5 Dariya News

ਪੰਜਾਬ ਸਰਕਾਰ ਵੱਲੋਂ ਫੈਕਟਰੀ ਮਾਲਕਾਂ ਨੂੰ ਤਨਖ਼ਾਹ ਚੈੱਕ ਰਾਹੀਂ ਦੇਣ ਦੇ ਫੈਸਲੇ ਨੂੰ ਵਾਪਸ ਲੈਣ ਦਾ ਭਰੋਸਾ

ਕੈਬਨਿਟ ਮੰਤਰੀ ਢਿੱਲੋਂ ਅਤੇ ਸਲਾਹਕਾਰ ਗਰੇਵਾਲ ਦੀ ਅਗਵਾਈ 'ਚ ਵਫਦ ਉੱਪ ਮੁੱਖ ਮੰਤਰੀ ਨੂੰ ਮਿਲਿਆ

5 Dariya News (ਅਜੇ ਪਾਹਵਾ)

ਲੁਧਿਆਣਾ 27-Aug-2015

ਪੰਜਾਬ ਸਰਕਾਰ ਨੇ ਫੈਕਟਰੀ ਮਾਲਕਾਂ ਨੂੰ ਮਾਸਿਕ ਤਨਖਾਹ ਚੈੱਕ ਰਾਹੀਂ ਦੇਣ ਦੇ ਫੈਸਲੇ ਨੂੰ ਪੱਕੇ ਤੌਰ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ। ਇਹ ਭਰੋਸਾ ਪੰਜਾਬ ਦੇ ਉਪ-ਮੁੱਖ ਮੰਤਰੀ  ਸੁਖਬੀਰ ਸਿੰਘ ਬਾਦਲ ਨੇ ਸਨਅਤਕਾਰਾਂ, ਵਪਾਰੀਆਂ ਅਤੇ ਮਜਦੂਰ ਆਗੂਆਂ ਨਾਲ ਮੀਟਿੰਗ ਦੌਰਾਨ ਦਿੱਤਾ। ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ  ਮਹੇਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠ ਮਿਲੇ ਵਫਦ, ਜਿਸ ਵਿੱਚ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ ਦੇ ਪ੍ਰਧਾਨ ਅਵਤਾਰ ਸਿੰਘ, ਪ੍ਰਦੇਸ਼ ਲਘੂ ਉਦਯੋਗ ਸੰਗਠਨ (ਪਲਸ) ਦੇ ਪ੍ਰਧਾਨ ਸ੍ਰ. ਮਨਜੀਤ ਸਿੰਘ ਖਾਲਸਾ, ਸੀਸੂ ਦੇ ਜਨਰਲ ਸਕੱਤਰ ਉਪਕਾਰ ਸਿੰਘ ਆਹੂਜਾ, ਸਿਲਾਈ ਮਸ਼ੀਨ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸ੍ਰ. ਜਗਬੀਰ ਸਿੰਘ ਸੋਖੀ, ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜੋਗਾ ਸਿੰਘ, ਆਲ ਇੰਡੀਆ ਸਾਇਕਲ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਆਰ.ਡੀ.ਸ਼ਰਮਾ, ਪ੍ਰਵਾਸੀ ਮਜ਼ਦੂਰ ਸੰਘ ਦੇ ਸ੍ਰੀ ਰਾਜੇਸ਼ ਮਿਸ਼ਰਾ, ਵਪਾਰੀ ਆਗੂ ਬਾਬਾ ਅਜੀਤ ਸਿੰਘ, ਕੌਂਸਲਰ ਕਮਲਜੀਤ ਸਿੰਘ ਕੜਵਲ, ਜ਼ਿਲ੍ਹਾ ਅਕਾਲੀ ਜੱਥਾ ਲੁਧਿਆਣਾ-2 ਦੇ ਪ੍ਰਧਾਨ ਜੱਥੇਦਾਰ ਹਰਭਜ਼ਨ ਸਿੰਘ ਡੰਗ, ਸ੍ਰ. ਬਲਜਿੰਦਰ ਸਿੰਘ ਪਨੇਸਰ, ਸ੍ਰ. ਜਤਿੰਦਰਪਾਲ ਸਿੰਘ ਸਲੂਜਾ ਸ਼ਾਮਿਲ ਸਨ, ਨੇ ਵਪਾਰੀਆਂ, ਸਨਅਤਕਾਰਾਂ ਅਤੇ ਮਜ਼ਦੂਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਦੱਸਿਆ ਤਾਂ ਉਹਨਾਂ ਨੂੰ ਭਰੋਸਾ ਦਿੱਤਾ ਕਿ ਸਨਅਤਕਾਰਾਂ ਅਤੇ ਹੋਰ ਸੰਬੰਧਤ ਧਿਰਾਂ ਦੇ ਹਿੱਤਾਂ ਨੂੰ ਦੇਖਦਿਆਂ ਇਸ ਫੈਸਲੇ ਨੂੰ ਪੱਕੇ ਤੌਰ 'ਤੇ ਵਾਪਸ ਲੈ ਲਿਆ ਜਾਵੇਗਾ।

ਇਸ ਮੌਕੇ ਵਫਦ ਮੈਂਬਰਾਂ ਨੇ ਛੋਟੀਆਂ ਸਨਅਤਾਂ ਨੂੰ ਵੱਡੀ ਰਾਹਤ ਦੇਣ ਹਿੱਤ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੂੰ ਬੇਨਤੀ ਕੀਤੀ ਕਿ ਸਰਕਾਰ ਦੀ ਉਦਯੋਗਾਂ ਪ੍ਰਤੀ ਸੁਖਾਵੀਂ ਨੀਤੀ 'ਤੇ ਅਮਲ ਕਰਦਿਆਂ ਇਕ ਅਹਾਤੇ, ਵੱਡੀ ਬਿਲਡਿੰਗ ਜਾਂ ਇੱਕੋ ਮਲਕੀਅਤ ਵਾਲੀ ਪ੍ਰਾਪਰਟੀ ਵਿੱਚ ਇੱਕ ਤੋਂ ਵਧੇਰੇ ਉਦਯੋਗ ਚਲਾਉਣ ਲਈ ਇੱਕ ਤੋਂ ਵੱਧ ਬਿਜਲੀ ਕੁਨੈਕਸ਼ਨ ਦੇਣ ਦੀ ਪ੍ਰਵਾਨਗੀ ਤੁਰੰਤ ਜਾਰੀ ਕੀਤੀ ਜਾਵੇ। ਸਨਅਤਕਾਰਾਂ ਨੇ ਸ੍ਰ. ਬਾਦਲ ਨੂੰ ਪਾਵਰ ਕਾਰਪੋਰੇਸ਼ਨ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਪ੍ਰਤੀ ਵੀ ਜਾਣੂ ਕਰਵਾਇਆ।ਵਫਦ ਮੈਂਬਰਾਂ ਨੇ ਲੁਧਿਆਣਾ ਦੇ ਮਿਕਸ ਲੈਂਡ ਇਲਾਕੇ (ਜਿੱਥੇ ਛੋਟੇ ਉਦਯੋਗ ਚੱਲਦੇ ਹਨ) ਵਿੱਚ ਬਿਨ੍ਹਾਂ ਕਿਸੇ ਐਨ.ਓ.ਸੀ. ਤੋਂ ਬਿਜਲੀ ਕੁਨੈਕਸ਼ਨ ਵਧਾਉਣ ਦੇ ਆਦੇਸ਼ ਦੇਣ ਅਤੇ ਨਵੇਂ ਕੁਨੈਕਸ਼ਨਾਂ ਲਈ ਸਥਾਨਕ ਸਰਕਾਰ ਵਿਭਾਗ (ਲੋਕਲ ਬਾਡੀ) ਨੂੰ ਰੁਕਾਵਟਾਂ ਦੂਰ ਕਰਨ ਸੰਬੰਧੀ ਬੇਨਤੀ ਕੀਤੀ। ਸਨਅਤਕਾਰਾਂ ਦੀ ਮੰਗ 'ਤੇ ਉਪ-ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਉਦਯੋਗਿਕ ਉਤਪਾਦਨ ਦੀ ਪ੍ਰਦਰਸ਼ਨੀ ਲਈ ਇੱਕ ਪ੍ਰਦਰਸ਼ਨੀ ਕੇਂਦਰ ਸਥਾਪਤ ਕਰਨ ਲਈ ਸਹਿਮਤੀ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਲੁਧਿਆਣਾ ਦੇ ਫੋਕਲ ਪੁਆਇੰਟ ਜਾਂ ਚੰਡੀਗੜ੍ਹ ਰੋਡ 'ਤੇ ਜ਼ਮੀਨ ਦੀ ਚੋਣ ਕਰਨ ਦੀ ਹਦਾਇਤ ਕੀਤੀ। ਫੋਕਲ ਪੁਆਇੰਟ ਵਿੱਚ ਵੱਧ ਰਹੇ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਦੀ ਜਿੰਮੇਵਾਰੀ ਨਗਰ-ਨਿਗਮ 'ਤੇ ਪਾਂਉਂਦਿਆ ਸ੍ਰ. ਬਾਦਲ ਨੇ ਕਿਹਾ ਕਿ ਉਹ ਸਰਕਾਰੀ ਜ਼ਮੀਨ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਨਜ਼ਾਇਜ਼ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਲੋਂੜੀਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ।