀਅਰ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਜਿਆਣੀ ਨੇ ਕਿਹਾ ਕਿ ਇਸ ਮਕਸਦ ਲਈ ਪਹਿਲਾਂ ਇਕ ਉੱਚ ਪਧੱਰੀ ਮੀਟਿੰਗ ਵਿਚ ਇਸ ਯੋਜਨਾ ਦੀ ਰੂਪ ਰੇਖਾ ਤਿਆਰ ਕਰਨ ਸੰਬਧੀ ਵਿਚਾਰ ਚਰਚਾ ਕੀਤੀ ਜਾ ਚੁੱਕੀ ਹੈ।ਉਨਾਂ ਇਹ ਜਾਣਕਾਰੀ ਦਿੱਤੀ ਕਿ ਵਿਸ਼ਵ ਨਿਗ੍ਹਾ ਦਿਵਸ ਮੋਕੇ ਪੰਜਾਬ ਵਿਚ ਸਾਰੇ ਸਿਵਲ ਹਸਪਤਾਲਾਂ ਤੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਚਿੱਟਾ ਮੋਤੀਆ,ਕਾਲਾ ਮੋਤੀਆ,ਰਿਫਰੈਕਟਿਵ ਐਰਰ,ਡਾਈਬੈਟਿਕ ਰੈਟਿਨੋਪੈਥੀ ਅਤੇ ਅੱਖਾਂ ਦੇ ਹੋਰ ਰੋਗਾਂ ਸਬੰਧੀ ਵਿਸ਼ੇਸ਼ ਸਕਰੀਨਿੰਗ ਕੈਂਪ ਲਾਏ ਜਾ ਰਹੇ ਹਨ।ਇਸ ਮੋਕੇ ਪ੍ਰਮੁੱਖ ਸਕੱਤਰ ਸਿਹਤ ਵਿਭਾਗ ਪੰਜਾਬ , ਵਿਨੀ ਮਹਾਜਨ ਨੇ ਕਿਹਾ ਕਿ ਇਸ ਵਰ੍ਹੇ ਕਾਰਨੀਅਲ ਅੰਨੇਪਣ ਤੋਂ ਪੀੜਤ ਮਰੀਜਾਂ ਦੇ ਇਲਾਜ ਉਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।ਪੰਜਾਬ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਸਕੱਤਰ, ਸ਼੍ਰੀ ਹੁਸਨ ਲਾਲ ਨੇ ਇਸ ਮੋਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਯੋਜਨਾ ਦੀ ਕਾਮਯਾਬੀ ਲਈ ਇਕ ਵਿਸ਼ੇਸ਼ ਰੂਪ ਰੇਖਾ ਉਲੀਕੇ ਜਾਣ ਦੀ ਲੋੜ ਹੈ ਜਿਸ ਤਹਿਤ ਇਲਾਜ ਯੋਗ ਪੁਤਲੀ ਰੋਗਾਂ ਕਰਕੇ ਅੰਨੇਪਣ ਦੇ ਸ਼ਿਕਾਰ ਵਿਅਕਤੀਆਂ ਦੀ ਜਾਣਕਾਰੀ ਇਕ ਡਾਟਾ ਬੇਸ ਵਿਚ ਇਕੱਠੀ ਕੀਤੇ ਜਾਣ ਦੀ ਲੋੜ ਹੈ।
ਇਸ ਲਈ ਇਕ ਆਨ ਲਾਈਨ ਰਜਿਸਟਰੇਸ਼ਨ ਪ੍ਰੋਫਾਰਮਾ ਸਿਹਤ ਵਿਭਾਗ ਦੀ ਵੈੱਬ ਸਾਈਟ ਉਤੇ ਉਪਲਬਧ ਹੈ।ਉਹਨਾਂ ਕਿਹਾ ਕਿ ਪੁਤਲੀ ਰੋਗਾਂ ਕਰਕੇ ਅੰਨੇਪਣ ਦੀ ਰੋਕਥਾਮ ਪ੍ਰਤਿ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਇਕ ਮੁਹਿੰਮ ਵਿੱਢੇ ਜਾਣ ਦੀ ਲੋੜ ਹੈ ਅਤੇ ਇਸ ਦੇ ਨਾਲ ਹੀ ਸਰਕਾਰੀ ਪਧੱਰ ਉਤੇ ਵੀ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੀ ਲੋੜ ਹੈ।ਉਨਾਂ ਟਰਾਂਸਪਲਾਂਟੇਸ਼ਨ ਆਫ ਹਿਉਮਨ ਆਰਗਨਸ ਐਂਡ ਟਿਸ਼ੂਜ਼ ਐਕਟ ਦੀਆਂ ਤਜਵੀਜ਼ਾਂ ਅਤੇ ਇਸ ਨੂੰ ਲਾਗੂ ਕਰਨ ਲਈ ਬਣਾਏ ਗਏ ਨਿਯਮਾਂ ਬਾਰੇ ਵੀ ਦੱਸਿਆ।ਉਨਾਂ ਕਿਹਾ ਕਿ ਹਸਪਤਾਲਾਂ ਦੇ ਕਾਰਨੀਅਲ ਰਿਟਰੀਵਲ ਪ੍ਰੋਗਰਾਮ ਨੂੰ ਵੱਡੇ ਹਸਪਤਾਲਾਂ ਵਿਚ ਮਜਬੂਤ ਕਰਕੇ ਹੋਰ ਜਿਆਦਾ ਅੱਖਾਂ ਦੀਆਂ ਪੁਤਲੀਆਂ ਉਪਲਬਧ ਕੀਤੇ ਜਾਣ ਦੀ ਲੋੜ ਉਤੇ ਜੋਰ ਦਿੱਤਾ।ਇਸ ਮੋਕੇ ਐਨ.ਪੀ.ਸੀ.ਬੀ. ਪੰਜਾਬ ਦੇ ਸੂਬਾ ਪ੍ਰੋਗਰਾਮ ਅਫਸਰ ਡਾ. ਰਾਕੇਸ਼ ਗੁਪਤਾ ਨੇ ਸਿਵਲ ਸਰਜਨਾਂ, ਡਾਇਰੈਕਟੋਰੇਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਤੇ ਅੱਖਾਂ ਦੇ ਬੈਂਕਾਂ ਦੇ ਇਨਚਾਰਜਾਂ ਵਲੋਂ ਸੁਝਾਏ ਨੁਕਤਿਆਂ ਉਤੇ ਹੋਰ ਚਾਨਣਾ ਪਾਇਆ ਤਾਂ ਜੋ ਕਾਰਨੀਅਲ ਅੰਨੇਪਣ ਤੋਂ ਸੂਬੇ ਨੂੰ ਛੁਟਕਾਰਾ ਮਿਲ ਸਕੇ।
ਉਨਾਂ ਇਸ ਮੋਕੇ ਹਾਜ਼ਰੀਨਾਂ ਨੂੰ ਭਰੋਸਾ ਦਿਵਾਇਆ ਕਿ ਟਰਾਂਸਪਲਾਂਟੇਸ਼ਨ ਆਫ ਹਿਉਮਨ ਆਰਗਨਸ ਐਂਡ ਟਿਸ਼ੂਜ਼ ਐਕਟ ਨੂੰ ਅਪਣਾਉਣ ਤੋਂ ਪਹਿਲਾਂ ਇਸ ਵਿਚ ਲੋੜੀਂਦੀਆਂ ਸੋਧਾਂ ਕੀਤੀਆਂ ਜਾਣਗੀਆਂ। ਉਨਾਂ ਆਈ ਡੋਨੇਸ਼ਨ ਐਸੋਸੀਏਸ਼ਨ ਵਰਗੀਆਂ ਗੈਰ ਸਰਕਾਰੀ ਸੰਸਥਾਵਾਂ ਵਲੋਂ ਅੱਖਾਂ ਦਾਨ ਕਰਨ ਬਾਰੇ ਜਾਗਰੂਕਤਾ ਫੈਲਾਉਣ ਲਈ ਉਨਾਂ ਦਾ ਧੰਨਵਾਦ ਵੀ ਕੀਤਾ।ਪੰਜਾਬ ਦੇ ਡਾਇਰੈਕਟਰ ਸਿਹਤ ਸੇਵਾਵਾਂ,ਡਾ.ਭਾਗਮਲ ਨੇ ਇਸ ਮੋਕੇ ਹਾਜਰ ਲੋਕਾਂ ਨੂੰ ਡਰਾਇਵਿੰਗ ਲਾਇਸੈਂਸ ਦੀ ਅਰਜੀ ਦੇਣ ਮੋਕੇ ਹੀ ਆਪਣੀਆਂ ਅੱਖਾਂ ਦਾਨ ਕਰਨ ਵਾਲਾ ਫਾਰਮ ਮੁਹਈਆ ਕਰਵਾਉਣ ਦੇ ਪੰਜਾਬ ਸਰਕਾਰ ਵਲੋਂ ਚੁੱਕੇ ਕਦਮ ਬਾਰੇ ਵੀ ਦੱਸਿਆ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਮੋਤ ਤੋਂ ਪਹਿਲਾਂ ਅੱਖਾਂ ਦਾਨ ਕਰਨ ਲਈ ਵੈਬ ਸਾਇਟ www.pbhealth.gov.in. ਉਤੇ ਆਨ ਲਾਇਨ ਰਜਿਸਟਰੇਸ਼ਨ ਕਰਵਾਉਣ।ਉਨਾਂ ਇਹ ਵੀ ਦੱੱਸਿਆ ਕਿ ਟੋਲ ਫ੍ਰੀ ਨੰਬਰ 104 ਉਤੇ ਸਪੰਰਕ ਕਰਕੇ ਸੂਬੇ ਵਿਚ ਆਪਣੇ ਨੇੜਲੇ ਅੱਖਾਂ ਦੇ ਬੈਂਕ ਬਾਰੇ ਸੂਚਨਾ ਲਈ ਜਾ ਸਕਦੀ ਹੈ।