ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ 'ਤੇ ਪੰਜਾਬ ਸਰਕਾਰ ਵੱਲੋਂ ਸ਼ਰਧਾਂਜਲੀ ,ਪਿੰਡ ਸਰਾਭਾ ਦੇ ਵਿਕਾਸ ਲਈ 3 ਕਰੋੜ ਰੁਪਏ ਦੀ ਰਾਸ਼ੀ ਜਾਰੀ
ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕਰਵਾਏ ਵਿਕਾਸ ਕਾਰਜ ਸ਼ੁਰੂ ,ਸ਼ਹੀਦੀ ਸ਼ਤਾਬਦੀ ਪੰਜਾਬ ਸਰਕਾਰ ਸਰਕਾਰੀ ਪੱਧਰ 'ਤੇ ਮਨਾਏਗੀ-ਇਯਾਲੀ
5 Dariya News (ਅਜੇ ਪਾਹਵਾ)
ਸਰਾਭਾ (ਲੁਧਿਆਣਾ) 25-Sep-2015
ਦੇਸ਼ ਦੀ ਅਜ਼ਾਦੀ ਲਈ ਜੀਵਨ ਨਿਸ਼ਾਵਰ ਕਰਨ ਵਾਲੇ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਨੇ ਪਿੰਡ ਸਰਾਭਾ ਦੇ ਵਿਕਾਸ ਲਈ ਤਿੰਨ ਕਰੋੜ ਰੁਪਏ ਖਰਚਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ 16 ਨਵੰਬਰ 2015 ਨੂੰ ਮਨਾਏ ਜਾ ਰਹੇ ਸ਼ਹੀਦੀ ਸ਼ਤਾਬਦੀ ਸਮਾਗਮ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਦੇ ਤੌਰ 'ਤੇ ਮਨਾਇਆ ਜਾਵੇਗਾ।ਇਸ ਰਾਸ਼ੀ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਆਰੰਭ ਅੱਜ ਹਲਕਾ ਵਿਧਾਇਕ ਸ੍ਰ. ਮਨਪ੍ਰੀਤ ਸਿੰਘ ਇਯਾਲੀ ਨੇ ਕਰਵਾਇਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਰੱਖੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਇਯਾਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਕੁਰਬਾਨੀ ਨੂੰ ਮੱਦੇਨਜ਼ਰ ਰੱਖਦਿਆਂ ਤਿੰਨ ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ, ਜਿਸ ਵਿੱਚੋਂ 2 ਕਰੋੜ ਰੁਪਏ ਨਾਲ ਪਿੰਡ ਦੇ ਖੇਡ ਸਟੇਡੀਅਮ ਨੂੰ ਅਪਗ੍ਰੇਡ ਕੀਤਾ ਜਾਵੇਗਾ, ਜਦਕਿ ਇੱਕ ਕਰੋੜ ਰੁਪਏ ਨਾਲ ਪਿੰਡ ਦੀ ਰਹਿੰਦੀ ਫਿਰਨੀ (ਸੜਕ) ਨੂੰ 18 ਫੀਟ ਚੌੜਾ ਕੀਤਾ ਜਾਵੇਗਾ। ਪਿੰਡ ਦੇ ਵਿਕਾਸ ਕਾਰਜਾਂ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ, ਜੋ ਕਿ ਅਗਲੇ ਇੱਕ ਸਾਲ ਵਿੱਚ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਪਿੰਡ ਦੇ ਵਿਕਾਸ ਲਈ ਪਹਿਲਾਂ ਹੀ ਕਰੀਬ 1.25 ਕਰੋੜ ਰੁਪਏ ਪਿਛਲੇ ਸਮੇਂ ਦੌਰਾਨ ਖਰਚੇ ਜਾ ਚੁੱਕੇ ਹਨ।
ਸ੍ਰ. ਇਯਾਲੀ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਸ਼ਹੀਦ ਸਰਾਭਾ ਦੀ 16 ਨਵੰਬਰ 2015 ਨੂੰ ਆ ਰਹੀ ਸ਼ਹੀਦੀ ਸ਼ਤਾਬਦੀ ਨੂੰ ਪੰਜਾਬ ਸਰਕਾਰ ਨੇ ਰਾਜ ਪੱਧਰੀ ਸਮਾਗਮ ਦੇ ਤੌਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ, ਜਿਸ ਲਈ ਜ਼ਿਲ੍ਹਾ ਪ੍ਰਸਾਸ਼ਨ ਨੇ ਪਹਿਲਾਂ ਹੀ ਤਿਆਰੀਆਂ ਆਰੰਭੀਆਂ ਹੋਈਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਾਲ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੇ ਕੁਝ ਮੁਕਾਬਲੇ ਪਿੰਡ ਸਰਾਭਾ ਦੇ ਖੇਡ ਸਟੇਡੀਅਮ ਵਿੱਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਦੇ ਲੋਕਾਂ ਦੀਆਂ ਸਰਕਾਰੀ ਕੰਮਾਂ ਕਾਰਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰੀ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਪਿੰਡਾਂ ਵਿੱਚ ਸੇਵਾ ਕੇਂਦਰ ਖੋਲ੍ਹਣੇ ਸ਼ੁਰੂ ਕੀਤੇ ਹੋਏ ਹਨ, ਜਿਸ ਤਹਿਤ ਪਿੰਡ ਸਰਾਭਾ ਵਿੱਚ ਵੀ ਸੇਵਾ ਕੇਂਦਰ ਅਗਲੇ ਮਹੀਨੇ ਖੁੱਲ੍ਹ ਰਿਹਾ ਹੈ, ਜਿੱਥੇ ਕਿ 200 ਜਨਤਕ ਸੇਵਾਵਾਂ ਇੱਕੋ ਛੱਤ ਹੇਠੋਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਸੇਵਾ ਕੇਂਦਰ ਦੇ ਨਾਲ ਲੋਕਾਂ ਦੀ ਸਹੂਲਤ ਲਈ ਬੈਂਕ ਏ. ਟੀ. ਐੱਮ. ਵੀ ਖੁਲਵਾਇਆ ਜਾਵੇ।
ਸ੍ਰ. ਇਯਾਲੀ ਨੇ ਐਲਾਨ ਕੀਤਾ ਕਿ ਅਗਲੇ ਸਾਲ ਦੇ ਸਾਰੇ ਵਿਕਾਸ ਅਤੇ ਹੋਰ ਕਾਰਜ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤੇ ਜਾਣਗੇ। ਉਨ੍ਹਾਂ ਪਿੰਡ ਵਾਸੀਆਂ ਦੀ ਮੰਗ 'ਤੇ ਮੌਕੇ 'ਤੇ ਕਾਰਵਾਈ ਕਰਦਿਆਂ ਭਰੋਸਾ ਦਿੱਤਾ ਕਿ ਪੰਚਾਇਤ ਮਤਾ ਪਾ ਕੇ ਦੇਵੇ ਤਾਂ ਉਹ ਛੱਪੜ ਦੀ ਸਫਾਈ ਦਾ ਕੰਮ ਪਹਿਲ ਦੇ ਆਧਾਰ 'ਤੇ ਕਰਵਾ ਕੇ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਪਰਮਿੰਦਰ ਸਿੰਘ ਰੰਗੀਆਂ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸਰਪੰਚ ਜਗਜੀਤ ਕੌਰ, ਸਾਬਕਾ ਸਰਪੰਚ ਸ੍ਰ. ਪ੍ਰੇਮਜੀਤ ਸਿੰਘ, ਸ੍ਰ. ਗੁਰਦੀਪ ਸਿੰਘ ਉਪ ਚੇਅਰਮੈਨ ਬਲਾਕ ਸੰਮਤੀ, ਕਲੱਬ ਪ੍ਰਧਾਨ ਸ੍ਰ. ਕੁਲਦੀਪ ਸਿੰਘ ਅਤੇ ਹੋਰ ਹਾਜ਼ਰ ਸਨ।