5 Dariya News

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵੱਲੋਂ ਸਮਾਜਿਕ ਬੁਰਾਈ ਤੋਂ ਮੁਕਤ ਸਮਾਜ ਸਿਰਜਣ ਦਾ ਸੱਦਾ

ਡੀ. ਏ. ਵੀ. ਪਬਲਿਕ ਸਕੂਲ ਦੇ ਸਮਾਗਮ ਵਿੱਚ ਸ਼ਿਰਕਤ

5 Dariya News (Ajay Pahwa)

ਲੁਧਿਆਣਾ 31-Aug-2015

ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆ ਦੇਵ ਵ੍ਰਤ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਅਜਿਹਾ ਸਮਾਜ ਸਿਰਜਿਆ ਜਾਵੇ ਜਿਸ ਵਿੱਚ ਕੋਈ ਵੀ ਸਮਾਜਿਕ ਬੁਰਾਈ ਨਾ ਹੋਵੇ। ਹਰੇਕ ਤਰ੍ਹਾਂ ਦੀ ਸਿੱਖਿਆ ਦਾ ਪੱਧਰ ਉੱਪਰ ਚੁੱਕਣਾ ਚਾਹੀਦਾ ਹੈ ਅਤੇ ਹਰੇਕ ਅਧਿਆਪਕ ਨੂੰ ਵਿਦਿਆਰਥੀਆਂ ਦੇ ਜੀਵਨ 'ਚ ਸੁਧਾਰ ਲਈ ਹਾਂ ਪੱਖੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ। ਰਾਜਪਾਲ ਅਚਾਰੀਆ ਦੇਵ ਸਥਾਨਕ ਰਣਧੀਰ ਸਿੰਘ ਨਗਰ ਸਥਿਤ ਡੀ. ਏ. ਵੀ. ਪਬਲਿਕ ਸਕੂਲ ਦੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ।ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਚਾਰੀਆ ਦੇਵ ਨੇ ਕਿਤਹਾ ਕਿ ਕਿਸੇ ਵੀ ਵਿਅਕਤੀ ਦੇ ਜੀਵਨ ਵਿੱਚ ਸਿੱਖਿਆ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਵਰਗ ਨਸ਼ਿਆਂ ਵਰਗੀਆਂ ਭੈੜੀਆਂ ਅਲਾਮਤਾਂ ਵਿੱਚ ਫਸਦੇ ਜਾ ਰਹੇ ਹਨ। 

ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਜਿਹੇ ਸਮਾਜ ਦੀ ਸਿਰਜਣਾ ਕੀਤੀ ਜਾਵੇ, ਜਿਥੇ ਕਿ ਕੋਈ ਵੀ ਸਮਾਜਿਕ ਬੁਰਾਈ ਨਾ ਹੋਵੇ।ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕਰਦਿਆਂ ਰਾਜਪਾਲ ਨੇ ਕਿਹਾ ਕਿ ਉਨ੍ਹਾਂ ਨੇ ਵੀ ਆਪਣੇ ਜੀਵਨ ਦੇ 30 ਸਾਲ ਅਧਿਆਪਕ ਵਜੋਂ ਸੇਵਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ 'ਦੇਵ ਭੂਮੀ' ਦੇ ਨਾਮ ਨਾਲ ਜਾਣੇ ਜਾਂਦੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਹੋਣ ਦੇ ਨਾਤੇ ਉਨ੍ਹਾਂ ਦੀ ਕੋਸ਼ਿਸ਼ ਰਹੀ ਹੈ ਕਿ ਸਿਹਤ ਸਹੂਲਤਾਂ ਅਤੇ ਸਿੱਖਿਆ ਦੇ ਪੱਧਰ ਨੂੰ ਉਪਰ ਚੁੱਕਿਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਹਿਮਾਚਲ ਪ੍ਰਦੇਸ਼ ਨੂੰ ਦੇਸ਼ ਦਾ ਇੱਕ ਨੰਬਰ ਦਾ ਸੂਬਾ ਬਣਾਇਆ ਜਾਵੇ।ਇਸ ਮੌਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਨਾਮ ਦੇ ਕੇ ਵੀ ਨਿਵਾਜ਼ਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ, ਬਠਿੰਡਾ ਦੇ ਕੁਲਪਤੀ ਡਾ. ਐੱਸ. ਐੱਸ. ਜੌਹਲ, ਸ੍ਰੀ ਜੇ. ਪੀ. ਸ਼ੂਰ, ਸ਼੍ਰੀਮਤੀ ਪੀ. ਪੀ. ਸ਼ਰਮਾ, ਡਾ. ਬੀ. ਬੀ. ਸ਼ਰਮਾ, ਸ਼੍ਰੀਮਤੀ ਜੇ. ਕੇ. ਸਿੱਧੂ, ਡਾ. ਮੋਹਨ ਲਾਲ ਸ਼ਰਮਾ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।