5 Dariya News

ਖੂਨ ਦਾ ਰਿਸ਼ਤਾ

5 Dariya News ( ਜਸਬੀਰ ਸਿੰਘ 'ਤੇਗ')

25-Sep-2015

ਬੇਟੀਆਂ ਨੂੰ ਪਰਾਇਆ ਧਨ ਕਹਿ ਕੇ ਆਮ ਹੀ ਪਰਿਵਾਰਾਂ ਵਿੱਚ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾਂਦਾ। ਕੁਝ ਦਿਨ ਪਹਿਲਾਂ ਹੀ ਮੇਰੇ ਦੋਸਤ (ਸ੍ਰ. ਗੁਰਪ੍ਰੀਤ ਸਿੰਘ) ਨੇ ਦੱਸਿਆ ਉਹਨਾਂ ਦੇ ਦੋ ਬੱਚੇ ਹਨ, ਇੱਕ ਬੇਟਾ ਤੇ ਇੱਕ  ਬੇਟੀ। ਸਾਰੇ ਮਾਪਿਆਂ ਨੂੰ ਆਪਣੇ ਬੱਚੇ ਪਿਆਰੇ ਹੁੰਦੇ ਹਨ। ਗੁਰਪ੍ਰੀਤ ਸਿੰਘ ਨੇ ਲੜਕੇ ਤੇ ਲੜਕੀ ਵਿੱਚ ਕਦੀ ਕੋਈ ਫਰਕ ਨਹੀਂ ਸਮਝਿਆ। ਉਹਨਾਂ ਨੇ ਲੜਕੀ ਦੇ ਜਨਮ ਤੇ ਵੀ ਉਸੇ ਤਰ੍ਹਾਂ ਖੁਸ਼ੀ ਮਨਾਈ ਜਿਸ ਤਰ੍ਹਾਂ ਪਹਿਲਾਂ ਲੜਕੇ ਦੇ ਜਨਮ ਤੇ ਮਨਾਈ ਸੀ ਤੇ ਬੇਟੀ ਦਾ ਨਾਮ ਖੁਸ਼ਪ੍ਰੀਤ ਕੌਰ ਰੱਖਿਆ। ਛੋਟੇ ਹੁੰਦਿਆਂ ਖੁਸ਼ਪ੍ਰੀਤ ਬੀਮਾਰ ਹੋ ਗਈ। ਚੈਕਅਪ ਕਰਾਉਣ ਤੇ ਡਾਕਟਰ ਨੇ ਦੱਸਿਆ ਕਿ ਇਸ ਵਿੱਚ ਖੂਨ ਦੀ ਘਾਟ ਹੈ।ਖੂਨ ਚੜਾਉਣਾ ਪਵੇਗਾ।ਜਦੋਂ ਉਹਨਾਂ (ਗੁਰਪ੍ਰੀਤ) ਨੇ ਘਰ ਵਿੱਚ ਦੱਸਿਆ ਤਾਂ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਖੂਨ ਚੜਾਉਣ ਲਈ ਸਹਿਮਤ ਨਾ ਹੋਇਆ ਤੇ ਬੇਟੀ ਨੂੰ ਦਵਾਈਆਂ ਦੇਣ ਲਈ ਕਿਹਾ।ਪਰ ਬੇਟੀ ਦਾ ਬਾਪ (ਗੁਰਪ੍ਰੀਤ) ਨਾ ਮੰਨਿਆ ਤੇ ਆਪਣਾ ਖੂਨ ਆਪਣੇ ਜਿਗਰ ਦੇ ਟੁਕੜੇ ਨੂੰ ਦੇਣ ਲਈ ਤਿਆਰ ਹੋ ਗਿਆ।ਬੇਟੀ ਨੂੰ ਖੂਨ ਦੇਣ ਲਈ ਸਿਰਫ ਮਾਂ ਤੇ ਬਾਪ ਹੀ ਸਹਿਮਤ ਸਨ।ਬੇਟੀ ਨੂੰ ਬਾਪ ਨੇ ਆਪਣਾ ਖੂਨ ਦਿੱਤਾ ਤੇ ਬੇਟੀ ਨੌ-ਬਰ-ਨੌ ਹੋ ਗਈ। 

ਪਿਤਾ ਦਾ ਲਹੂ ਪੀਣ ਦਾ ਮਖੋਲ ਰਿਸ਼ਤੇਦਾਰ ਅੱਜ ਵੀ ਬੇਟੀ ਨੂੰ ਕਰਦੇ ਹਨ, ਪਰ ਬਾਪ ਲਈ ਬੇਟੀ ਆਪਣੇ ਤੋਂ ਵੀ ਵੱਧ ਕੇ ਪਿਆਰੀ ਹੈ। ਹੁਣ ਬਾਪ ਬੇਟੀ ਦਾ ਪਿਆਰ ਵੇਖਿਆਂ ਹੀ ਬਣਦਾ ਹੈ। ਦੋਵੇਂ ਇਕੱ ਦੂਜੇ ਤੋਂ ਬਿਨ੍ਹਾਂ ਨਹੀਂ ਰਹਿੰਦੇ।ਅੱਜ ਉਹ ਬੇਟੀ ਬਾਪ ਤੋਂ ਤੋਤਲੀ ਜੁਬਾਨ ਨਾਲ ਕੁਝ ਮੰਗ ਲਏ ਭਾਵੇਂ ਅੱਧੀ ਰਾਤ ਹੋਵੇ ਬਾਪ ਉਸੇ ਵੇਲੇ ਉਸ ਮੰਗ ਨੂੰ ਪੂਰਾ ਕਰਨ ਲਈ ਤਤਪਰ ਹੋ ਜਾਂਦਾ ਹੈ।ਇਸ ਘਟਨਾ ਨੇ ਮੇਰੇ ਤੇ ਡੂੰਘਾ ਪ੍ਰਭਾਵ ਛੱਡਿਆ। ਇਹ ਸਭ ਕੁਝ ਦੇਖ ਕੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਅਗਰ ਅਸੀਂ ਬੇਟੀਆਂ ਨੂੰ ਪਰਿਵਾਰ ਵਿੱਚ ਪੂਰਾ ਮਾਣ ਸਤਿਕਾਰ ਦੇਵਾਂਗੇ ਤਾਂ ਉਹ ਵੀ ਸਾਰੀ ਜਿੰਦਗੀ ਆਪਣੀ ਜਾਨ ਨਿਸ਼ਾਵਰ ਕਰਦੀਆਂ ਰਹਿਣਗੀਆਂ ਮਾਂ-ਬਾਪ ਤੋਂ।ਇਹ ਘਟਨਾ ਇੱਕ ਮਿਸਾਲ ਭਰੂਣ ਹੱਤਿਆ ਕਰਨ ਵਾਲਿਆਂ ਦੇ ਮੂੰਹ ਤੇ ਚਪੇੜ ਦਾ ਕੰਮ ਕਰੇਗੀ।ਅੱਜ ਕਲ੍ਹ ਜਿਨਾਂ ਹਿੱਤ ਲੜਕੀਆਂ ਆਪਣੇ ਮਾਂ-ਬਾਪ ਨਾਲ ਕਰਦੀਆਂ ਹਨ, ਉਨਾਂ ਲੜਕੇ ਨਹੀਂ। ਸਾਨੂੰ ਲੜਕੇ ਤੇ ਲੜਕੀ ਵਿੱਚ ਕੋਈ ਭੇਦ-ਭਾਵ ਨਹੀਂ ਰੱਖਣਾ ਚਾਹੀਦਾ।