5 Dariya News

ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵੱਲੋਂ ਪੰਜਾਬ ਦੀਆਂ ਧੀਆਂ ਨੂੰ ਕੌਮੀ ਪੱਧਰ ਤੇ ਮਹਿਲਾ ਸਸ਼ਕਤੀਕਰਨ ਵਿਚ ਯੋਗਦਾਨ ਪਾਉਣ ਦਾ ਸੱਦਾ

ਕੌਮੀ ਕਲਾ ਉਤਸਵ ਦੇਸ਼ ਨੂੰ ਇਕ ਧਾਗੇ ਵਿਚ ਪ੍ਰੋਣ ਵਿਚ ਹੋਵੇਗਾ ਸਹਾਈ ,ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਚਲਾਈ ਸਮਾਜਿਕ ਲੋਕ ਲਹਿਰ ਨੰਨ੍ਹੀ ਛਾਂ ਦੀ ਕੀਤੀ ਸਲਾਘਾ

5 Dariya News

ਬਾਦਲ, ਸ੍ਰੀ ਮੁਕਤਸਰ ਸਾਹਿਬ 07-Sep-2015

ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਸ੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਪੰਜਾਬ ਦੀਆਂ ਧੀਆਂ ਦੇ ਹੁਨਰ ਤੇ ਜਜਬੇ ਦੀ ਸਲਾਘਾ ਕਰਦਿਆਂ ਪੰਜਾਬ ਦੀਆਂ ਧੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਉਂਦਿਆਂ ਕੌਮੀ ਪੱਧਰ ਤੇ ਮਹਿਲਾ ਸਸ਼ਕਤੀਕਰਨ ਵਿਚ ਆਪਣਾ ਯੋਗਦਾਨ ਪਾਉਣ।ਉਹ ਅੱਜ ਇੱਥੇ ਦਸਮੇਸ਼ ਕਾਲਜ ਆਫ ਗਰਲਜ਼ ਵਿਖੇ ਵਿਦਿਆਰਥਣਾਂ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਸੰਬੋਧਨ ਵਿਚ ਸ੍ਰੀਮਤੀ ਇਰਾਨੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਇਸ ਸਾਲ ਦਸੰਬਰ ਵਿਚ ਕੌਮੀ ਕਲਾ ਉਤਸਵ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਵੱਖ ਵੱਖ ਰਾਜਾਂ ਦੇ ਵਿਦਿਆਰਥੀਆਂ ਨੂੰ ਆਪਣੇ ਰਾਜਾਂ ਦੀ ਸੰਸਕ੍ਰਿਤੀ ਅਤੇ ਸਭਿਆਚਾਰ ਦਾ ਕੌਮੀ ਮੰਚ ਤੇ ਪ੍ਰਗਟਾਵਾ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕਲਾ ਉਤਸਵ ਪੂਰੇ ਦੇਸ਼ ਨੂੰ ਇਕ ਸੂਤਰ ਵਿਚ ਪ੍ਰੋਣ ਵਿਚ ਸਹਾਈ ਸਿੱਧ ਹੋਵੇਗਾ ਅਤੇ ਦੇਸ਼ ਦੀ ਸਤਰੰਗੀ ਸਸ਼ਕ੍ਰਿਤੀ ਤੋਂ ਪੂਰੇ ਮੁਲਕ ਦੀ ਨਵੀਂ ਪੀੜੀ ਜਾਣੂ ਹੋ ਸਕੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਅਧਿਆਪਕ ਦਿਵਸ ਦੇ ਸਬੰਧੀ ਆਯੋਜਿਤ ਸਮਾਗਮ ਦੌਰਾਨ ਇਸ ਕਲਾ ਉਤਸਵ ਦਾ ਐਲਾਣ ਕੀਤਾ ਹੈ। 

ਉਨ੍ਹਾਂ ਨੇ ਦਸਮੇਸ਼ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਪੇਸ ਲੋਕਰੰਗ ਗਿੱਧਾ ਅਤੇ ਸ਼ੰਮੀ ਨੂੰ ਦੇਖਣ ਤੋਂ ਬਾਅਦ ਵਿਦਿਆਰਥਣਾਂ ਦੀ ਪ੍ਰਤਿਭਾ ਦੀ ਸਲਾਘਾ ਕਰਦਿਆਂ ਇੰਨ੍ਹਾਂ ਵਿਦਿਆਰਥਣਾਂ ਨੂੰ ਸੱਦਾ ਦਿੱਤਾ ਕਿ ਉਹ ਕੌਮੀ ਕਲਾ ਉਤਸਵ ਵਿਚ ਭਾਗ ਲੈਣ ਵਾਲੇ  ਪੰਜਾਬ ਦੇ ਬੱਚਿਆ ਨੂੰ ਇਸ ਕਾਲਜ ਵੱਲੋਂ ਸਿਖਲਾਈ ਦਿੱਤੀ ਜਾਵੇ ਤਾਂ ਇੰਨ੍ਹਾਂ ਬੱਚਿਆਂ ਵੱਨੋਂ ਨਿਸਚੈ ਹੀ ਪੰਜਾਬ ਦੀ ਸੰਸਕ੍ਰਿਤੀ ਦੇ ਰੰਗਾਂ ਦੀ ਦਿੱਲੀ ਵਿਖੇ ਕੌਮੀ ਮੰਚ ਤੇ ਆਪਣੀ ਸਫਲ ਹਾਜਰੀ ਲਗਵਾਉਣਗੇ। ਉਨ੍ਹਾਂ ਨੇ ਨੌਜਵਾਨ ਪੀੜੀ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਭਿਆਚਾਰ ਤੇ ਵਿਰਾਸਤ ਨਾਲ ਇਸ ਕਲਾ ਉਤਸਵ ਰਾਹੀਂ ਪੂਰੇ ਮੁਲਕ ਨੂੰ ਇਕ ਧਾਗੇ ਵਿਚ ਪ੍ਰੋਣ ਲਈ ਅੱਗੇ ਆਉਣ। ਉਨ੍ਹਾਂ ਨੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੱਲੋਂ 'ਰੁੱਖ ਅਤੇ ਕੁੱਖ' ਦੀ ਰਾਖੀ ਲਈ ਚਲਾਈ ਜਾ ਰਹੀ 'ਨੰਨ੍ਹੀ ਛਾਂ' ਮੁਹਿੰਮ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਇਸ ਵਾਰ ਕੌਮੀ ਕਲਾ ਉਤਸਵ ਦਾ ਥੀਮ ਵੀ 'ਬੇਟੀ ਬਚਾਓ, ਬੇਟੀ ਪੜਾਓ' ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀਮਤੀ ਬਾਦਲ ਵੱਲੋਂ ਚਲਾਈ ਇਹ ਸਮਾਜਿਕ ਲਹਿਰ ਅੱਜ ਪੰਜਾਬ ਵਿਚ ਲਿੰਗ ਅਨੁਪਾਤ ਵਿਚ ਸੁਧਾਰ ਲਈ ਬਹੁਤ ਹੀ ਸਲਾਘਾਯੋਗ ਯੋਗਦਾਨ ਪਾ ਰਹੀ ਹੈ। 

ਇਸ ਮੌਕੇ ਕੇਂਦਰੀ ਮਨੁੱਖੀ ਵਸੀਲਿਆਂ ਵਾਲੇ ਬਾਰੇ ਮੰਤਰੀ ਸ੍ਰੀਮਤੀ ਸਮ੍ਰਿਤੀ ਜੁਬਿਨ ਇਰਾਨੀ ਨੇ ਦਿਹਾਤੀ ਖੇਤਰ ਵਿਚ ਰਾਸ਼ਟਰੀ ਪੱਧਰ ਦੇ ਵਿਦਿਅਕ ਅਦਾਰੇ ਸਥਾਪਿਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਇੱਥੇ ਆ ਕੇ ਬੱਚੀਆਂ ਦੇ ਰੂਬਰੂ ਹੋਣ ਦਾ ਮੌਕੇ ਦੇਣ ਲਈ ਵੀ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦਾ ਹੇਠਲੇ ਪੱਧਰ ਤੱਕ ਪ੍ਰਸਾਰ ਨਾਲ ਹੀ ਦੇਸ਼ ਮਜਬੂਤ ਹੋਵੇਗਾ।ਇਸ ਦੌਰਾਨ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਗਿੱਧੇ ਦੀ ਪੇਸ਼ਕਾਰੀ ਦੌਰਾਨ ਕੇਂਦਰੀ ਮੰਤਰੀ ਸ੍ਰੀਮਤੀ ਸਮ੍ਰਿਤੀ ਇਰਾਨੀ ਅਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪ੍ਰੋਟੋਕਾਲ ਤੋਂ ਬਾਹਰ ਜਾਂਦਿਆਂ ਵਿਦਿਆਰਥਣਾਂ ਨਾਲ 'ਕਿਕਲੀ' ਪਾਂਦਿਆਂ ਵਿਦਿਆਰਥਣਾਂ ਦੀ ਪੇਸ਼ਕਾਰੀ ਦੀ ਹੌਸਲਾਂ ਅਫਜਾਈ ਕੀਤੀ।ਇਸ ਤੋਂ ਪਹਿਲਾਂ ਉਨ੍ਹਾਂ ਨੂੰ ਇੱਥੇ ਪੁੱਜਣ ਤੇ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਉਨ੍ਹਾਂ ਨੂੰ ਨਿੱਘੀ ਜੀ ਆਇਆਂ ਨੂੰ ਕਿਹਾ। 

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ: ਐਸ.ਐਸ. ਸੰਘਾ ਨੇ ਕਾਲਜ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਾਲਜ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਤੇ ਸ੍ਰੀਮਤੀ ਇਰਾਨੀ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ ਗਏ। 

ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਸ: ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਸ: ਜਸਕਿਰਨ ਸਿੰਘ, ਆਈ.ਜੀ. ਸ੍ਰੀ ਬੀ.ਕੇ. ਬਾਵਾ, ਡੀ.ਆਈ.ਜੀ. ਸ੍ਰੀ ਮੁਨੀਸ਼ ਚਾਵਲਾ, ਐਸ.ਐਸ.ਪੀ. ਸ੍ਰੀ ਕੁਲਦੀਪ ਸਿੰਘ ਚਾਹਲ, ਸ: ਹਰਵਿੰਦਰ ਸਿੰਘ ਹਰਵੀ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਲੰਬੀ ਸਕਰਲ ਦੇ ਪ੍ਰਧਾਨ ਸ: ਅਵਤਾਰ ਸਿੰਘ ਵਣਵਾਲਾ, ਸ: ਗੁਰਬਖਸ਼ੀਸ ਸਿੰਘ ਵਿੱਕੀ ਮਿੱਡੁਖੇੜਾ, ਸ: ਪਰਮਿੰਦਰ ਸਿੰਘ ਕੋਲਿਆਂ ਵਾਲੀ, ਚੇਅਰਮੈਨ ਸ: ਕੁਲਵਿੰਦਰ ਸਿੰਘ ਭਾਈਕਾਕੇਰਾ, ਸ੍ਰੀਮਤੀ ਵੀਰਪਾਲ ਕੌਰ ਤਰਮਾਲਾ, ਸ੍ਰੀ ਅਕਾਸ਼ਦੀਪ ਸਿੰਘ ਮਿੱਡੂਖੇੜਾ, ਸ: ਜਸਵਿੰਦਰ ਸਿੰਘ ਧੌਲਾ, ਸ: ਬਿੱਕਰ ਸਿੰਘ ਚਨੂੰ, ਸ: ਮਨਜੀਤ ਲਾਲਬਾਈ, ਸ੍ਰੀ ਪੱਪੀ ਤਰਮਾਲਾ, ਸ੍ਰੀ ਗੋਪੀ ਤਰਮਾਲਾ, ਸ: ਜਸਵੰਤ ਚੌਧਰੀ, ਪ੍ਰਿੰਸੀਪਲ ਸ੍ਰੀਮਤੀ ਜਗਦੀਸ਼ ਕੌਰ ਸਿੱਧੂ, ਪ੍ਰਿੰਸਪਲ ਸ੍ਰੀਮਤੀ ਕੁਲਦੀਪ ਕੌਰ, ਕਰਨਲ ਅਨੰਦ ਸਵਰੂਪ, ਸ੍ਰੀ ਹਰਮੇਸ਼ ਖੁੱਡੀਆ ਆਦਿ ਵੀ ਹਾਜਰ ਸਨ।