ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ 'ਚ 3866 ਵਿਦਿਆਰਥੀਣਾਂ ਨੂੰ 01 ਕਰੋੜ 01 ਲੱਖ 48 ਹਜ਼ਾਰ ਰੁਪਏ ਦੇ ਮੁਫਤ ਸਾਇਕਲ ਵੰਡੇ ਜਾਣਗੇ:ਤੇਜਿੰਦਰਪਾਲ ਸਿੰਘ ਸਿੱਧੂ
ਜਿਲ੍ਹੇ ' 26 ਲੱਖ 25 ਹਜ਼ਾਰ ਰੁਪਏ ਦੀ ਕੀਮਤ ਦੇ 1000 ਵਿਦਿਆਰਥਣਾਂ ਨੂੰ ਵੰਡੇ ਗਏ ਸਾਇਕਲ ਮੁਫਤ
5 Dariya News
ਐਸ.ਏ.ਐਸ.ਨਗਰ 07-Oct-2015
ਪੰਜਾਬ ਸਰਕਾਰ ਵੱਲੋਂ ਸਾਲ 2011-12 ਵਿਚ 11ਵੀਂ ਅਤੇ 12 ਵੀਂ ਜਮਾਤ ਵਿਚ ਪੜ੍ਹਦੀਆਂ ਵਿਦਿਆਰਥਣਾਂ ਲਈ ਸ਼ੁਰੂ ਕੀਤੀ ਗਈ ਮਾਈ ਭਾਗੋ ਵਿਦਿਆ ਸਕੀਮ ਅਧੀਨ ਮੁਫਤ ਸਾਇਕਲ ਵੰਡਣ ਦੀ ਸਕੀਮ ਜੋ ਕਿ ਨਿਰੰਤਰ ਜਾਰੀ ਹੈ ਦੇ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿਚ ਚਾਲੂ ਵਿਦਿਅਕ ਸੈਸ਼ਨ ਦੌਰਾਨ ਜਿਲ੍ਹੇ 'ਚ 3866 ਵਿਦਿਆਰਥਣਾਂ ਨੂੰ 01 ਕਰੋੜ 01 ਲੱਖ 48 ਹਜ਼ਾਰ 250 ਰੁਪਏ ਦੀ ਰਾਸ਼ੀ ਦੇ ਮੁਫਤ ਸਾਇਕਲ ਵੰਡੇ ਜਾਣਗੇ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਤੇਜਿੰਦਰਪਾਲ ਸਿੰਘ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਜਿਲ੍ਹੇ 'ਚ ਵਿਦਿਆਰਥਣਾਂ ਨੂੰ ਮੁਫਤ ਸਾਇਕਲ ਵੰਡਣ ਦਾ ਕੰਮ ਜਾਰੀ ਹੈ ਅਤੇ ਇਸ ਸਾਲ ਹੁਣ ਤੱਕ 26 ਲੱਖ 25 ਹਜਾਰ ਰੁਪਏ ਦੇ 1000 ਵਿਦਿਆਰਥਣਾਂ ਨੂੰ ਮੁਫਤ ਸਾਇਕਲ ਪ੍ਰਦਾਨ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਸਾਇਕਲ ਵੰਡਣ ਦਾ ਕੰਮ ਜਲਦੀ ਹੀ ਮੁਕੰਮਲ ਕਰ ਲਿਆ ਜਾਵੇਗਾ ।ਸ੍ਰੀ ਸਿੱਧੂ ਨੇ ਦੱਸਿਆ ਕਿ ਇਸ ਵਿਦਿਅਕ ਸੈਸ਼ਨ ਦੌਰਾਨ 11 ਵੀਂ ਜਮਾਤ ਵਿਚ ਪੜ੍ਹਦੀਆਂ 2084 ਵਿਦਿਅਰਥਣਾਂ ਨੂੰ 54 ਲੱਖ 70 ਹਜ਼ਾਰ 500 ਰੁਪਏ ਦੀ ਰਾਸ਼ੀ ਦੇ ਸਾਈਕਲ ਮੁਫਤ ਵੰਡੇ ਜਾਣਗੇ ਅਤੇ 12 ਵੀਂ ਜਮਾਤ ਵਿਚ ਪੜ੍ਹ ਰਹੀਆਂ 1782 ਵਿਦਿਆਰਥਣਾਂ ਨੂੰ 46 ਲੱਖ 77 ਹਜ਼ਾਰ 750 ਰੁਪਏ ਦੀ ਰਾਸ਼ੀ ਦੇ ਮੁਫਤ ਸਾਇਕਲ ਵੰਡੇ ਜਾਣਗੇ ।
ਸ੍ਰੀ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਵਿਦਿਆ ਸਕੀਮ ਤਹਿਤ ਸ਼ੁਰੂ ਕੀਤੀ ਗਈ ਸਕੂਲੀ ਵਿਦਿਆਰਥਣਾ ਨੂੰ ਮੁਫਤ ਸਾਇਕਲ ਦੇਣ ਦੀ ਸਕੀਮ ਵਿਦਿਆਰਥਣਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਉਨਾਂ੍ਹ ਦੱਸਿਆ ਕਿ ਕਈ ਵਿਦਿਆਰਥਣਾਂ ਦਸਵੀਂ ਜਮਾਤ ਕਰਨ ਉਪਰੰਤ ਆਪਣੀ ਪੜ੍ਹਾਈ ਛੱਡ ਦਿੰਦੀਆਂ ਸਨ ਕਿਉਂਕਿ ਉਨਾਂ ਕੋਲ ਸਕੂਲ ਜਾਣ ਲਈ ਸਾਧਨ ਉਪਲੱਭਧ ਨਹੀਂ ਸੀ ਹੁੰਦਾ। ਪੰਜਾਬ ਸਰਕਾਰ ਨੇ ਵਿਦਿਆਰਥਣਾਂ ਦੀ ਸਕੂਲ ਆਉਣ ਜਾਣ ਦੀ ਸਮੱਸਿਆ ਦੇ ਹੱਲ ਲਈ ਇਹ ਸਕੀਮ ਸ਼ੁਰੂ ਕੀਤੀ ਗਈ ਸੀ।ਇਥੇ ਇਹ ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਚਾਲੂ ਮਾਲੀ ਸਾਲ ਦੌਰਾਨ ਮਾਈ ਭਾਗੋ ਵਿਦਿਆ ਸਕੀਮ ਤਹਿਤ ਸਰਕਾਰੀ ਸਕੂਲਾਂ ਵਿੱਚ ਪੜ੍ਹਦੀਆਂ 1 ਲੱਖ 52 ਹਜ਼ਾਰ ਦੇ ਕਰੀਬ 11ਵੀਂ ਅਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ 40 ਕਰੋੜ ਰੁਪਏ ਦੀ ਲਾਗਤ ਵਾਲੇ ਸਾਈਕਲ ਮੁਫ਼ਤ ਮੁਹੱਈਆ ਕਰਵਾਏ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਸਾਲ 2011-12 ਵਿੱਚ ਮਾਈ ਭਾਗੋ ਵਿਦਿਆ ਸਕੀਮ ਤਹਿਤ 11ਵੀਂ ਅਤੇ 12ਵੀਂ ਜਮਾਤ ਦੀਆਂ 1 ਲੱਖ 11 ਹਜ਼ਾਰ 50 ਵਿਦਿਆਰਥਣਾਂ ਨੂੰ 30 ਕਰੋੜ ਰੁਪਏ ਦੇ ਸਾਈਕਲ ਮੁਫ਼ਤ ਦਿੱਤੇ ਗਏ ਅਤੇ ਸਾਲ 2013-14 ਵਿੱਚ 1 ਲੱਖ 52 ਹਜ਼ਾਰ 330 ਵਿਦਿਆਰਥਣਾਂ ਨੂੰ 41 ਕਰੋੜ 75 ਲੱਖ ਰੁਪਏ ਦੇ ਸਾਈਕਲ ਮੁਫ਼ਤ ਮੁਹੱਈਆ ਕਰਵਾਏ ਗਏ।