5 Dariya News

ਯੁਵਕ ਤੇ ਵਿਰਾਸਤੀ ਮੇਲੇ ਨੌਜਵਾਨਾਂ ਦੀ ਪ੍ਰਤਿਭਾ ਨਿਖ਼ਾਰਨ 'ਚ ਸਹਾਈ ਸਿੱਧ ਹੁੰਦੇ ਹਨ-ਰਾਜਪਾਲ

ਨੌਜਵਾਨਾਂ ਨੂੰ ਵਿਅਕਤੀਤਵ ਵਿੱਚ ਚੰਗੀਆਂ ਆਦਤਾਂ ਅਤੇ ਹਾਂ ਪੱਖੀ ਸੋਚ ਦਾ ਵਿਸਤਾਰ ਕਰਨ ਦਾ ਸੱਦਾ

5 Dariya News (ਅਜੇ ਪਾਹਵਾ)

ਲੁਧਿਆਣਾ 04-Oct-2015

ਪੰਜਾਬ ਦੇ ਰਾਜਪਾਲ ਪ੍ਰੋਫੈਸਰ  ਕਪਤਾਨ ਸਿੰਘ ਸੋਲੰਕੀ ਨੇ ਕਿਹਾ ਹੈ ਕਿ ਯੁਵਕ ਅਤੇ ਵਿਰਾਸਤੀ ਮੇਲੇ ਜਿੱਥੇ ਨੌਜਵਾਨ ਮਨਾਂ ਨੂੰ ਜਿੱਥੇ ਤਰੋਤਾਜ਼ਾ ਕਰਨ 'ਚ ਸਹਾਈ ਸਿੱਧ ਹੁੰਦੇ ਹਨ, ਉਥੇ ਆਪਣੀ ਪ੍ਰਤਿਭਾ ਨੂੰ ਦਿਖਾਉਣ ਅਤੇ ਉਸ ਵਿੱਚ ਹੋਰ ਨਿਖ਼ਾਰ ਲਿਆਉਣ ਵਿੱਚ ਵੀ ਅਹਿਮ ਰੋਲ ਅਦਾ ਕਰਦੇ ਹਨ। ਅੱਜ ਸਥਾਨਕ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਵਿਖੇ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦਿਆਂ ਪ੍ਰੋ. ਸੋਲੰਕੀ ਨੇ ਕਿਹਾ ਕਿ ਕਈ ਨੌਜਵਾਨ ਅਜਿਹੇ ਮੇਲਿਆਂ ਵਿੱਚ ਆਪਣੀ ਪ੍ਰਤਿਭਾ ਨੂੰ ਤਲਾਸ਼ਣ ਅਤੇ ਨਿਖ਼ਾਰਨ ਵਿੱਚ ਸਫ਼ਲ ਰਹਿੰਦੇ ਹਨ, ਜੋ ਕਿ ਬਾਅਦ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਸ਼ੇਸ਼ ਨਾਮਣਾ ਖੱਟਦੇ ਹਨ।ਉਨ੍ਹਾਂ ਕਮਲਾ ਲੋਹਟੀਆ ਸਨਾਤਨ ਧਰਮ ਕਾਲਜ ਦੇ ਵਿਹੜੇ ਵਿੱਚ ਇਹ ਯੁਵਕ ਤੇ ਵਿਰਾਸਤੀ ਮੇਲਾ ਕਰਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਦੇ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ। 

ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਦੇਸ਼ ਦੀ ਭਵਿੱਖ ਦੀ ਸੁਨਹਿਰੀ ਆਸ ਅਤੇ ਊਰਜਾ ਹੈ। ਨੌਜਵਾਨਾਂ ਨੂੰ ਆਪਣੇ ਵਿਅਕਤੀਤਵ ਵਿੱਚ ਚੰਗੀਆਂ ਆਦਤਾਂ ਅਤੇ ਹਾਂ ਪੱਖੀ ਸੋਚ ਦਾ ਵਿਸਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਮੇਲਿਆਂ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਦੇ ਨਾਲ-ਨਾਲ ਚੰਗੇ ਦਰਸ਼ਕ ਵਜੋਂ ਵੀ ਸ਼ਮੂਲੀਅਤ ਕਰਿਆ ਕਰਨ। ਨੌਜਵਾਨ ਦੇਸ਼ ਦੇ ਵਿਕਾਸ ਵਿੱਚ ਬਹੁਤ ਵਧੀਆ ਭੂਮਿਕਾ ਅਦਾ ਕਰ ਸਕਦੇ ਹਨ।ਇਸ ਮੌਕੇ ਉਨ੍ਹਾਂ ਨੇ ਇਸ ਮੇਲੇ ਵਿੱਚ ਭਾਗ ਲੈਣ ਵਾਲੇ ਕੁਝ ਪ੍ਰਤੀਭਾਗੀਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਨਰਿੰਦਰ ਭਾਰਗਵ, ਐੱਸ. ਡੀ. ਐੱਮ. ਸ੍ਰੀ ਸੰਜਮ ਅਗਰਵਾਲ, ਪ੍ਰਸਿੱਧ ਉੱਦਮੀ ਸ੍ਰੀ ਮਨੋਹਰ ਸਿੰਗਲਾ, ਸ੍ਰੀ ਮਦਨ ਗੋਇਲ, ਸ੍ਰੀ ਰਜਨੀਸ਼ ਜੈਨ, ਗਵਰਨਰ ਦੇ ਜੁਆਇੰਟ ਡਾਇਰੈਕਟਰ ਸ੍ਰ. ਨਗਿੰਦਰ ਸਿੰਘ, ਕਾਲਜ ਦੇ ਪ੍ਰਿੰਸੀਪਲ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਹਾਜ਼ਰ ਸਨ।