5 Dariya News

ਰਾਜ ਦੇ ਕਿਸਾਨ ਕੀਟਨਾਸ਼ਕਾਂ ਦੀ ਸਹੀ ਅਤੇ ਲੋੜ ਅਨੁਸਾਰ ਵਰਤੋਂ ਕਰਨ: ਤੋਤਾ ਸਿੰਘ

5 Dariya News

ਚੰਡੀਗੜ੍ਹ 11-Sep-2015

ਮੌਸਮ ਦੇ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਉਣੀ ਦੀਆਂ ਫਸਲਾਂ ਉਪਰ ਕੀੜੇ ਅਤੇ ਬੀਮਾਰੀਆਂ ਦਾ ਲਗਾਤਾਰ  ਸਰਵੇਖਣ ਕੀਤਾ ਜਾ ਰਿਹਾ ਹੈ। ਇਹ ਵੇਖਣ ਵਿੱਚ ਆਇਆ ਹੈ ਕਿ ਕਈ ਥਾਂਵਾਂ ਤੇ ਕੀਟ ਨਾਸ਼ਕਾਂ ਦੀ ਬੇਲੋੜੀ ਵਰਤੋਂ ਕੀਤੀ ਜਾ ਰਹੀ ਹੈ।  ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਦੱਸਿਆ ਕਿ ਅੱਜ ਦੇ ਹਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤਾਂ ਦਾ ਲਗਾਤਾਰ ਨਿਰੀਖਣ ਕਰਨਾ ਬਹੁਤ ਜਰੂਰੀ ਹੈ। ਫਸਲਾਂ ਉਪਰ ਕੀਟ ਨਾਸ਼ਕਾਂ ਦੀ ਵਰਤੋਂ ਉਦੋਂ ਹੀ ਕੀਤੀ ਜਾਵੇ ਜਦੋਂ ਕੀੜੇ ਮਕੌੜਿਆਂ ਦਾ ਹਮਲਾ ਮਾਲੀ ਨੁਕਸਾਨ ਕਰਨ ਦੀ ਹੱਦ ਤੱਕ ਪਹੁੰਚ ਜਾਵੇ।  ਇਹ ਧਿਆਨ ਰੱਖਣ ਯੋਗ ਹੈ ਕਿ ਸਿਫਾਰਸ਼ ਕੀਟ ਨਾਸ਼ਕਾਂ ਦੀ ਵਰਤੋਂ ਸਹੀ ਮਾਤਰਾ, ਸਹੀ ਢੰਗ ਨਾਲ ਅਤੇ ਸਹੀ ਸਮੇਂ ਤੇ ਕੀਤੀ ਜਾਵੇ। ਇੱਕੋ ਹੀ ਤਰ੍ਹਾਂ ਦੇ ਕੀਟ ਨਾਸ਼ਕਾਂ ਨੂੰ ਵਾਰ ਵਾਰ ਨਾ ਵਰਤਿਆ ਜਾਵੇ।

ਉਨ੍ਹਾਂ ਦੱਸਿਆ ਕਿ  ਇਸ ਮੌਕੇ ਤੇ ਝੌਨੇ ਉਪਰ ਬੂਟਿਆਂ ਦੇ ਟਿੱਡੇ ਦਾ ਹਮਲਾ ਦੇਖਣ ਵਿੱਚ ਆਇਆ ਹੈ ਜੋ ਕਿ ਆਰਥਿਕ ਨੁਕਸਾਨ  ਕਰਨ ਦੀ ਹੱਦ ਤੋਂ ਘੱਟ ਹੈ। ਇਸ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ। ਇਸ ਵਾਸਤੇ ਇੱਕ ਏਕੜ ਦੇ ਖੇਤ ਵਿੱਚੋ ਝੋਨੇ ਦੇ 12 ਬੂਟਿਆਂ ਦੇ ਮੁੱਢਾਂ ਨੂੰ ਟੇਡਾ ਕਰਕੇ ਦੋ ਤਿੰਨ ਵਾਰ ਝਾੜੋ। ਜੇਕਰ ਪ੍ਰਤੀ ਬੂਟਾ ਪੰਜ ਜਾਂ ਵੱਧ ਟਿੱਡੇ ਪਾਣੀ ਉਪਰ ਤਰਦੇ ਨਜਰ ਆਉਣ ਤਾਂ ਫਸਲ ਉਪਰ ਕੀਟ ਨਾਸ਼ਕ ਦੀ ਵਰਤੋਂ ਕਰੋ। ਬੂਟਿਆਂ ਦੇ ਟਿੱਡਿਆਂ ਦੀ ਰੋਕਥਾਮ ਲਈ 40 ਮਿਲੀ ਲਿਟਰ ਕੋਨਫੀਡੋਰ/ਕਰੋਕੋਡਾਇਲ 17.8 ਐਸ.ਐਲ.  (ਇਮਿਡਾਕਲੋਪਰਿਡ ) ਜਾਂ 800 ਮਿਲੀ ਲਿਟਰ ਏਕਾਲਕਸ/ਕੁਇਨਗਾਰਡ 25 ਈਸੀ (ਕੁਇਨਲਫਾਸ) ਜਾਂ ਇੱਕ ਲਿਟਰ ਕੋਰੋਬਾਨ/ਡਰਸਬਾਨ 20 ਈ ਸੀ (ਕਲੋਰੋਪਾਈਫਾਸ) ਪ੍ਰਤੀ ਏਕੜ ਦੇ ਹਿਸਾਬ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ। ਜੇਕਰ ਲੋੜ ਹੋਵੇ ਤਾਂ ਛਿੜਕਾਅ ਦੁਬਾਰ ਕਰੋ। ਚੰਗੇ ਨਤੀਜਿਆ ਲਈ ਕੀਟਨਾਸ਼ਕ ਦਾ ਛਿੜਕਾਅ ਬੂਟੇ ਦੇ ਮੁੱਢ ਵੱਲ ਕਰਕੇ ਕਰੋ। 

ਉਨ੍ਹਾਂ ਕਿਹਾ ਕਿ ਕੁਝ ਥਾਂਵਾਂ ਤੇ ਝੋਨੇ ਦੇ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਵੀ ਵੇਖਣ ਵਿੱਚ ਆਇਆ ਹੈ। ਇਸ ਦੀ ਰੋਕਥਾਮ ਲਈ ਫੌਲੀਕਰ 25 ਈ ਸੀ (ਟੈਬੂਕੋਨਾਜੋਲ) 200 ਮਿਲੀਲਿਟਰ ਜਾਂ ਲਸਚਰ 37.5 ਐਸ ਈ (ਫਲੂਜਲਾਜੋਲ +ਕਾਰਬੈਡਾਜਿਮ) 320 ਮਿਲੀਲਿਟਰ ਜਾਂ ਟਿਲਟ 25 ਈਸੀ 200 ਮਿਲੀਲਿਟਰ ਜਾਂ ਮੋਨਸਰਨ  250 ਐਸ ਪੀ (ਪੈਨਸਾਈਕੂਰੋਨ) 200 ਮਿਲੀਲਿਟਰ ਜਾਂ ਨਟੀਵੋ 75 ਡਬਲਯੂ ਜੀ 80 ਗ੍ਰਾਮ ਉੱਲੀਨਾਸ਼ਕ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ। ਲੋੜ ਪੈਣ ਤੇ ਦੂਜਾ ਛਿੜਕਾਅ 15 ਦਿਨਾਂ ਦੇ ਵਕਫੇ ਨਾਲ ਕਰੋ।ਉਨ੍ਹਾ ਕਿਹਾ ਕਿ ਬਾਸਮਤੀ ਉਪਰ ਭੁਰੜ ਰੋਗ (ਬਲਾਸਟ) ਵੀ ਵੇਖਣ ਵਿੱਚ ਆਇਆ ਹੈ। 

ਇਸ ਦੀ ਰੋਕਥਾਮ ਲਈ ਟਿਲਟ 25 ਈ ਸੀ 200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਨਰਮੇ ਦੀ ਫਸਲ ਉਪਰ ਚਿੱਟੀ ਮੱਖੀ ਦਾ ਕਾਫੀ ਹਮਲਾ ਦੇਖਣ ਵਿੱਚ ਆਇਆ ਹੈ ਜਿਸ ਦਾ ਨਰਮਾ ਪੱਟੀ ਵਿੱਚ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ। ਚਿੱਟੀ ਮੱਖੀ ਦਾ ਨਰਮੇ ਉਪਰ ਹਮਲਾ ਸਤੰਬਰ ਦੇ ਅਖੀਰ ਤੱਕ ਰਹਿ ਸਕਦਾ ਹੈ। ਇਸ ਦੀ ਸੁਚੱਜੀ ਰੋਕਥਾਮ ਲਈ 200 ਗ੍ਰਾਮ ਪੋਲੋ 50 ਡਬਲਯੂ ਪੀ (ਡਾਇਆਫੈਨਥੂਯੋਨ) ਜਾਂ 200 ਮਿਲੀਲਿਟਰ ਓਬਰੇਨ 240 ਐਸ ਸੀ (ਸਪੈਰੋਮੈਸੀਫਿਨ) ਜਾਂ 600 ਮਿਲੀਲਿਟਰ ਮਾਰਕਟਰਾਈਜੋ/ਸੂਟਾਥੀਆਨ (ਟ੍ਰਾਈਜੋਫਾਸ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵੋਲਥੀਆਨ (ਈਥੀਆਨ) ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।