ਸ਼ਹਿਰੀ ਸਿਹਤ ਕੇਂਦਰਾਂ ਦੇ ਸੁਧਾਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ : ਸੁਰਜੀਤ ਕੁਮਾਰ ਜਿਆਣੀ
ਸਿਹਤ ਮੰਤਰੀ ਨੇ ਪੰਜਾਬ ਭਰ ਦੇ ਡਿਪਟੀ ਮੈਡੀਕਲ ਕਮਿਸ਼ਨਰਾਂ ਦੇ ਨਾਲ ਕੀਤੀ ਬੈਠਕ
5 Dariya News
ਚੰਡੀਗੜ੍ਹ 25-Sep-2015
ਸ਼ਹਿਰੀ ਸਿਹਤ ਸੰਸਥਾਵਾਂ ਵਿੱਚ ਹੋਰ ਸੁਧਾਰ ਕੀਤੇ ਜਾਣ ਅਤੇ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਇਹ ਨਿਰਦੇਸ਼ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣਾ ਨੇ ਪੰਜਾਬ ਭਰ ਤੋਂ ਆਏ ਡਿਪਟੀ ਮੈਡੀਕਲ ਕਮਿਸ਼ਨਰਾਂ ਨਾਲ ਬੈਠਕ ਦੌਰਾਨ ਦਿੱਤੇ। ਇਸ ਬੈਠਕ ਵਿੱਚ ਸਿਹਤ ਵਿਭਾਗ ਪੰਜਾਬ ਦੇ ਉਚ ਅਧਿਕਾਰੀ ਵੀ ਮੌਜੂਦ ਰਹੇ। ਇਸ ਦੌਰਾਨ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਵਿੱਚ ਖੋਲ੍ਹੇ ਗਈਆਂ ਸਿਹਤ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਨਾਲ ਸ਼ੁਰੂ ਕਰ ਦਿੱਤਾ ਜਾਵੇ। ਇਸੇ ਤਰ੍ਹਾਂ ਸ਼ਹਿਰੀ ਸਿਹਤ ਸੰਸਥਾਵਾਂ ਵਿੱਚ ਓ.ਪੀ.ਡੀ. ਵਧਾਉਣ ਦੇ ਲਈ ਉਪਰਾਲੇ ਕੀਤੇ ਜਾਣ ਅਤੇ ਜ਼ਰੂਰਤਮੰਦ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਆਸ਼ਾ ਦੇ ਜ਼ਰਿਏ ਸਿਹਤ ਸਬੰਧੀ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਲੋਕਾਂ ਨੂੰ ਸਿਹਤ ਸਕੀਮਾਂ, ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰੀ ਸਲੱਮ ਏਰਿਆ ਵਿੱਚ ਮਹਿਲਾ ਅਰੋਗਿਆ ਸਮਿਤੀ ਦਾ ਗਠਨ ਕਰਨਾ ਯਕੀਨੀ ਬਣਾਇਆ ਜਾਵੇ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕਿਹਾ ਕਿ ਸ਼ਹਿਰੀ ਸਲੱਮ ਏਰਿਆ ਵਿੱਚ ਲਗਾਏ ਜਾਣ ਵਾਲੇ ਆਉਟਰੀਚ ਕੈਂਪ ਵਿੱਚ ਵੱਧ ਤੋਂ ਵੱਧ ਜ਼ਰੂਰਤਮੰਦ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਸੰਖਿਆ ਵਿੱਚ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਸਿਹਤ ਸੁਵਿਧਾਵਾਂ ਦਾ ਲੋਕ ਲਾਭ ਲੈ ਸਕਣ। ਇਨ੍ਹਾਂ ਸ਼ਹਿਰੀ ਸਲੱਮ ਬਸਤੀਆਂ ਵਿੱਚ ਹਰ ਮਹੀਨੇ ਚਾਰ ਆਉਟਰੀਚ ਕੈਂਪ ਲਗਾਏ ਜਾਣ, ਜਿਨ੍ਹਾਂ ਵਿੱਚ ਸਪੈਸ਼ਲਿਸਟ ਡਾਕਟਰਾਂ ਨੂੰ ਸ਼ਾਮਿਲ ਕੀਤਾ ਜਾਵੇ।
ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦੱਸਿਆ ਕਿ ਸ਼ਹਿਰੀ ਸਲੱਮ ਬਸਤੀਆਂ ਵਿੱਚ ਜਿਥੇ ਜ਼ਰੂਰਤ ਹੈ, ਉਥੇ ਅਰਬਨ ਪ੍ਰਾਈਮਰੀ ਸਿਹਤ ਕੇਂਦਰ ਖੋਲ੍ਹੇ ਜਾਣ। ਜਿਨ੍ਹਾਂ ਸ਼ਹਿਰਾਂ ਵਿੱਚ ਜਗ੍ਹਾਂ ਦੀ ਸਮੱਸਿਆ ਆ ਰਹੀ ਹੈ, ਉਥੋਂ ਦੇ ਵਿਧਾਇਕ, ਜਨ ਪ੍ਰਤਿਨਿਧੀ, ਮੇਅਰ/ਨਗਰ ਕੌਂਸਲ ਦੇ ਪ੍ਰਧਾਨਾਂ ਅਤੇ ਹੋਰ ਆਗੂਆਂ ਨਾਲ ਸੰਪਰਕ ਕੀਤਾ ਜਾਵੇ ਅਤੇ ਜ਼ਮੀਨ ਦਾ ਇੰਤਜ਼ਾਮ ਕੀਤਾ ਜਾਵੇ ਅਤੇ ਜਿਥੇ ਜਗ੍ਹਾਂ ਨਹੀਂ ਮਿਲ ਰਹੀ ਉਥੇ ਕਿਓਸਕ (ਖੋਕੇ) ਖੋਲ੍ਹੇ ਜਾਣ। ਜੇਕਰ ਫਿਰ ਵੀ ਕਿਸੇ ਜਗ੍ਹਾਂ ਸਮੱਸਿਆ ਆਉਂਦੀ ਹੈ ਤਾਂ ਸਿੱਧਾ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਸ਼ਹਿਰੀ ਸਿਹਤ ਕੇਂਦਰਾਂ ਪੰਜਾਬ ਭਰ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੇ ਲਈ ਜਲਦ ਹੀ ਭਰਤੀ ਪ੍ਰਕਿਰਿਆ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਵਿੱਚ ਡਾਕਟਰਾਂ ਨੂੰ ਭਰਤੀ ਕਰਨ ਲਈ ਇਸ਼ਤਿਹਾਰ ਵੀ ਜਲਦ ਹੀ ਜਾਰੀ ਕੀਤਾ ਜਾਵੇਗਾ। ਸਲੱਮ ਬਸਤੀਆਂ ਦੇ ਵਿੱਚ ਸਪੈਸ਼ਲ ਕਿਓਸਕ (ਖੋਕੇ) ਲਈ ਵੀ ਜਲਦੀ ਹੀ ਏ.ਐਨ.ਐਮ. ਦੀ ਤੈਨਾਤੀ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਮੁੱਢਲੀਆਂ ਸਿਹਤ ਸਹੁਲਤਾਂ ਦੇ ਲਈ ਕੋਈ ਪਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਲੇਬਰ ਵਿਭਾਗ ਦੇ ਨਾਲ ਤਾਲਮੇਲ ਕਰਕੇ ਮਜ਼ਦੂਰਾਂ ਦੀ ਜਾਂਚ ਕਰਨ ਦੇ ਲਈ ਵੀ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਪ੍ਰਮੁੱਖ ਸਕੱਤਰ ਨੇ ਸਾਰੇ ਡੀ.ਐਮ.ਸੀ. ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸ਼ਹਿਰੀ ਸਿਹਤ ਕੇਂਦਰਾਂ ਦੀ ਰੈਗੂਲਰ ਮੋਨੀਟਰਿੰਗ ਕੀਤੀ ਜਾਵੇ ਅਤੇ ਸਾਰੀਆਂ ਸਿਹਤ ਸੁਵਿਧਾਵਾਂ ਮੌਜੂਦ ਹੋਣ। ਸ਼ਹਿਰੀ ਸਿਹਤ ਕੇਂਦਰਾਂ ਵਿੱਚ ਬੇਸਿਕ ਲੈਬ ਟੈਸਟ ਕੀਤੇ ਜਾਣ। ਏ.ਐਨ.ਐਮ. ਦਾ ਖੇਤਰ ਵੀ ਵੰਡਿਆ ਜਾਵੇ ਅਤੇ ਅਜਿਹਾ ਕੋਈ ਖੇਤਰ ਨਾ ਰਹੇ, ਜੋ ਏ.ਐਨ.ਐਮ. ਨੂੰ ਨਾ ਵੰਡਿਆ ਗਿਆ ਹੋਵੇ। ਇਸੇ ਤਰ੍ਹਾਂ ਸ਼ਹਿਰੀ ਪ੍ਰਾਈਮਰੀ ਸਿਹਤ ਕੇਂਦਰਾਂ ਵਿੱਚ ਹਫ਼ਤਾਵਰੀ ਸਿਹਤ ਤੇ ਪੋਸ਼ਣ ਦਿਵਸ ਮਨਾਇਆ ਜਾਵੇ, ਜਿਸ ਵਿੱਚ ਗਰਭਵਤੀ ਮਾਵਾਂ ਤੇ ਬੱਚਿਆਂ ਨੂੰ ਸਾਰੀਆਂ ਸਿਹਤ ਸਹੂਲਤਾਂ ਮੁਹੱਇਆ ਕਰਵਾਉਣੀਆਂ ਯਕੀਨੀ ਬਣਾਈਆਂ ਜਾਣ।
ਸਿਹਤ ਸਕੱਤਰ ਤੇ ਨੈਸ਼ਨਲ ਹੈਲਥ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਸ੍ਰੀ ਹੁਸਨ ਲਾਲ ਨੇ ਕਿਹਾ ਕਿ ਕਿਸੇ ਵੀ ਅਰਬਨ ਪ੍ਰਾਈਮਰੀ ਸਿਹਤ ਕੇਂਦਰਾਂ ਵਿੱਚ ਦਵਾਈਆਂ ਦੀ ਕੋਈ ਕਮੀ ਨਹੀਂ ਹੈ। ਰਾਜ ਦੇ ਵੇਅਰਹਾਉਸ ਵਿੱਚ ਦਵਾਈਆਂ ਦਾ ਪੂਰਾ ਸਟਾਕ ਹੈ। ਜੇਕਰ ਕਿਸੇ ਵੀ ਸ਼ਹਿਰੀ ਪ੍ਰਾਈਮਰੀ ਸਿਹਤ ਕੇਂਦਰ ਵਿੱਚ ਦਵਾਈ ਖਤਮ ਹੋ ਜਾਂਦੀ ਹੈ ਤਾਂ ਉਥੇ ਨਜ਼ਦੀਕੀ ਅਰਬਨ ਪ੍ਰਾਈਮਰੀ ਸਿਹਤ ਕੇਂਦਰ ਤੋਂ ਦਵਾਈ ਮੰਗਵਾ ਲਈ ਜਾਵੇ। ਇਸੇ ਤਰ੍ਹਾਂ ਆਉਟਰੀਚ ਕੈਂਪਾਂ ਵਿੱਚ ਦਵਾਈਆਂ ਜ਼ਰੂਰਤ ਤੋਂ 25 ਪ੍ਰਤਿਸ਼ਤ ਜ਼ਿਆਦਾ ਮੰਗਵਾ ਲਈ ਜਾਵੇ ਤਾਂਕਿ ਮੌਕੇ ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਕਮੀ ਨਾ ਆਵੇ ਅਤੇ ਲੋਕਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਤਰ੍ਹਾਂ ਸ਼ਹਿਰੀ ਸਲੱਮ ਬਸਤੀਆਂ ਵਿੱਚ ਲੱਗਣ ਵਾਲੇ ਆਉਟਰੀਚ ਕੈਂਪ ਜਿਸ ਵਿੱਚ ਜ਼ਰੂਰਤਮੰਦ ਅੱਤ ਗਰੀਬ ਲੋਕ ਜਿਵੇਂ ਸੜ੍ਹਕਾਂ ਦੇ ਰਹਿਣ ਵਾਲੇ ਲੋਕ, ਟਪਰੀਵਾਸ, ਦਿਹਾੜੀਦਾਰ ਮਜ਼ਦੂਰ ਤੇ ਹੋਰ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ। ਇਸ ਦੌਰਾਨ ਚਮੜੀ ਦੇ ਰੋਗਾਂ, ਔਰਤਾਂ ਅਤੇ ਬੱਚਿਆਂ ਦੇ ਮਾਹਿਰ ਡਾਕਟਰਾਂ ਤੇ ਹੋਰ ਸਪੈਸ਼ਲਿਸਟ ਡਾਕਟਰਾਂ ਦੇ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਤੇ ਡਾਇਰੈਕਟਰ ਹੈਲਥ ਸਰਵਿਸਸ ਡਾ. ਭਾਗ ਮਲ, ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਐਚ.ਐਸ. ਬਾਲੀ, ਨੈਸ਼ਨਲ ਹੈਲਥ ਮਿਸ਼ਨ ਦੇ ਡਾਇਰੈਕਟਰ ਡਾ. ਸ਼ਸ਼ੀ ਕਾਂਤ ਤੋਂ ਇਲਾਵਾ ਰਾਜ ਪੱਧਰ ਦੇ ਵੱਖ-ਵੱਖ ਪ੍ਰੋਗਰਾਮ ਅਫ਼ਸਰ ਮੌਜੂਦ ਰਹੇ।