5 Dariya News

ਜਰਖੜ ਅਕੈਡਮੀ ਨੇ ਹਾਕੀ ਦੇ ਜਾਦੂਗਰ ਧਿਆਨਚੰਦ ਦਾ 110ਵਾਂ ਜਨਮ ਦਿਹਾੜਾ ਮਨਾਇਆ

ਖਿਡਾਰੀਆਂ ਅਤੇ ਮਹਿਮਾਨਾਂ ਨੇ ਧਿਆਨਚੰਦ ਦੇ ਆਦਮਕੱਦ ਬੁੱਤ 'ਤੇ ਕੀਤੇ ਫੁੱਲ ਭੇਂਟ, ਪ੍ਰਦਰਸ਼ਨੀ ਮੈਚ ਪ੍ਰਿਥੀਪਾਲ ਇਲੈਵਨ ਜੇਤੂ

5 Dariya News (Ajay Pahwa)

ਲੁਧਿਆਣਾ 28-Aug-2015

ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ 110ਵਾਂ ਜਨਮ ਦਿਹਾੜਾ ਬਹੁਤ ਹੀ ਸਤਿਕਾਰ ਅਤੇ ਖੇਡ ਭਾਵਨਾ ਨਾਲ ਮਨਾਇਆ। ਇਸ ਮੌਕੇ 'ਤੇ ਜਰਖੜ ਸਟੇਡੀਅਮ ਵਿੱਚ ਸਥਾਪਿਤ ਕੀਤੇ ਮੇਜਰ ਧਿਆਨਚੰਦ ਦੇ ਆਦਮਕੱਦ ਬੁੱਤ ਉਤੇ ਸਮੂਹ ਖਿਡਾਰੀਆਂ ਅਤੇ ਮੁੱਖ ਮਹਿਮਾਨਾਂ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਦੀ ਯਾਦ ਨੂੰ ਸਿਜਦਾ ਕੀਤਾ।ਇਸ ਮੌਕੇ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸਾਦੇ ਸਮਾਗਮ ਦੌਰਾਨ ਮੁੱਖ ਮਹਿਮਾਨ ਸ. ਰਛਪਾਲ ਸਿੰਘ ਪਾਲੀ ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਤੇ ਮੁੱਖ ਮਹਿਮਾਨ ਸਾਬਕਾ ਖੇਡ ਨਿਰਦੇਸ਼ਕ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ, ਉਪ ਜ਼ਿਲਾ ਸਿੱਖਿਆ ਅਫ਼ਸਰ ਅਜੀਤਪਾਲ ਸਿੰਘ, ਉਘੇ ਸਮਾਜ ਸੇਵੀ ਅਰਵਿੰਦਰ ਸਿੰਘ, ਖੇਡ ਲੇਖਕ ਜਗਰੂਪ ਸਿੰਘ ਜਰਖੜ ਅਤੇ ਹੋਰਨਾਂ ਬੁਲਾਰਿਆਂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮੇਜਰ ਧਿਆਨਚੰਦ ਨੂੰ ਯਾਦ ਕਰਦਿਆਂ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਜਿਥੇ ਬੱਚਿਆਂ ਨੂੰ ਉਨ੍ਹਾਂ ਵਰਗੇ ਮਹਾਨ ਖਿਡਾਰੀ ਬਣਨ ਲਈ ਪ੍ਰੇਰਿਤ ਕੀਤਾ ਉਥੇ ਭਾਰਤ ਸਰਕਾਰ ਤੋਂ ਹਾਕੀ ਦੇ ਜਾਦੂਗਰ ਨੂੰ ਭਾਰਤ ਰਤਨ ਐਵਾਰਡ ਦੇਣ ਦੀ ਮੰਗ ਕੀਤੀ। ਇਸ ਮੌਕੇ ਮੇਜਰ ਧਿਆਨਚੰਦ ਦੀ ਯਾਦ ਵਿੱਚ ਹਾਕੀ ਦਾ ਇਕ ਪ੍ਰਦਰਸ਼ਨੀ ਮੈਚ ਖੇਡਿਆ ਗਿਆ। ਜਿਸ ਵਿੱਚ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਇਲੈਵਨ ਨੇ ਜਗਤਾਰ ਇਲੈਵਨ ਜਰਖੜ ਨੂੰ 8-7 ਨਾਲ ਹਰਾਇਆ। ਜਦਕਿ ਅਰਵਿੰਦਰ ਸਿੰਘ ਨੇ ਜਰਖੜ ਅਕੈਡਮੀ ਵਾਸਤੇ 21 ਹਜ਼ਾਰ ਵਿੱਤੀ ਸਹਾਇਤਾ ਵਜੋਂ ਦਿੱਤੇ। ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਸਮੂਹ ਪ੍ਰਬੰਧਕਾਂ ਨੇ ਧਿਆਨ ਚੰਦ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਬੱਚਿਆਂ ਨੂੰ ਲੱਡੂ ਵੰਡੇ।

ਇਸ ਮੌਕੇ ਸਰਪੰਚ ਦਪਿੰਦਰ ਸਿੰਘ ਜਰਖੜ ਅਤੇ ਪ੍ਰਿੰਸੀਪਲ ਹਰਦੇਵ ਸਿੰਘ ਜਰਖੜ ਸਕੂਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਮਹਿਮੂਦਪੁਰਾ, ਪਰਮਜੀਤ ਸਿੰਘ ਨੀਟੂ, ਸਰਪੰਚ ਬਲਜੀਤ ਸਿੰਘ ਗਿੱਲ, ਸੰਦੀਪ ਸਿੰਘ ਪੰਧੇਰ, ਗੁਰਸਤਿੰਦਰ ਸਿੰਘ ਪ੍ਰਗਟ, ਮਾਸਟਰ ਸ਼ਿੰਗਾਰਾ ਸਿੰਘ ਜਰਖੜ, ਸੁਖਜੀਤ ਸਿੰਘ ਦੋਰਾਹਾ, ਤਜਿੰਦਰ ਸਿੰਘ ਜਰਖੜ, ਮਨਮਿੰਦਰ ਸਿੰਘ ਹੈਪੀ, ਪਹਿਲਵਾਨ ਹਰਮੇਲ ਸਿੰਘ ਕਾਲਾ, ਹਰਬੰਸ ਸਿੰਘ ਗਿੱਲ, ਮੈਡਮ ਪਰਮਜੀਤ ਕੌਰ, ਲੈਕਚਰਾਰ ਸੁਖਵਿੰਦਰ ਸਿੰਘ, ਮੈਡਮ ਸੁਰਿੰਦਰ ਕੌਰ, ਲੈਕਚਰਾਰ ਦੇਸ਼ਰਾਜ, ਦਲਵੀਰ ਸਿੰਘ ਜਰਖੜ, ਜਸਮੇਲ ਸਿੰਘ ਨੋਕਵਾਲ, ਬਾਬਾ ਰੁਲਦਾ ਸਿੰਘ, ਕੋਚ ਗੁਰਸਤਿੰਦਰ ਸਿੰਘ ਪ੍ਰਗਟ ਆਦਿ ਸਕੂਲ ਦਾ ਸਮੂਹ ਸਟਾਫ, ਸਕੂਲੀ ਬੱਚੇ ਅਤੇ ਇਲਾਕੇ ਦੇ ਹੋਰ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਿਨ੍ਹਾਂ ਨੇ ਮੇਜਰ ਧਿਆਨਚੰਦ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।